ਇਕੱਠਿਆਂ ਚੋਣਾਂ ਕਰਾਉਣ ਬਾਰੇ ਸਿਆਸੀ ਪਾਰਟੀਆਂ ਤੋਂ ਸੁਝਾਅ ਮੰਗੇਗੀ ਕਮੇਟੀ

ਇਕੱਠਿਆਂ ਚੋਣਾਂ ਕਰਾਉਣ ਬਾਰੇ ਸਿਆਸੀ ਪਾਰਟੀਆਂ ਤੋਂ ਸੁਝਾਅ ਮੰਗੇਗੀ ਕਮੇਟੀ

ਨਵੀਂ ਦਿੱਲੀ- ਦੇਸ਼ ਵਿਚ ਲੋਕ ਸਭਾ, ਵਿਧਾਨ ਸਭਾਵਾਂ ਤੇ ਨਿਗਮ ਚੋਣਾਂ ਇਕੱਠਿਆਂ ਕਰਵਾਉਣ ਦੀ ਸੰਭਾਵਨਾ ਦਾ ਪਤਾ ਲਾਉਣ ਲਈ ਸਾਬਕਾ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਪ੍ਰਧਾਨਗੀ ਵਿਚ ਗਠਿਤ ਉੱਚ ਪੱਧਰੀ ਕਮੇਟੀ ਨੇ ਅੱਜ ਇੱਥੇ ਆਪਣੀ ਪਹਿਲੀ ਬੈਠਕ ਕੀਤੀ ਤੇ ਇਸ ਮੁੱਦੇ ਉਤੇ ਸੁਝਾਅ ਦੇਣ ਲਈ ਸਿਆਸੀ ਪਾਰਟੀਆਂ ਤੇ ਲਾਅ ਕਮਿਸ਼ਨ ਨੂੰ ਸੱਦਾ ਭੇਜਣ ਦਾ ਫ਼ੈਸਲਾ ਕੀਤਾ ਗਿਆ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ, ਰਾਜ ਸਭਾ ਵਿਚ ਵਿਰੋਧੀ ਧਿਰ ਦੇ ਸਾਬਕਾ ਆਗੂ ਗ਼ੁਲਾਮ ਨਬੀ ਆਜ਼ਾਦ, ਵਿੱਤ ਕਮਿਸ਼ਨ ਦੇ ਸਾਬਕਾ ਚੇਅਰਮੈਨ ਐੱਨ.ਕੇ. ਸਿੰਘ, ਲੋਕ ਸਭਾ ਦੇ ਸਾਬਕਾ ਸਕੱਤਰ ਜਨਰਲ ਸੁਭਾਸ਼ ਸੀ ਕਸ਼ਿਅਪ ਤੇ ਸਾਬਕਾ ਵਿਜੀਲੈਂਸ ਕਮਿਸ਼ਨਰ ਸੰਜੈ ਕੋਠਾਰੀ ਬੈਠਕ ਵਿਚ ਮੌਜੂਦ ਸਨ। ਬਿਆਨ ਵਿਚ ਕਿਹਾ ਗਿਆ ਹੈ ਕਿ ਕਮੇਟੀ ਨੇ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ, ਰਾਜਾਂ ਵਿਚ ਸੱਤਾਧਾਰੀ ਦਲਾਂ, ਸੰਸਦ ਵਿਚ ਨੁਮਾਇੰਦਗੀ ਵਾਲੀਆਂ ਪਾਰਟੀਆਂ, ਹੋਰ ਮਾਨਤਾ ਪ੍ਰਾਪਤ ਖੇਤਰੀ ਦਲਾਂ ਨੂੰ ‘ਦੇਸ਼ ਵਿਚ ਇਕੱਠਿਆਂ ਚੋਣਾਂ ਕਰਾਉਣ ਦੇ ਮੁੱਦੇ ਉਤੇ ਸੁਝਾਅ/ਰਾਇ ਦੇਣ ਲਈ ‘ਸੱਦਾ ਭੇਜਣ ਦਾ ਫ਼ੈਸਲਾ ਲਿਆ ਹੈ’। ਕਾਨੂੰਨ ਮੰਤਰਾਲੇ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਤੋਂ ਇਲਾਵਾ, ਕਮੇਟੀ ਇਕੱਠਿਆਂ ਚੋਣਾਂ ਕਰਾਉਣ ਦੇ ਮੁੱਦੇ ਉਤੇ ਸੁਝਾਅ ਦੇਣ ਲਈ ਲਾਅ ਕਮਿਸ਼ਨ ਨੂੰ ਵੀ ਸੱਦਾ ਭੇਜੇਗੀ। ਸੀਨੀਅਰ ਵਕੀਲ ਹਰੀਸ਼ ਸਾਲਵੇ ਆਨਲਾਈਨ ਤਰੀਕੇ ਨਾਲ ਬੈਠਕ ਵਿਚ ਸ਼ਾਮਲ ਹੋਏ। ਬਿਆਨ ਵਿਚ ਕਿਹਾ ਗਿਆ ਹੈ ਕਿ ਲੋਕ ਸਭਾ ਵਿਚ ਕਾਂਗਰਸ ਨੇਤਾ ਅਧੀਰ ਰੰਜਨ ਚੌਧਰੀ ਬੈਠਕ ਵਿਚ ਮੌਜੂਦ ਨਹੀਂ ਸਨ।