ਤਿੰਨ ਨਸ਼ਾ ਤਸਕਰਾਂ ਦੀ 77 ਲੱਖ ਦੀ ਜਾਇਦਾਦ ਜ਼ਬਤ

ਤਿੰਨ ਨਸ਼ਾ ਤਸਕਰਾਂ ਦੀ 77 ਲੱਖ ਦੀ ਜਾਇਦਾਦ ਜ਼ਬਤ

ਸੰਗਰੂਰ- ਸੰਗਰੂਰ ਜ਼ਿਲ੍ਹਾ ਪੁਲੀਸ ਵੱਲੋਂ ਤਿੰਨ ਨਸ਼ਾ ਤਸਕਰਾਂ ਦੀ ਨਸ਼ੇ ਦੇ ਕਾਰੋਬਾਰ ਨਾਲ ਬਣਾਈ ਕਰੀਬ 77 ਲੱਖ ਰੁਪਏ ਕੀਮਤ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਜ਼ਿਲ੍ਹਾ ਪੁਲੀਸ ਵੱਲੋਂ ਹੁਣ ਤੱਕ ਕੁੱਲ ਛੇ ਨਸ਼ਾ ਤਸਕਰਾਂ ਦੀ ਕਰੀਬ 1.75 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕੀਤੀ ਜਾ ਚੁੱਕੀ ਹੈ।

ਜ਼ਿਲ੍ਹਾ ਪੁਲੀਸ ਮੁਖੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਜ਼ਿਲ੍ਹਾ ਪੁਲੀਸ ਵੱਲੋਂ ਐੱਨਡੀਪੀਐੱਸ ਐਕਟ ਦੇ ਮਾਮਲਿਆਂ ਦੇ ਤਿੰਨ ਮੁਲਜ਼ਮਾਂ ਵੱਲੋਂ ਨਸ਼ਾ ਤਸਕਰੀ ਤੋਂ ਬਣਾਈ ਕਰੀਬ 77 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਐੱਨਡੀਪੀਐੱਸ ਐਕਟ ਦੇ ਕੇਸਾਂ ਵਿੱਚ ੲਿਸ ਐਕਟ ਦੀ ਧਾਰਾ 68-ਐੱਫ ਤਹਿਤ ਬਲਜੀਤ ਕੌਰ ਵਾਸੀ ਚੌਵਾਸ ਜਖੇਪਲ, ਅਮਰੀਕ ਸਿੰਘ ਉਰਫ਼ ਮੀਤਾ ਵਾਸੀ ਕਾਤਰੋਂ ਅਤੇ ਗੁਰਵਿੰਦਰ ਸਿੰਘ ਵਾਸੀ ਪੁੰਨਾਂਵਾਲ ਦੀ ਕਰੀਬ 77 ਲੱਖ ਰੁਪਏ ਦੀ ਜਾਇਦਾਦ ਜ਼ਬਤ ਕਰਵਾਈ ਗਈ ਹੈ ਜੋ ਕਿ ਇਨ੍ਹਾਂ ਨੇ ਨਸ਼ਿਆਂ ਦੇ ਕਾਰੋਬਾਰ ਨਾਲ ਬਣਾਈ ਸੀ। ਜ਼ਬਤ ਕੀਤੀ ਗਈ ਜਾਇਦਾਦ ਵਿੱਚ ਬਲਜੀਤ ਕੌਰ ਦਾ 40.12 ਲੱਖ ਰੁਪਏ ਕੀਮਤ ਦਾ ਮਕਾਨ, ਅਮਰੀਕ ਸਿੰਘ ਉਰਫ਼ ਮੀਤਾ ਦਾ 26 ਲੱਖ ਰੁਪਏ ਦੀ ਕੀਮਤ ਦਾ ਮਕਾਨ ਅਤੇ ਗੁਰਵਿੰਦਰ ਸਿੰਘ ਦਾ 10.61 ਲੱਖ ਰੁਪਏ ਦੀ ਕੀਮਤ ਦਾ ਮਕਾਨ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਜ਼ਿਲ੍ਹਾ ਸੰਗਰੂਰ ਦੀ ਪੁਲੀਸ ਵੱਲੋਂ ਤਿੰਨ ਹੋਰ ਨਸ਼ਾ ਤਸਕਰਾਂ ਦੀ ਕਰੀਬ ਇਕ ਕਰੋੜ ਰੁਪਏ ਮੁੱਲ ਦੀ ਜਾਇਦਾਦ ਜ਼ਬਤ ਕਰਵਾਈ ਗਈ ਸੀ ਜਿਨ੍ਹਾਂ ਵਿੱਚ ਸੰਤਰੂਪ ਸਿੰਘ ਵਾਸੀ ਗੰਢੂਆਂ ਦੀ 23 ਕਨਾਲ ਜ਼ਮੀਨ, ਬਾਰੂ ਸ਼ਰਮਾ ਉਰਫ਼ ਬੀਰਬਲ ਵਾਸੀ ਹਮੀਰਗੜ੍ਹ ਦਾ ਇੱਕ ਟਰੱਕ ਅਤੇ ਕਰਨੈਲ ਸਿੰਘ ਵਾਸੀ ਸੋਹੀਆਂ ਕਲਾਂ ਦਾ 4-5 ਬਿਸਵੇ ਦਾ ਇਕ ਮਕਾਨ, ਇੱਕ ਟਰੱਕ ਅਤੇ ਇੱਕ ਸਕੂਟਰੀ ਸ਼ਾਮਲ ਸੀ ਜੋ ਕਿ ਜ਼ਬਤ ਕੀਤੀ ਗਈ ਸੀ। ਉਨ੍ਹਾਂ ਦੱਸਿਆ ਕਿ ਮੌਜੂਦਾ ਸਾਲ ਵਿੱਚ ਜ਼ਿਲ੍ਹਾ ਪੁਲੀਸ ਸੰਗਰੂਰ ਵੱਲੋਂ ਹੁਣ ਤੱਕ ਕੁੱਲ ਛੇ ਨਸ਼ਾ ਤਸਕਰਾਂ ਦੀ ਕਰੀਬ 1.75 ਕਰੋੜ ਰੁਪਏ ਮੁੱਲ ਦੀ ਜਾਇਦਾਦ ਜ਼ਬਤ ਕਰਵਾਈ ਗਈ ਹੈ।