ਦਿੱਲੀ ਕਮੇਟੀ ਨੇ ਸਮਾਗਮਾਂ ਬਾਰੇ ਬੀਬੀਆਂ ਕੋਲੋਂ ਸੁਝਾਅ ਲਏ

ਦਿੱਲੀ ਕਮੇਟੀ ਨੇ ਸਮਾਗਮਾਂ ਬਾਰੇ ਬੀਬੀਆਂ ਕੋਲੋਂ ਸੁਝਾਅ ਲਏ

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਸਿੱਖ ਧਰਮ ਦੀਆਂ ਮਾਤਾਵਾਂ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਲਈ ਅੱਜ ਦਿੱਲੀ ਦੇ ਵੱਖ-ਵੱਖ ਇਲਾਕਿਆਂ ਤੋਂ ਆਈਆਂ ਬੀਬੀਆਂ ਨਾਲ ਵਿਚਾਰ-ਚਰਚਾ ਕਰਕੇ ਪ੍ਰੋਗਰਾਮ ਉਲੀਕੇ ਗਏ। ਧਰਮ ਪ੍ਰਚਾਰ ਕਮੇਟੀ ਦੇ ਮੁਖੀ ਜਸਪ੍ਰੀਤ ਸਿੰਘ ਕਰਮਸਰ ਨੇ ਦੱਸਿਆ ਕਿ 3 ਅਕਤੂਬਰ ਤੋਂ 3 ਨਵੰਬਰ ਤੱਕ ਕਰਵਾਏ ਜਾਣ ਵਾਲੇ ਇਨ੍ਹਾਂ ਸਮਾਗਮਾਂ ਦੌਰਾਨ ਮਾਤਾ ਗੁਜਰੀ, ਮਾਤਾ ਸਾਹਿਬ ਕੌਰ ਤੇ ਮਾਤਾ ਸੁੰਦਰੀ ਦੇ ਜੀਵਨ ਬਾਰੇ ਚਰਚਾ ਕੀਤੀ ਜਾਵੇਗੀ। ਵਿਚਾਰ-ਚਰਚਾ ਕੀਤੀ ਜਾਵੇਗੀ ਕਿ ਕਿਵੇਂ ਇਨ੍ਹਾਂ ਮਾਵਾਂ ਨੇ ਆਪਣੇ ਸੂਰਬੀਰ ਪੁੱਤਰਾਂ ਨੂੰ ਜਨਮ ਦੇ ਕੇ ਉਨ੍ਹ੍ਵਾਂ ਦਾ ਪਾਲਣਾ ਪੋਸ਼ਣ ਕੀਤਾ, ਜਿਸਦੀ ਬਦੌਲਤ ਉਹ ਸੂਰਬੀਰ ਯੋਧੇ ਬਣੇ। ਉਨ੍ਹਾਂ ਕਿਹਾ ਕਿ ਇਨ੍ਹਾਂ ਦੇ ਜੀਵਨ ਤੇ ਇਨ੍ਹਾਂ ਵੱਲੋਂ ਦਿੱਤੀ ਸਿੱਖਿਆ ਦੇ ਅਧਿਐਨ ਨਾਲ ਹੀ ਅਸੀਂ ਅਜੋਕੀਆਂ ਮਾਵਾਂ ਨੂੰ ਇਹ ਸਿੱਖਿਆ ਦੇ ਸਕਦੇ ਹਾਂ ਕਿ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਿਵੇਂ ਕਰਨ, ਜਿਸ ਦੀ ਬਦੌਲਤ ਉਨ੍ਹਾਂ ਦੇ ਬੱਚੇ ਵੀ ਸੂਰਬੀਰ ਯੋਧੇ ਬਣਨ ਤੇ ਸਿੱਖੀ ਤੋਂ ਪ੍ਰੇਰਿਤ ਹੋਣ। ਉਨ੍ਹਾਂ ਕਿਹਾ ਕਿ ਇਨ੍ਹਾਂ ਲੜੀਵਾਰ ਸਮਾਗਮਾਂ ਦਾ ਸਿਰਲੇਖ ‘ਤੂੰ ਸਤਵੰਤੀ, ਤੂੰ ਪ੍ਰਧਾਨ’ ਹੋਵੇਗਾ, ਜਿਨ੍ਹਾਂ ਵਿੱਚ ਔਰਤਾਂ ਦੇ ਸਿੱਖ ਇਤਿਹਾਸ ਵਿੱਚ ਯੋਗਦਾਨ ਪਾਉਣ ਤੇ ਔਰਤ ਦੀ ਸਮਾਜ ਤੇ ਧਾਰਮਿਕ ਖੇਤਰ ਵਿੱਚ ਭੂਮਿਕਾ ਨੂੰ ਉਭਾਰਿਆ ਜਾਵੇਗਾ। ਉਨ੍ਹਾਂ ਕਿਹਾ ਕਿ ਅੱਜ ਵੱਡੀ ਗਿਣਤੀ ਵਿੱਚ ਬੀਬੀਆਂ ਨੇ ਮੀਟਿੰਗ ਵਿੱਚ ਸ਼ਿਰਕਤ ਕੀਤੀ ਤੇ ਸਮਾਗਮ ਬਾਰੇ ਆਪਣੇ ਵਿਚਾਰ ਵੀ ਪੇਸ਼ ਕੀਤੇ। ਜਸਪ੍ਰੀਤ ਸਿੰਘ ਕਰਮਸਰ ਨੇ ਕਿਹਾ ਕਿ ਸਮਾਪਤੀ ਸਾਮਗਮ ਮਾਤਾ ਸੁੰਦਰੀ (ਆਈਟੀਓ ਨੇੜੇ) ਕਰਵਾਇਆ ਜਾਵੇਗਾ।