ਨਿੱਝਰ ਮਾਮਲਾ: ਖਾਲਿਸਤਾਨੀਆਂ ਦੇ ਓਸੀਆਈ ਕਾਰਡ ਰੱਦ ਕਰਨ ’ਤੇ ਵਿਚਾਰ

ਨਿੱਝਰ ਮਾਮਲਾ: ਖਾਲਿਸਤਾਨੀਆਂ ਦੇ ਓਸੀਆਈ ਕਾਰਡ ਰੱਦ ਕਰਨ ’ਤੇ ਵਿਚਾਰ

ਕੇਂਦਰ ਸਰਕਾਰ ਨੇ ਵਿਦੇਸ਼ਾਂ ’ਚ ਬੈਠੇ 19 ਜਣਿਆਂ ਦੀ ਸੂਚੀ ਕੀਤੀ ਤਿਆਰ

ਨਵੀਂ ਦਿੱਲੀ-ਭਾਰਤ ਵੱਲੋਂ ਅਤਿਵਾਦੀ ਐਲਾਨੇ ਗਏ ਗੁਰਪਤਵੰਤ ਸਿੰਘ ਪੰਨੂ ਦੀ ਜਾਇਦਾਦ ਐੱਨਆਈਏ ਵੱਲੋਂ ਜ਼ਬਤ ਕੀਤੇ ਜਾਣ ਤੋਂ ਇਕ ਦਿਨ ਬਾਅਦ ਸਰਕਾਰ ਨੇ ਹੁਣ ਏਜੰਸੀਆਂ ਨੂੰ ਅਜਿਹੇ ਹੋਰਾਂ ਦਹਿਸ਼ਤਗਰਦਾਂ ਦੀ ਸੰਪਤੀ ਦੀ ਸ਼ਨਾਖ਼ਤ ਕਰਨ ਲਈ ਕਿਹਾ ਹੈ ਜੋ ਭਾਰਤ ਨੂੰ ਲੋੜੀਂਦੇ ਹਨ ਤੇ ਬਾਹਰਲੇ ਮੁਲਕਾਂ ਵਿਚ ਬੈਠੇ ਹਨ। ਮਾਮਲੇ ਨਾਲ ਜੁੜੇ ਸੂਤਰਾਂ ਮੁਤਾਬਕ ਸਰਕਾਰ ਨੇ ਏਜੰਸੀਆਂ ਨੂੰ ਬਾਹਰ ਬੈਠੇ ਅਜਿਹੇ ਅਨਸਰਾਂ ਦੀ ਜਾਇਦਾਦ ਦੀ ਸੂਚੀ ਬਣਾਉਣ ਲਈ ਕਹਿ ਦਿੱਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਏਜੰਸੀਆਂ ਨੂੰ ਅਮਰੀਕਾ, ਬਰਤਾਨੀਆ, ਕੈਨੇਡਾ ਤੇ ਆਸਟਰੇਲੀਆ ਵਿਚ ਰਹਿ ਰਹੇ ਖਾਲਿਸਤਾਨੀ ਦਹਿਸ਼ਤਗਰਦਾਂ ਦੀ ਸ਼ਨਾਖਤ ਕਰ ਕੇ ਉਨ੍ਹਾਂ ਦੇ ‘ਓਵਰਸੀਜ਼ ਸਿਟੀਜ਼ਨਸ਼ਿਪ ਆਫ ਇੰਡੀਆ’ (ਓਸੀਆਈ) ਕਾਰਡ ਰੱਦ ਕਰਨ ਬਾਰੇ ਕਿਹਾ ਹੈ ਤਾਂ ਕਿ ਉਹ ਭਾਰਤ ਨਾ ਆ ਸਕਣ। ਸੂਤਰਾਂ ਮੁਤਾਬਕ ਇਸ ਕਦਮ ਨਾਲ ਸਰਕਾਰ ਇਨ੍ਹਾਂ ਨੂੰ ਭਾਰਤ ਤੋਂ ਮਿਲਦੀ ਵਿੱਤੀ ਮਦਦ ਬੰਦ ਕਰਨਾ ਚਾਹੁੰਦੀ ਹੈ ਤੇ ਨਾਲ ਹੀ ਇਨ੍ਹਾਂ ਦਾ ਭਾਰਤ ਵਿਚ ਦਾਖਲਾ ਰੋਕਣਾ ਚਾਹੁੰਦੀ ਹੈ। ਸੂਤਰਾਂ ਮੁਤਾਬਕ ਸਰਕਾਰ ਨੇ ਅਮਰੀਕਾ, ਬਰਤਾਨੀਆ, ਕੈਨੇਡਾ, ਯੂਏਈ, ਪਾਕਿਸਤਾਨ ਤੇ ਹੋਰ ਮੁਲਕਾਂ ਵਿਚ ਫਰਾਰ ਹੋਏ 19 ਜਣਿਆਂ ਦੀ ਸੂਚੀ ਤਿਆਰ ਕੀਤੀ ਹੈ। ਇਸ ਵਿਚ ਬਰਤਾਨੀਆ ਬੈਠਾ ਪਰਮਜੀਤ ਸਿੰਘ ਪੰਮਾ, ਪਾਕਿਸਤਾਨ ’ਚ ਬੈਠਾ ਵਧਾਵਾ ਸਿੰਘ ਬੱਬਰ ਉਰਫ਼ ਚਾਚਾ, ਕੁਲਵੰਤ ਸਿੰਘ ਮੁਠੱਡਾ (ਬਰਤਾਨੀਆ), ਜੇਐੱਸ ਧਾਲੀਵਾਲ (ਅਮਰੀਕਾ), ਸੁਖਪਾਲ ਸਿੰਘ (ਬਰਤਾਨੀਆ), ਹਰੀਤ ਸਿੰਘ ਉਰਫ਼ ਰਾਣਾ ਸਿੰਘ (ਅਮਰੀਕਾ), ਸਰਬਜੀਤ ਸਿੰਘ ਬੇਨੂਰ (ਬਰਤਾਨੀਆ), ਕੁਲਵੰਤ ਸਿੰਘ (ਬਰਤਾਨੀਆ), ਹਰਜਾਪ ਸਿੰਘ (ਅਮਰੀਕਾ), ਰਣਜੀਤ ਸਿੰਘ ਨੀਟਾ (ਪਾਕਿਸਤਾਨ), ਗੁਰਮੀਤ ਸਿੰਘ ਉਰਫ਼ ਬੱਗਾ, ਗੁਰਪ੍ਰੀਤ ਸਿੰਘ ਉਰਫ਼ ਬਾਗੀ (ਬਰਤਾਨੀਆ), ਜਸਮੀਨ ਸਿੰਘ ਹਕੀਮਜ਼ਾਦਾ (ਯੂਏਈ), ਗੁਰਜੰਟ ਸਿੰਘ ਢਿੱਲੋਂ (ਆਸਟਰੇਲੀਆ), ਜਸਬੀਰ ਸਿੰਘ ਰੋਡੇ (ਯੂਰਪ ਤੇ ਕੈਨੇਡਾ), ਅਮਰਦੀਪ ਸਿੰਘ ਪੁਰੇਵਾਲ (ਅਮਰੀਕਾ), ਜਤਿੰਦਰ ਸਿੰਘ ਗਰੇਵਾਲ (ਕੈਨੇਡਾ) ਦਪਿੰਦਰ ਜੀਤ (ਬਰਤਾਨੀਆ) ਤੇ ਐੱਸ ਹਿੰਮਤ ਸਿੰਘ (ਅਮਰੀਕਾ) ਸ਼ਾਮਲ ਹਨ।

ਸੂਤਰਾਂ ਮੁਤਾਬਕ ਇਨ੍ਹਾਂ ਦੀ ਸੰਪਤੀ ਯੂਏਪੀਏ ਦੀ ਧਾਰਾ 33(5) ਤਹਿਤ ਜ਼ਬਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਸੁਰੱਖਿਆ ਏਜੰਸੀਆਂ ਨੇ 11 ਜਣਿਆਂ ਦੀ ਸ਼ਨਾਖ਼ਤ ਕੀਤੀ ਸੀ, ਜਿਨ੍ਹਾਂ ਬਾਰੇ ਮੰਨਿਆ ਜਾ ਰਿਹਾ ਸੀ ਕਿ ਇਹ ਗੈਂਗਸਟਰ ਤੇ ਅਤਿਵਾਦੀ ਹਨ, ਤੇ ਇਸ ਵੇਲੇ ਕੈਨੇਡਾ, ਅਮਰੀਕਾ ਤੇ ਪਾਕਿਸਤਾਨ ਵਿਚ ਬੈਠੇ ਹਨ। ਸ਼ੱਕ ਜ਼ਾਹਿਰ ਕੀਤਾ ਗਿਆ ਸੀ ਕਿ ਇਨ੍ਹਾਂ ਵਿਚੋਂ 8 ਜਣੇ ਕੈਨੇਡਾ ਤੋਂ ਸਰਗਰਮੀਆਂ ਕਰ ਰਹੇ ਹਨ।

ਇਸ ਸੂਚੀ ਵਿਚ ਹਰਵਿੰਦਰ ਸੰਧੂ ਉਰਫ਼ ਰਿੰਦਾ (ਪਾਕਿਸਤਾਨ), ਲਖਬੀਰ ਸਿੰਘ ਉਰਫ਼ ਲੰਡਾ, ਸੁਖਦੂਲ ਸਿੰਘ ਉਰਫ਼ ਸੁੱਖਾ ਦੁਨੇਕੇ (ਜੋ ਕਿ ਤਿੰਨ ਦਿਨ ਪਹਿਲਾਂ ਮਾਰਿਆ ਗਿਆ ਸੀ), ਅਰਸ਼ਦੀਪ ਸਿੰਘ ਉਰਫ਼ ਅਰਸ਼ ਡੱਲਾ, ਰਮਨਦੀਪ ਸਿੰਘ ਉਰਫ਼ ਰਮਨ ਜੱਜ, ਚਰਨਜੀਤ ਸਿੰਘ ਉਰਫ਼ ਰਿੰਕੂ ਬੀਹਲਾ, ਸਨਾਵਰ ਢਿੱਲੋਂ ਤੇ ਗੁਰਪਿੰਦਰ ਸਿੰਘ ਉਰਫ਼ ਬਾਬਾ ਡੱਲਾ ਸ਼ਾਮਲ ਹਨ। ਸੂਚੀ ਵਿਚ ਗੈਂਗਸਟਰ-ਦਹਿਸ਼ਤਗਰਦ ਗੌਰਵ ਪਟਿਆਲ ਲੱਕੀ ਤੇ ਅਨਮੋਲ ਬਿਸ਼ਨੋਈ ਦਾ ਨਾਂ ਵੀ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਹ ਅਮਰੀਕਾ ਵਿਚ ਹਨ।

ਸੂਤਰਾਂ ਦਾ ਕਹਿਣਾ ਹੈ ਕਿ ਸਰਕਾਰ ਇਸ ਕਾਰਵਾਈ ਨਾਲ ਭਾਰਤ ਵਿਚ ਇਨ੍ਹਾਂ ਦੀਆਂ ਸਰਗਰਮੀਆਂ ਰੋਕਣਾ ਚਾਹੁੰਦੀ ਹੈ ਤਾਂ ਕਿ ਇਹ ਇੱਥੇ ਹੋਰਾਂ ਨੌਜਵਾਨਾਂ ਨੂੰ ਗੁਮਰਾਹ ਕਰ ਕੇ ਆਪਣੇ ਨਾਲ ਨਾ ਜੋੜ ਸਕਣ, ਤੇ ਨੌਜਵਾਨ ਕੱਟੜਵਾਦ ਦੇ ਰਾਹ ਪੈਣ ਤੋਂ ਬਚ ਸਕਣ। ਸੂਤਰਾਂ ਦਾ ਕਹਿਣਾ ਹੈ ਕਿ ਪੰਨੂ ਕੇਸ ਵਿਚ ਐੱਨਆਈਏ ਦੀ ਜਾਂਚ ’ਚ ਖੁਲਾਸਾ ਹੋਇਆ ਹੈ ਕਿ ‘ਸਿੱਖਸ ਫਾਰ ਜਸਟਿਸ’ ਸੰਗਠਨ ਸਾਈਬਰਸਪੇਸ ਦੀ ਵਰਤੋਂ ਕਰ ਕੇ ਨੌਜਵਾਨਾਂ ਨੂੰ ਕੱਟੜਵਾਦ ਵੱਲ ਤੋਰਨ ਤੇ ਅਪਰਾਧ ਕਰਨ ਲਈ ਭੜਕਾ ਰਿਹਾ ਹੈ। ਦੱਸਣਯੋਗ ਹੈ ਕਿ ‘ਸਿੱਖਸ ਫਾਰ ਜਸਟਿਸ’ ਉਤੇ ਭਾਰਤ ਵਿਚ ਪਾਬੰਦੀ ਹੈ।