ਸਥਿਰ ਤੇ ਮਜ਼ਬੂੁਤ ਸਰਕਾਰ ਸਦਕਾ ਪਾਸ ਹੋ ਸਕਿਆ ਮਹਿਲਾ ਰਾਖਵਾਂਕਰਨ ਬਿੱਲ: ਮੋਦੀ

ਸਥਿਰ ਤੇ ਮਜ਼ਬੂੁਤ ਸਰਕਾਰ ਸਦਕਾ ਪਾਸ ਹੋ ਸਕਿਆ ਮਹਿਲਾ ਰਾਖਵਾਂਕਰਨ ਬਿੱਲ: ਮੋਦੀ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਕਿਹਾ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ 33 ਫ਼ੀਸਦੀ ਰਾਖਵਾਂਕਰਨ ਸੁਰੱਖਿਅਤ ਕਰਨ ਵਾਲਾ 128ਵਾਂ ਸੰਵਿਧਾਨ ਸੋਧ ਬਿੱਲ ਸੰਸਦ ਵਿੱਚ ਇਸ ਲਈ ਪਾਸ ਹੋ ਸਕਿਆ ਕਿਉਂਕਿ ਅੱਜ ਕੇਂਦਰ ਵਿੱਚ ਇੱਕ ਸਥਿਰ ਅਤੇ ਮਜ਼ਬੂਤ ਸਰਕਾਰ ਹੈ, ਜਿਸ ਕੋਲ ਭਾਰੀ ਬਹੁਮਤ ਹੈ। ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ’ਤੇ ਭਾਜਪਾ ਦੇ ਮਹਿਲਾ ਮੋਰਚੇ ਵੱਲੋਂ ਕਰਵਾਏ ਗਏ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਕਿਹਾ ਕਿ ਇਹ ਬਿੱਲ ਕੋਈ ਆਮ ਕਾਨੂੰਨ ਨਹੀਂ ਹੈ ਬਲਕਿ ਭਾਰਤ ਦੀ ਨਵੀਂ ਜਮਹੂਰੀ ਪ੍ਰਤੀਬੱਧਤਾ ਦਾ ਐਲਾਨ ਹੈ। ਉਨ੍ਹਾਂ ਕਿਹਾ, ‘‘ਨਾਰੀ ਸ਼ਕਤੀ ਬਿੱਲ ਦਾ ਦੋਵਾਂ ਸਦਨਾਂ ਵਿੱਚ ਪਾਸ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਜਦੋਂ ਭਾਰੀ ਬਹੁਮਤ ਵਾਲੀ ਸਥਿਰ ਸਰਕਾਰ ਹੁੰਦੀ ਹੈ ਤਾਂ ਦੇਸ਼ ਕਿਵੇਂ ਵੱਡੇ ਫ਼ੈਸਲੇ ਲੈਂਦਾ ਹੈ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਕਿਸੇ ਦੇ ਸਿਆਸੀ ਸੁਆਰਥ ਨੂੰ ਮਹਿਲਾ ਰਾਖਵਾਂਕਰਨ ਦੇ ਰਾਹ ਵਿੱਚ ਰੋੜਾ ਨਹੀਂ ਬਣਨ ਦਿੱਤਾ। ਉਨ੍ਹਾਂ ਕਿਹਾ, ‘‘ਇਸ ਤੋਂ ਪਹਿਲਾਂ ਜਦੋਂ ਵੀ ਬਿੱਲ ਸੰਸਦ ਵਿੱਚ ਆਇਆ, ਅਕਸਰ ਹੰਗਾਮਾ ਹੋਇਆ ਪਰ ਅੱਜ ਜਦੋਂ ਪੂਰੇ ਦੇਸ਼ ਵਿੱਚ ਬਹੁਮਤ ਵਾਲੀ ਸਥਿਰ ਸਰਕਾਰ ਹੈ ਤਾਂ ਮਹਿਲਾ ਰਾਖਵਾਂਕਰਨ ਬਿੱਲ ਇੱਕ ਸੱਚਾਈ ਬਣ ਗਿਆ ਹੈ।’’ ਮੋਦੀ ਨੇ ਕਿਹਾ ਕਿ ਲੋਕ ਸਭਾ ਅਤੇ ਵਿਧਾਨ ਸਭਾਵਾਂ ਵਿੱਚ ਮਹਿਲਾਵਾਂ ਲਈ ਰਾਖਵੇਂਕਰਨ ਦੀ ਗੱਲ ਕਰੀਬ ਤਿੰਨ ਦਹਾਕਿਆਂ ਤੋਂ ਕੀਤੀ ਜਾ ਰਹੀ ਸੀ ਪਰ ਪਹਿਲਾਂ ਦੀਆਂ ਕੋਸ਼ਿਸ਼ਾਂ ਵਿੱਚ ਵਚਨਬੱਧਤਾ ਦੀ ਘਾਟ ਸੀ।