ਵੱਡੀ ਦੀਦੀ

ਵੱਡੀ ਦੀਦੀ

ਸੁਨੀਤਾ ਪਾਹਵਾ

ਦੋਵੇਂ ਜੀਆਂ ਦੀ ਨੌਕਰੀ ਅਤੇ ਘਰ ਦੀਆਂ ਜਿ਼ੰਮੇਵਾਰੀਆਂ ਕਰ ਕੇ ਅਸੀਂ ਆਪਣੀ ਸੱਤ ਸਾਲ ਦੀ ਧੀ ਗੁਨੂੰ ਨੂੰ ਬਹੁਤਾ ਸਮਾਂ ਨਾ ਦੇ ਸਕਦੇ। ਨਾ ਹੀ ਉਸ ਦੀ ਪਸੰਦ ਮੁਤਾਬਿਕ ਉਸ ਨਾਲ ਖੇਡ ਸਕਦੇ ਜਿਸ ਕਰ ਕੇ ਉਹ ਅਕਸਰ ਉਦਾਸ ਰਹਿੰਦੀ। ਸ਼ਿਕਾਇਤ ਦੇ ਲਹਿਜੇ ਵਿਚ ਆਖਦੀ, “ਮੰਮੀ ਪਾਪਾ, ਤੁਹਾਡੇ ਕੋਲ ਤਾਂ ਮੇਰੇ ਲਈ ਸਮਾਂ ਹੀ ਨਹੀਂ ਹੈ, ਨਾ ਹੀ ਮੇਰਾ ਕੋਈ ਭੈਣ-ਭਰਾ ਹੈ। ਮੈਂ ਕਿਸ ਨਾਲ ਖੇਡਾਂ? ਸਾਡੇ ਘਰ ਬਾਬਾ ਜੀ ਛੋਟਾ ਬੇਬੀ ਕਿਉਂ ਨਹੀਂ ਭੇਜਦੇ? ਜਦੋਂ ਸਾਡਾ ਛੋਟਾ ਬੇਬੀ ਆ ਗਿਆ ਤਾਂ ਮੈਂ ਕਿਸੇ ਦੇ ਘਰ ਖੇਡਣ ਨਹੀਂ ਜਾਇਆ ਕਰਨਾ। ਫਿਰ ਨਾ ਹੀ ਮੈਨੂੰ ਕਿਸੇ ਦੋਸਤ ਦੀ ਲੋੜ ਹੋਵੇਗੀ।”

ਇਕਹਿਰੇ ਪਰਿਵਾਰ ਵਿਚ ਰਹਿਣ ਕਰ ਕੇ ਅਸੀਂ ਗੁਨੂੰ ਨੂੰ ਬੜੀ ਮੁਸ਼ਕਿਲ ਨਾਲ ਪਾਲਿਆ। ਕਦੇ ਦੂਜੇ ਬੱਚੇ ਬਾਰੇ ਸੋਚਿਆ ਹੀ ਨਹੀਂ ਸੀ। ਉਸ ਦੀ ਇਕੱਲਤਾ, ਉਦਾਸੀ ਅਤੇ ਸਵਾਲਾਂ ਨੇ ਸਾਨੂੰ ਇਸ ਬਾਰੇ ਸੋਚਣ ਲਈ ਮਜਬੂਰ ਕਰ ਦਿੱਤਾ। ਫਿਰ ਉਹ ਦਿਨ ਵੀ ਆ ਗਿਆ ਜਦੋਂ ਸਾਡੇ ਘਰ ਨਿੱਕੀ ਧੀ ਨੇ ਆ ਦਸਤਕ ਦਿੱਤੀ। ਨੰਨ੍ਹੀ ਮੁੰਨੀ, ਪਿਆਰੀ ਬੱਚੀ। ਅਸੀਂ ਚਾਵਾਂ ਨਾਲ ਉਸ ਦਾ ਸਵਾਗਤ ਕੀਤਾ। ਨਵ-ਜਨਮੀ ਧੀ ਬਾਰੇ ਹਸਪਤਾਲ ਤੋਂ ਪਹਿਲਾ ਫੋਨ ਗੁਨੂੰ ਨੂੰ ਕੀਤਾ। ਜਦੋਂ ਉਹ ਪਹਿਲੀ ਵਾਰ ਆਪਣੀ ਛੋਟੀ ਭੈਣ ਨੂੰ ਮਿਲਣ ਹਸਪਤਾਲ ਆਈ, ਉਸ ਦੇ ਚਿਹਰੇ ’ਤੇ ਖੁਸ਼ੀ ਦੇਖਣ ਵਾਲੀ ਸੀ, ਜਿਵੇਂ ਉਸ ਨੂੰ ਕੋਈ ਖਜ਼ਾਨਾ ਮਿਲ ਗਿਆ ਹੋਵੇ। ਆਉਂਦਿਆਂ ਹੀ ਉਸ ਨੇ ਆਪਣੇ ਨਿੱਕੇ ਜਿਹੇ ਬੈਗ ਵਿਚੋਂ ਬੱਚਿਆਂ ਦੇ ਨਾਵਾਂ ਦੀ ਲੰਮੀ ਲਿਸਟ ਕੱਢੀ। ਇਹ ਸਾਡੇ ਲਈ ਹੈਰਾਨੀ ਭਰੀ ਖੁਸ਼ੀ ਸੀ। ਉਸ ਨੇ ਇਹ ਨਾਮ ਮੇਰੇ ਹਸਪਤਾਲ ਆਉਣ ਤੋਂ ਬਾਅਦ ਲਿਖੇ ਸਨ। ਉਹ ਪਹਿਲੀ ਵਾਰ ਤਿੰਨ ਦਿਨ ਮੈਥੋਂ ਦੂਰ ਰਹੀ ਸੀ। ਅਸੀਂ ਸਾਰਿਆਂ ਨੇ ਮਿਲ ਕੇ ਹਸਪਤਾਲ ਵਿਚ ਹੀ ਨਵੇਂ ਆਏ ਜੀਅ ਦਾ ਨਾਮ ਇਬੂ ਰੱਖ ਲਿਆ।

ਹਸਪਤਾਲ ਤੋਂ ਘਰ ਆਏ ਤਾਂ ਗੁਨੂੰ ਨੰਨ੍ਹੀ ਭੈਣ ਦੇ ਆਸ ਪਾਸ ਰਹਿੰਦੀ। ਉਹ ਹਮੇਸ਼ਾ ਇਬੂ ਦੇ ਨਿੱਕੇ ਨਿੱਕੇ ਹੱਥਾਂ, ਪੈਰਾਂ ਅਤੇ ਮੂੰਹ ਵਲ ਤੱਕਦੀ ਰਹਿੰਦੀ। ਕਹਿੰਦੀ, “ਮੰਮਾ ਇਹ ਕਿੰਨੀ ਕਿਊਟ ਆ।” ਉਹ ਇਬੂ ਨੂੰ ਕਦੇ ਰੋਣ ਨਾ ਦਿੰਦੀ। ਝੱਟ ਹੀ ਉਹਨੂੰ ਗੋਦੀ ਵਿਚ ਲੈ ਲੈਂਦੀ। ਮੈਂ ਜੇ ਕਿਸੇ ਵੇਲੇ ਖਿਝ ਜਾਂਦੀ ਤਾਂ ਮੈਨੂੰ ਕਹਿੰਦੀ, “ਮੰਮਾ ਤੁਸੀਂ ਪ੍ਰੇਸ਼ਾਨ ਨਾ ਹੋਵੋ, ਇਬੂ ਨੂੰ ਮੈਂ ਦੇਖ ਲੈਂਦੀ ਆਂ।” ਘਰ ਵਿਚ ਅਕਸਰ ਜਦੋਂ ਨਿੱਕੇ ਬੱਚੇ ਦੇ ਰੋਣ ਕਰ ਕੇ ਜਾਂ ਸਾਂਭ-ਸੰਭਾਲ ਨੂੰ ਲੈ ਕੇ ਬਹਿਸ ਹੁੰਦੀ ਤਾਂ ਉਹ ਝੱਟ ਹੀ ਉਸ ਦੇ ਖਿਡੌਣੇ ਲੈ ਕੇ ਮੋਰਚਾ ਸਾਂਭ ਲੈਂਦੀ। ਜਦੋਂ ਉਹ ਅਜਿਹੀਆਂ ਗੱਲਾਂ ਕਰਦੀ ਤਾਂ ਮੈਨੂੰ ਲੱਗਦਾ, ਮੇਰੀ ਸੱਤ ਸਾਲ ਦੀ ਲਾਡੋ ਨਿੱਕੇ ਬਾਲ ਦੇ ਆਉਣ ਨਾਲ ਸੱਤ ਮਹੀਨਿਆਂ ਵਿਚ ਹੀ ਕਿੰਨੀ ਸਮਝਦਾਰ ਹੋ ਗਈ ਹੈ। ਉਹ ਬੱਚੀ ਜਿਸ ਨੂੰ ਮਾਂ ਦੀ ਥਾਪੀ ਬਿਨਾਂ ਨੀਂਦ ਨਹੀਂ ਸੀ ਆਉਂਦੀ, ਆਪੇ ਰੋਟੀ ਨਹੀਂ ਸੀ ਖਾਂਦੀ, ਸਕੂਲ ਲਈ ਮੈਥੋਂ ਬਿਨਾਂ ਤਿਆਰ ਨਹੀਂ ਸੀ ਹੁੰਦੀ, ਅੱਜ ਉਹ ਕਹਿੰਦੀ ਹੈ- “ਮੰਮਾ ਮੈਂ ਆਪੇ ਸੌਂ ਜਾਊਂਗੀ। ਆਪੇ ਤਿਆਰ ਹੋ ਜਾਵਾਂਗੀ। ਤੁਸੀਂ ਇਬੂ ਦਾ ਖਿ਼ਆਲ ਰੱਖੋ।” ਜਿਹੜੀ ਧੀ ਕਦੇ ਕਿਸੇ ਨਾਲ ਆਪਣੇ ਖਿਡੌਣੇ ਸਾਂਝੇ ਨਹੀਂ ਸੀ ਕਰਦੀ, ਉਹ ਆਪਣੀ ਭੈਣ ਨੂੰ ਆਪਣੀ ਹਰ ਕੀਮਤੀ ਸ਼ੈਅ ਵੀ ਲਿਆ ਕੇ ਦਿੰਦੀ ਹੈ। ਪਤਾ ਨਹੀਂ ਕਦ ਉਹ ਦਿਨਾਂ ਵਿਚ ਹੀ ਬੈੱਡਰੂਮ ਸੈੱਟ ਕਰਨਾ ਅਤੇ ਘਰ ਵਿਚ ਪਿਆ ਖਿਲਾਰਾ ਸਾਂਭਣਾ ਵੀ ਸਿੱਖ ਗਈ।

ਰਸੋਈ ਵਿਚ ਕੰਮ ਕਰਦਿਆਂ ਮੈਂ ਨਾਲ ਦੇ ਕਮਰੇ ਵਿਚ ਸੌਂ ਰਹੀ ਇਬੂ ਦੀ ਰੋਣ ਦੀ ਆਵਾਜ਼ ਸੁਣੀ। ਹਥਲਾ ਕੰਮ ਛੱਡ ਕਾਹਲੀ ਨਾਲ ਉਸ ਕੋਲ ਪਹੁੰਚੀ। ਗੁਨੂੰ ਮੈਥੋਂ ਪਹਿਲਾਂ ਹੀ ਉਸ ਨੂੰ ਗੋਦੀ ਵਿਚ ਚੁੱਕੀ ਬੈਠੀ ਸੀ, ਆਖ ਰਹੀ ਸੀ, “ਇਬੂ ਰੋ ਨਾ, ਤੂੰ ਆਪਣੀ ਵੱਡੀ ਦੀਦੀ ਕੋਲ ਐਂ।” ਮੈਨੂੰ ਦੇਖ ਉਹ ਦੋਨੋਂ ਖਿੜਖਿੜਾ ਕੇ ਹੱਸ ਪਈਆਂ। ਮੈਂ ਸਕੂਨ ਤੇ ਖੁਸ਼ੀ ਭਰੇ ਮਨ ਨਾਲ ਮੁੜ ਰਸੋਈ ਦੇ ਕੰਮ ਲੱਗ ਗਈ।