ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਦਾ ਸਿਹਰਾ ਔਰਤਾਂ ਨੂੰ: ਮੋਦੀ

ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਦਾ ਸਿਹਰਾ ਔਰਤਾਂ ਨੂੰ: ਮੋਦੀ

ਇਤਿਹਾਸ ਦੇ ਹਰੇਕ ਦੌਰ ਵਿੱਚ ਮਹਿਲਾਵਾਂ ਨੇ ਆਪਣੀ ਤਾਕਤ ਦਾ ਲੋਹਾ ਮਨਵਾਇਆ
ਵਾਰਾਣਸੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਦਾ ਸਿਹਰਾ ਅੱਜ ਦੇਸ਼ ਦੀਆਂ ਔਰਤਾਂ ਨੂੰ ਦਿੰਦਿਆਂ ਕਿਹਾ ਕਿ ਇਤਿਹਾਸ ਦੇ ਹਰੇਕ ਦੌਰ ਵਿੱਚ ਮਹਿਲਾਵਾਂ ਨੇ ਅਗਵਾਈ ਨਾਲ ਆਪਣੀ ਤਾਕਤ ਨੂੰ ਸਿੱਧ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਆਪਣੇ ਸੰਸਦੀ ਹਲਕੇ ਵਾਰਾਣਸੀ ਵਿੱਚ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਵਿੱਚ ਕਰਵਾਏ ‘ਨਾਰੀ ਸ਼ਕਤੀ ਵੰਦਨ ਸਮਾਰੋਹ’ ਨੂੰ ਸੰਬੋਧਨ ਕਰ ਰਹੇ ਸਨ। ਔਰਤਾਂ ਨੇ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ’ਤੇ ਇੱਥੇ ਮੋਦੀ ’ਤੇ ਫੁੱਲਾਂ ਦੀ ਵਰਖਾ ਵੀ ਕੀਤੀ। ‘ਨਾਰੀ ਸ਼ਕਤੀ ਵੰਦਨ ਬਿੱਲ’ ਨੂੰ ਹਾਲ ਹੀ ਵਿੱਚ ਮਿਲੀ ਸੰਸਦ ਦੀ ਮਨਜ਼ੂਰੀ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਔਰਤਾਂ ਦੀ ਅਗਵਾਈ ਬਾਕੀ ਦੁਨੀਆਂ ਲਈ ਆਧੁਨਿਕ ਹੋ ਸਕਦੀ ਹੈ, ਪਰ ਅਸੀਂ ਮਹਾਦੇਵ ਤੋਂ ਪਹਿਲਾਂ ਤੋਂ ਮਾਂ ਪਾਰਵਤੀ ਅਤੇ ਗੰਗਾ ਦੀ ਪੂਜਾ ਕਰਨ ਵਾਲੇ ਲੋਕ ਹਾਂ।’’ ਇਸ ਸਮਾਰੋਹ ਵਿੱਚ ਮੋਦੀ ਨਾਲ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ।

ਮੋਦੀ ਨੇ ਕਿਹਾ, ‘‘ਸਾਡੀ ਕਾਸ਼ੀ ਰਾਣੀ ਲਕਸ਼ਮੀਬਾਈ ਵਰਗੀਆਂ ਬਹਾਦਰ ਔਰਤਾਂ ਦੀ ਜਨਮਭੂਮੀ ਵੀ ਹੈ। ਆਜ਼ਾਦੀ ਦੀ ਲੜਾਈ ਦੌਰਾਨ ਲਕਸ਼ਮੀਬਾਈ ਵਰਗੀਆਂ ਬਹਾਦਰ ਔਰਤਾਂ ਤੋਂ ਲੈ ਕੇ ਆਧੁਨਿਕ ਭਾਰਤ ਦੇ ਮਿਸ਼ਨ ਚੰਦਰਯਾਨ ਤੱਕ, ਅਸੀਂ ਹਰੇਕ ਦੌਰ ਵਿੱਚ ਮਹਿਲਾ ਲੀਡਰਸ਼ਿਪ ਦੀ ਤਾਕਤ ਨੂੰ ਸਿੱਧ ਕੀਤਾ ਹੈ।’’ ਉਨ੍ਹਾਂ ਕਿਹਾ, ‘‘ਨਾਰੀ ਸ਼ਕਤੀ ਵੰਦਨ ਬਿੱਲ ਦੀ ਹੀ ਉਦਾਹਰਨ ਲੈ ਲਵੋ। ਇਹ ਕਾਨੂੰਨ ਤਿੰਨ ਦਹਾਕਿਆਂ ਤੋਂ ਲਟਕਦਾ ਆ ਰਿਹਾ ਸੀ। ਪਰ ੲਿਹ ਤੁਹਾਡੀ ਹੀ ਤਾਕਤ ਹੈ ਕਿ ਜਿਹੜੀਆਂ ਪਾਰਟੀਆਂ ਪਹਿਲਾਂ ਇਸ ਦਾ ਵਿਰੋਧ ਕਰਦੀਆਂ ਨਹੀਂ ਸਨ ਥੱਕਦੀਆਂ, ਅੱਜ ਉਨ੍ਹਾਂ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚ ਇਸ ਦਾ ਸਮਰਥਨ ਕੀਤਾ ਹੈ।’’ ਇਸ ਦਾ ਸਿਹਰਾ ਔਰਤਾਂ ਨੂੰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਕਿਉਂਕਿ ਤੁਸੀਂ ਮਾਵਾਂ-ਭੈਣਾਂ ਜਾਗਰੂਕ ਅਤੇ ਇਕਜੁੱਟ ਹੋ ਗਈਆਂ ਹੋ। ਭਾਰਤ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਡਰੀਆਂ ਹੋਈਆਂ ਹਨ ਅਤੇ ਕੰਬ ਰਹੀਆਂ ਹਨ ਕਿ ਇਹ ਬਿੱਲ ਪਾਸ ਕਿਉਂ ਹੋ ਗਿਆ-ਇਹ ਤੁਹਾਡੀ ਤਾਕਤ ਹੈ।’’ ਮੋਦੀ ਨੇ ਆਸ ਪ੍ਰਗਟਾਈ ਕਿ ਇਹ ਕਾਨੂੰਨ ਭਾਰਤ ਵਿੱਚ ਔਰਤਾਂ ਦੇ ਵਿਕਾਸ ਦੇ ਨਵੇਂ ਦਰ ਖੋਲ੍ਹੇਗਾ। ਇਸੇ ਤਰ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉੱਤਰ ਪ੍ਰਦੇਸ਼ ਵਿੱਚ ਲੋੜਵੰਦ ਬੱਚਿਆਂ ਲਈ ਖੋਲ੍ਹੇ ਗਏ 16 ਰਿਹਾਇਸ਼ੀ ਸਕੂਲਾਂ ਦਾ ਉਦਘਾਟਨ ਕੀਤਾ। ਇਸ ’ਤੇ ਲਗਪਗ 1115 ਕਰੋੜ ਰੁਪਏ ਖਰਚ ਹੋਏ ਹਨ। ੲਿਹ ਸਕੂਲ (ਅਟਲ ਅਵਾਸਿਆ ਵਿਦਿਆਲਿਆਜ਼) ਮਜ਼ਦੂਰਾਂ, ਉਸਾਰੀ ਕਾਮਿਆਂ ਅਤੇ ਕਰੋਨਾ ਮਹਾਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਖੋਲ੍ਹੇ ਗਏ ਹਨ। ਇਹ ਸਕੂਲ ਦੇਸ਼ ਨੂੰ ਸਮਰਪਿਤ ਕਰਨ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਕੁੱਝ ਬੱਚਿਆਂ ਨਾਲ ਵੀ ਗੱਲਬਾਤ ਕੀਤੀ।