ਗਤਕਾ ਕੱਪ: ਫਰੀ ਸੋਟੀ ਮੁਕਾਬਲੇ ’ਚ ਬਾਬਾ ਬਿਧੀ ਚੰਦ ਅਖਾੜਾ ਜੇਤੂ

ਗਤਕਾ ਕੱਪ: ਫਰੀ ਸੋਟੀ ਮੁਕਾਬਲੇ ’ਚ ਬਾਬਾ ਬਿਧੀ ਚੰਦ ਅਖਾੜਾ ਜੇਤੂ

ਖੇਡਾਂ ਨੂੰ ਹੋਰ ਪ੍ਰਫੁੱਲਿਤ ਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰੇਗੀ ਸਰਕਾਰ: ਸ਼ੈਰੀ ਕਲਸੀ
ਬਟਾਲਾ- ਗੁਰੂ ਨਾਨਕ ਦੇਵ ਜੀ ਅਤੇ ਮਾਤਾ ਸੁਲੱਖਣੀ ਦੇ ਵਿਆਹ ਪੁਰਬ ਮੌਕੇ ਗਤਕਾ ਫੈਡਰੇਸ਼ਨ ਆਫ ਇੰਡੀਆ ਅਤੇ ਪੰਜਾਬ ਗਤਕਾ ਐਸੋਸੀਏਸ਼ਨ ਦੀ ਅਗਵਾਈ ਹੇਠ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਵਿਰਸਾ ਸੰਭਾਲ ਗਤਕਾ ਕੱਪ 2023 ਕਰਵਾਇਆ ਗਿਆ। ਸਥਾਨਕ ਸ਼ਿਵ ਬਟਾਲਵੀ ਸੱਭਿਆਚਾਰਕ ਕੇਂਦਰ ਬਟਾਲਾ ’ਚ ਹੋਏ ਮੁਕਾਬਲਿਆਂ ’ਚ ਪੰਜਾਬ ਭਰ ਤੋਂ ਵੱਖ-ਵੱਖ ਗਤਕਾ ਟੀਮਾਂ ਨੇ ਹਿੱਸਾ ਲਿਆ ਜਿਸ ਦੌਰਾਨ ਫਰੀ ਸੋਟੀ ਮੁਕਾਬਲੇ ਦੇ ਫਾਈਨਲ ਵਿੱਚ ਬਾਬਾ ਬਿਧੀ ਚੰਦ ਗਤਕਾ ਅਖਾੜਾ (ਸਿੱਖ ਮਾਰਸ਼ਲ ਆਰਟ ਵੱਲਾ), ਅੰਮ੍ਰਿਤਸਰ ਦੀ ਟੀਮ ਜੇਤੂ ਰਹੀ।

ਮੁੱਖ ਮਹਿਮਾਨ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਕਿਹਾ ਕਿ ਖੇਡਾਂ ਪ੍ਰਫੁੱਲਿਤ ਅਤੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਵੱਲੋਂ ਹੋਰ ਉਪਰਾਲੇ ਕੀਤੇ ਜਾਣਗੇ। ਸਿੱਖ ਕੌਮ ਦੇ ਅਮੀਰ ਵਿਰਸੇ ਨੂੰ ਪ੍ਰਫੁੱਲਿਤ ਕਰਨ ਲਈ ਸੰਸਥਾ ਦੁਆਰਾ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਗਤਕਾ ਟੀਮਾਂ ਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ। ਐਸੋਸੀਏਸ਼ਨ ਪ੍ਰਧਾਨ ਕਮ ਚੇਅਰਮੈਨ ਰਵਿੰਦਰ ਸਿੰਘ ਮਠਾੜੂ ਨੇ ਦੱਸਿਆ ਕਿ ਮੁਕਾਬਲਿਆਂ ’ਚ ਬਾਬਾ ਬੰਦਾ ਸਿੰਘ ਬਹਾਦਰ ਗਤਕਾ ਅਖਾੜਾ ਲੁਧਿਆਣਾ ਦੂਜੇ ਅਤੇ ਬਾਬਾ ਬਘੇਲ ਸਿੰਘ ਗਤਕਾ ਅਖਾੜਾ ਅੰਮ੍ਰਿਤਸਰ ਤੀਸਰੇ ਸਥਾਨ ’ਤੇ ਰਹੀ। ਉਨ੍ਹਾਂ ਦੱਸਿਆ ਕਿ ਵਿਧਾਇਕ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਜੇਤੂ ਗਤਕਾ ਖਿਡਾਰੀਆਂ ਅਤੇ ਟੀਮਾਂ ਨੂੰ ਵਿਰਸਾ ਸੰਭਾਲ ਜੇਤੂ ਕੱਪ, ਗੋਲਡ ਮੈਡਲ ਅਤੇ ਨਗਦ ਇਨਾਮ ਦੇ ਕੇ ਸਨਮਾਨਿਤ ਕੀਤਾ। ਪ੍ਰੈੱਸ ਕਲੱਬ ਬਟਾਲਾ ਦੇ ਪ੍ਰਧਾਨ ਰਜਿੰਦਰਪਾਲ ਸਿੰਘ ਧਾਲੀਵਾਲ ਕਿਹਾ ਕਿ ਜ਼ਿਲ੍ਹਾ ਗਤਕਾ ਐਸੋਸੀਏਸ਼ਨ ਗੁਰਦਾਸਪੁਰ ਵੱਲੋਂ ਆਪਣੇ ਅਮੀਰ ਧਾਰਮਿਕ ਵਿਰਸੇ ਨੂੰ ਸੰਭਾਲਣ ਅਤੇ ਨੌਜਵਾਨਾਂ ਤੋਂ ਇਲਾਵਾ ਬੱਚਿਆਂ ਨੂੰ ਗਤਕੇ ਨਾਲ ਜੋੜਨਾ ਸ਼ਲਾਘਾਯੋਗ ਉਪਰਾਲਾ ਹੈ। ਇਸ ਮੌਕੇ ਹਲਕਾ ਕਾਦੀਆਂ ਦੇ ਅਕਾਲੀ ਦਲ ਦੇ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਸੁਖਤੇਜਾ, ਸਮਾਜ ਸੇਵੀ ਸ਼ਖ਼ਸੀਅਤ ਬਲਜੀਤ ਸਿੰਘ ਉਗਰੇਵਾਲ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਨਰੇਸ਼ ਗੋਇਲ, ਚੇਅਰਮੈਨ ਬਲਵਿੰਦਰ ਸਿੰਘ ਸ਼ਾਹ, ਸਮਾਜ ਸੇਵੀ ਸ਼ਖ਼ਸੀਅਤ ਨਵਤੇਜ ਸਿੰਘ ਗੁੱਗੂ, ਡੀਪੀਆਰਓ ਹਰਜਿੰਦਰ ਸਿੰਘ ਕਲਸੀ, ਨੈਸ਼ਨਲ ਐਵਾਰਡੀ ਸਰਪੰਚ ਪੰਥਦੀਪ ਸਿੰਘ ਛੀਨਾ ਆਦਿ ਹਾਜ਼ਰ ਸਨ।