ਸਿੱਖਿਆ ਵਿਚ ਟੈਕਨਾਲੋਜੀ ਦਾ ਦਖ਼ਲ

ਸਿੱਖਿਆ ਵਿਚ ਟੈਕਨਾਲੋਜੀ ਦਾ ਦਖ਼ਲ

ਕੁਲਦੀਪ ਪੁਰੀ

ਕੋਵਿਡ-19 ਮਹਾਮਾਰੀ ਨੇ ਦੁਨੀਆ ਭਰ ਵਿਚ ਸਿੱਖਿਆ ਦੇ ਕਾਰਜ ਵਿਚ ਗੰਭੀਰ ਵਿਘਨ ਪਾਇਆ। ਕਈ ਮਹੀਨੇ ਸਕੂਲ, ਕਾਲਜ ਅਤੇ ਯੂਨੀਵਰਸਿਟੀਆਂ ਬੰਦ ਕਰਨੀਆਂ ਪਈਆਂ ਸਨ। ਵਿਦਿਆਰਥੀਆਂ ਦੀ ਪੜ੍ਹਾਈ ਦਾ ਕਾਫ਼ੀ ਨੁਕਸਾਨ ਹੋਇਆ। ਉਸ ਵੇਲੇ ਪੜ੍ਹਾਈ ਵਿਚ ਪਈ ਰੋਕ ਤੋੜਨ ਹਿਤ ਵਿਦਿਆਰਥੀਆਂ ਲਈ ਘਰ ਬੈਠਿਆਂ ਹੀ ਆਨਲਾਈਨ ਮਾਧਿਅਮਾਂ ਰਾਹੀਂ ਪੜ੍ਹਾਈ ਦਾ ਪ੍ਰਬੰਧ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ। ਮਹਾਮਾਰੀ ਦੇ ਮੁਸ਼ਕਿਲ ਸਮੇਂ ਵਿਚ ਡਿਜੀਟਲ ਟੈਕਨਾਲੋਜੀ ਉੱਤੇ ਪੂਰੀ ਨਿਰਭਰਤਾ ਦਾ ਹੋਰ ਕੋਈ ਕਾਰਗਰ ਬਦਲ ਨਹੀਂ ਸੀ। ਇਸ ਕਿਸਮ ਦੀ ਸਿੱਖਿਆ ਦੀਆਂ ਦੋ ਮੁੱਖ ਸੀਮਾਵਾਂ ਉਜਾਗਰ ਹੋਈਆਂ ਸਨ। ਪਹਿਲੀ, ਅਜਿਹੀ ਸਿੱਖਿਆ ਦੀ ਪਹੁੰਚ ਸਾਰਿਆਂ ਤੱਕ ਨਹੀਂ ਸੀ ਹੋ ਸਕਦੀ। ਇਹ ਉਨ੍ਹਾਂ ਵਿਦਿਆਰਥੀਆਂ ਤੱਕ ਹੀ ਸੀਮਿਤ ਰਹੀ ਜਿਨ੍ਹਾਂ ਲਈ ਕੰਪਿਊਟਰ ਜਾਂ ਸਮਾਰਟ ਫੋਨ ਦੇ ਨਾਲ ਨਾਲ ਇੰਟਰਨੈੱਟ ਦੀ ਸਹੂਲਤ ਮੌਜੂਦ ਸੀ ਅਤੇ ਅਜਿਹੇ ਵਿਦਿਆਰਥੀਆਂ ਦੀ ਗਿਣਤੀ ਬਹੁਤ ਘੱਟ ਸੀ। ਦੂਜੀ, ਇਹ ਭਰੋਸੇ ਨਾਲ ਬਿਲਕੁਲ ਵੀ ਨਹੀਂ ਸੀ ਕਿਹਾ ਜਾ ਸਕਦਾ ਕਿ ਇਸ ਨਾਲ ਮਿਆਰੀ ਸਿੱਖਿਆ ਮੁਹੱਈਆ ਕਰਵਾਈ ਜਾ ਸਕੀ। ਆਰਥਿਕ ਮਾਹਿਰ ਜਿਆਂ ਡ੍ਰੇਜ ਦਾ ਅਗਸਤ 2021 ਵਿਚ 15 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਕੀਤਾ ਅਧਿਐਨ ‘ਲੌਕਡ ਆਊਟ: ਐਮਰਜੈਂਸੀ ਰਿਪੋਰਟ ਆਨ ਸਕੂਲ ਐਜੂਕੇਸ਼ਨ’ ਉਪਰੋਕਤ ਤੱਥਾਂ ਦੀ ਪੁਸ਼ਟੀ ਕਰਦਾ ਹੈ।

ਭਾਰਤ ਸਰਕਾਰ ਵੱਲੋਂ ਵਿਦਿਆ ਦੇ ਖੇਤਰ ਵਿਚ ਇਨਕਲਾਬ ਲੈ ਆਉਣ ਦਾ ਦਾਅਵਾ ਕਰਦੀ ਮਹਾਮਾਰੀ ਦੇ ਸਾਏ ਹੇਠ ਜਾਰੀ ਹੋਈ ਨਵੀਂ ਸਿੱਖਿਆ ਨੀਤੀ-2020 ਟੈਕਨਾਲੋਜੀ ਦੇ ਸਿੱਖਿਆ ਵਿਚ ਵੱਡੇ ਦਖ਼ਲ ਦੀ ਹਮਾਇਤੀ ਹੈ। ਨੀਤੀ ਦੇ ਕਥਨ ਅਨੁਸਾਰ ਭਾਰਤੀ ਸਿੱਖਿਆ ਪ੍ਰਣਾਲੀ ਇੰਟਰਨੈੱਟ ਦੀ ਆਮਦ ਨਾਲ ਟੈਕਨਾਲੋਜੀ ਦੇ ਖੇਤਰ ਵਿਚ ਤੇਜ਼ੀ ਨਾਲ ਆਈਆਂ ਤਬਦੀਲੀਆਂ ਦੇ ਹਾਣ ਦੀ ਨਹੀਂ ਹੋ ਸਕੀ। ਇਸ ਕਮਜ਼ੋਰੀ ਨੇ ਸਾਨੂੰ ਤਿੱਖੀ ਮੁਕਾਬਲੇਬਾਜ਼ੀ ਵਾਲੀ ਦੁਨੀਆ ਵਿਚ ਨਿੱਜੀ ਅਤੇ ਕੌਮੀ ਪੱਧਰ ’ਤੇ ਗਹਿਰੇ ਨੁਕਸਾਨ ਵਾਲੀ ਜਗ੍ਹਾ ਉੱਤੇ ਲਿਆ ਖੜ੍ਹਾ ਕੀਤਾ ਹੈ। ਨੀਤੀ ਦੀ ਨਜ਼ਰ ਵਿਚ ਸੰਕਟ ਵਾਲੀ ਇਸ ਸਥਿਤੀ ਤੋਂ ਉੱਭਰਨ ਦਾ ਅਸਰਦਾਰ ਤਰੀਕਾ ਹਰ ਪਲ ਵਿਕਸਿਤ ਹੋ ਰਹੀ ਡਿਜੀਟਲ ਟੈਕਨਾਲੋਜੀ ਨੂੰ ਸਿੱਖਿਆ ਦੀ ਪ੍ਰਕਿਰਿਆ ਨਾਲ ਜੋੜਦੇ ਰਹਿਣ ਵਿਚ ਹੈ। ਇਸੇ ਕੜੀ ਵਿਚ ਆਧੁਨਿਕ ਟੈਕਨਾਲੋਜੀ ਨੂੰ ਪੜ੍ਹਨ-ਪੜ੍ਹਾਉਣ ਦੇ ਕਾਰਜ ਵਿਚ ਪੂਰੀ ਤਰ੍ਹਾਂ ਅਪਨਾਉਣ ਦੇ ਸਮਰਥਕ ਕੇਂਦਰੀ ਸਿੱਖਿਆ ਮੰਤਰਾਲੇ ਦੇ ਅਹਿਮ ਨੁਮਾਇੰਦਿਆਂ ਨੇ ਭਵਿੱਖ ਦੇ ਸਕੂਲਾਂ ਦਾ ਨਕਸ਼ਾ ਤਸੱਵੁਰ ਕਰਦਿਆਂ ਲਿਖਿਆ ਹੈ ਕਿ ਮਹਾਮਾਰੀ ਸਿੱਖਿਆ ਦੇ ਖੇਤਰ ਵਿਚ ਵੱਡਾ ਹਲੂਣਾ ਦੇ ਗਈ ਅਤੇ ਭਵਿੱਖ ਨੂੰ ਸਾਡੇ ਸਾਹਮਣੇ ਇੰਨੀ ਜਲਦੀ ਲੈ ਆਈ ਜਿੰਨਾ ਅਸੀਂ ਕਦੀ ਨਹੀਂ ਸੀ ਸੋਚਿਆ। ਜੇ ਕੋਈ ਮਹਾਮਾਰੀ ਨਾ ਆਉਂਦੀ ਤਾਂ ਸਿੱਖਿਆ ਵਿਚ ਡਿਜੀਟਲ ਤਕਨੀਕਾਂ ਦੀ ਇੰਨੀ ਵੱਧ-ਚੜ੍ਹ ਕੇ ਵਰਤੋਂ ਨਾ ਹੁੰਦੀ। ਸਾਡੇ ਬਹੁਤ ਸਾਰੇ ਅਧਿਆਪਕ ਡਿਜੀਟਲ ਤਕਨੀਕਾਂ ਵਰਤਣ ਤੋਂ ਪਹਿਲਾ ਹੀ ਸੇਵਾਮੁਕਤ ਹੋ ਗਏ ਹੁੰਦੇ। ਸਿਖਿਆਰਥੀ ਆਪਣੀਆਂ ਭਾਸ਼ਾਵਾਂ ਵਿਚ ਵੱਡੀ ਮਾਤਰਾ ਵਿਚ ਵੰਨ-ਸਵੰਨੀ ਨਵੀਂ ਸਮੱਗਰੀ ਜਾਂ ਸਿੱਖਿਆ ਦੇ ਭਿੰਨ ਭਿੰਨ ਡਿਜੀਟਲ ਰੂਪਾਂ ਤੋਂ ਮਹਿਰੂਮ ਰਹਿ ਜਾਂਦੇ (ਅਨੀਤਾ ਕਰਵਾਲ, ਰਜਨੀਸ਼ ਕੁਮਾਰ, ਦਿ ਹਿੰਦੂ, 16 ਸਤੰਬਰ 2021)।

ਟੈਕਨਾਲੋਜੀ ਦੇ ਸਿੱਖਿਆ ਵਿਚ ਦਖ਼ਲ ਪ੍ਰਤੀ ਅਜਿਹੇ ਅਤਿ ਉਤਸ਼ਾਹ ਨੂੰ ਯੂਨੈਸਕੋ ਦੀ ਸਾਲ 2023 ਦੀ ਗਲੋਬਲ ਐਜੂਕੇਸ਼ਨ ਮਾਨੀਟਰਿੰਗ ਰਿਪੋਰਟ ਵਿਚ ਉਠਾਏ ਕੁਝ ਮੁੱਦਿਆਂ ਦੀ ਰੋਸ਼ਨੀ ਵਿਚ ਪਰਖਣ ਦੀ ਲੋੜ ਹੈ। ਮੂਲ ਸਵਾਲ ਟੈਕਨਾਲੋਜੀ ਨੂੰ ਅਪਨਾਉਣ ਨਾਲ ਸਿੱਖਿਆ ਉੱਪਰ ਪੈਣ ਵਾਲੇ ਪ੍ਰਭਾਵਾਂ ਦੇ ਸਬੰਧ ਵਿਚ ਠੋਸ ਅਤੇ ਨਿਰਵਿਵਾਦ ਸਬੂਤਾਂ ਦੀ ਕਮੀ ਦਾ ਹੈ। ਇਸ ਦੇ ਚੰਗੇ ਅਸਰਾਂ ਦੇ ਜਿਹੜੇ ਪ੍ਰਮਾਣ ਮਿਲਦੇ ਵੀ ਹਨ, ਉਨ੍ਹਾਂ ਵਿਚੋਂ ਬਹੁਤੇ ਸਭ ਤੋਂ ਅਮੀਰ ਮੁਲਕਾਂ ਤੋਂ ਆਏ ਹਨ। ਉਨ੍ਹਾਂ ਵਿਚੋਂ ਵੀ ਜ਼ਿਆਦਾ ਸਬੂਤ ਟੈਕਨਾਲੋਜੀ ਸਾਜ਼ੋ-ਸਮਾਨ ਵੇਚਣ ਵਾਲੀਆਂ ਧਿਰਾਂ ਵੱਲੋਂ ਕਰਵਾਈਆਂ ਖੋਜਾਂ ਉੱਤੇ ਆਧਾਰਿਤ ਹਨ। ਬਾਜ਼ਾਰ ਦੀ ਵਿਵਸਥਾ ਵਿਚੋਂ ਪ੍ਰਾਪਤ ਹੋਏ ਇਨ੍ਹਾਂ ਪ੍ਰਮਾਣਾਂ ਦੀ ਭਰੋਸੇਯੋਗਤਾ ਉੱਪਰ ਸਵਾਲ ਉੱਠਣੇ ਤਾਂ ਕੁਦਰਤੀ ਹਨ। ਇਸ ਤੋਂ ਇਲਾਵਾ ਸਿੱਖਿਆ ਟੈਕਨਾਲੋਜੀ ਨਾਲ ਜੁੜੇ ਉਪਕਰਨ ਔਸਤਨ ਹਰ ਤਿੰਨ ਸਾਲਾਂ ਬਾਅਦ ਬਦਲ ਜਾਂਦੇ ਹਨ। ਇੰਨੀ ਤੇਜ਼ੀ ਨਾਲ ਬਦਲਦੇ ਸਾਧਨਾਂ ਦੇ ਸਿੱਖਿਆ ਉੱਪਰ ਹੋਣ ਵਾਲੇ ਪ੍ਰਭਾਵਾਂ ਦਾ ਮੁਲਾਂਕਣ ਵੀ ਲੱਗਭਗ ਅਸੰਭਵ ਹੋ ਜਾਂਦਾ ਹੈ। ਇੰਝ ਲੱਗਦਾ ਹੈ ਕਿ ਸਿੱਖਿਆ ਵਿਚ ਤਕਨਾਲੋਜੀ ਦੀ ਵਰਤੋਂ ਬਾਰੇ ਫੈਸਲੇ ਦਾ ਆਧਾਰ ਉਸ ਦੀ ਸਿੱਖਿਆ ਦੇ ਕਿਸੇ ਖੇਤਰ ਲਈ ਉਪਯੋਗਤਾ ਨਾ ਹੋ ਕੇ ਟੈਕਨਾਲੋਜੀ ਦੀ ਉਪਲਬਧਤਾ ਹੁੰਦਾ ਹੈ। ਇਸ ਨਾਲ ਕਈ ਵਾਰ ਵਰਤੋਂ ਵਿਚ ਆਉਂਦੀ ਤਕਨੀਕ ਸਿੱਖਿਆ ਵਿਚ ਸਹਾਇਕ ਹੋਣ ਦੀ ਥਾਂ ਰੋੜਾ ਬਣ ਜਾਂਦੀ ਹੈ। ਸਿੱਖਿਆ ਦਾ ਮੁੱਖ ਮੰਤਵ ਹੀ ਹੀਣ ਰਹਿ ਜਾਂਦਾ ਹੈ।

ਇਹ ਦਾਅਵਾ ਕੀਤਾ ਜਾਂਦਾ ਹੈ ਕਿ ਟੈਕਨਾਲੋਜੀ ਸਿੱਖਿਆ ਨੂੰ ਅਸਾਨੀ ਨਾਲ ਸਾਰਿਆਂ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਵਿਚ ਮਦਦਗਾਰ ਹੁੰਦੀ ਹੈ। ਇਹ ਸੱਚ ਹੈ ਕਿ ਮਹਾਮਾਰੀ ਦੌਰਾਨ ਆਨਲਾਈਨ ਮਾਧਿਅਮਾਂ ਰਾਹੀਂ ਦਿੱਤੀ ਜਾਂਦੀ ਸਿੱਖਿਆ ਨੇ ਸਕੂਲ ਬੰਦ ਹੋ ਜਾਣ ਉੱਤੇ ਸਿੱਖਿਆ ਵਿਚ ਪੈਣ ਵਾਲੇ ਘਾਟੇ ਨੂੰ ਕੁਝ ਹੱਦ ਤੱਕ ਪੂਰਾ ਕਰਨ ਵਿਚ ਮਦਦ ਕੀਤੀ। ਇਹ ਤੱਥ ਵੀ ਸਾਹਮਣੇ ਆਏ ਹਨ ਕਿ ਦੁਨੀਆ ਭਰ ਵਿਚ ਓਪਨ ਅਤੇ ਡਿਸਟੈਂਸ ਸਿੱਖਿਆ ਵਿਧੀ ਰਾਹੀਂ ਇੱਕ ਅਰਬ ਤੋਂ ਵਧ ਵਿਦਿਆਰਥੀਆਂ ਤੱਕ ਪਹੁੰਚਣ ਦੀ ਸਮਰੱਥਾ ਸੀ ਪਰ ਅੰਕੜੇ ਇਹ ਵੀ ਉਜਾਗਰ ਕਰਦੇ ਹਨ ਕਿ ਦੁਨੀਆ ਦੇ ਵਿਦਿਆਰਥੀਆਂ ਦਾ ਲੱਗਭਗ ਇੱਕ ਤਿਹਾਈ ਹਿੱਸਾ ਇਸ ਸਹੂਲਤ ਤੋਂ ਵਾਂਝਾ ਰਹਿ ਗਿਆ। ਛੁੱਟ ਗਏ ਇਨ੍ਹਾਂ ਵਿਦਿਆਰਥੀਆਂ ਵਿਚੋਂ 72 ਪ੍ਰਤੀਸ਼ਤ ਅਤਿਅੰਤ ਗਰੀਬ ਵਰਗ ਨਾਲ ਸਬੰਧ ਰੱਖਦੇ ਸਨ। ਅਜਿਹਾ ਉਨ੍ਹਾਂ ਕੋਲ ਉਪਕਰਨਾਂ ਦੀ ਅਣਹੋਂਦ ਅਤੇ ਇੰਟਰਨੈੱਟ ਨਾਲ ਜੁੜਨ ਦੀਆਂ ਤਕਨੀਕੀ ਅਤੇ ਆਰਥਿਕ ਰੁਕਾਵਟਾਂ ਕਰ ਕੇ ਹੀ ਹੋਇਆ ਹੋਵੇਗਾ। ਜਦੋਂ ਲੋੜੀਂਦੀ ਸਮੱਗਰੀ ਅਤੇ ਇੰਟਰਨੈੱਟ ਤੱਕ ਪਹੁੰਚ ਹੀ ਅਸਾਵੀਂ ਹੋ ਜਾਏ ਤਾਂ ਸਿੱਖਿਆ ਪ੍ਰਾਪਤੀ ਦਾ ਅਧਿਕਾਰ ਵੀ ਨਾ-ਬਰਾਬਰੀ ਦਾ ਸ਼ਿਕਾਰ ਹੋ ਜਾਂਦਾ ਹੈ। ਸਿੱਖਿਆ ਦੀ ਪਹੁੰਚ ਨੂੰ ਅਸਾਨੀ ਨਾਲ ਸਾਰਿਆਂ ਤੱਕ ਯਕੀਨੀ ਬਣਾਉਣ ਵਾਲੇ ਦਾਅਵੇ ਦੀ ਮਜ਼ਬੂਤੀ ਵੀ ਨਰਮ ਪੈ ਜਾਂਦੀ ਹੈ।

ਟੈਕਨਾਲੋਜੀ ਹਰ ਵਿਦਿਆਰਥੀ ਨੂੰ ਆਪਣੇ ਆਪ ਇਕੱਲ ਵਿਚ (personalized) ਸਿੱਖਿਆ ਪ੍ਰਾਪਤ ਕਰ ਲੈਣ ਦੇ ਕਾਬਿਲ ਬਣਾ ਦੇਣ ਦਾ ਵਾਅਦਾ ਕਰਦੀ ਹੈ। ਇਕੱਲਾ ਬੱਚਾ ਆਪਣੇ ਡਿਜੀਟਲ ਉਪਕਰਨ ਦੀ ਸਹਾਇਤਾ ਨਾਲ ਬਿਨਾਂ ਕਿਸੇ ਸਕੂਲ ਜਾਂ ਕਾਲਜ ਵਿਚ ਹਰ ਰੋਜ਼ ਗਏ, ਬੇਰੋਕ-ਟੋਕ ਆਪਣਾ ਪੜ੍ਹਨ-ਸਿੱਖਣ ਦਾ ਪੰਧ ਤੈਅ ਕਰ ਸਕਦਾ ਹੈ। ਇਹ ਸਮਝ ਸਿੱਖਿਆ ਦੀ ਮੂਲ ਧਾਰਨਾ ਦੇ ਉਲਟ ਹੈ। ਸਿੱਖਿਆ ਪ੍ਰਕਿਰਿਆ ਦੇ ਸਮਾਜਿਕ ਪਸਾਰ ਵੀ ਹਨ। ਵਿਦਿਆਰਥੀ ਨੂੰ ਏਕਾਂਤ ਦੇ ਨਾਲ ਨਾਲ ਜ਼ਿੰਦਗੀ ਨਾਲ ਧੜਕਦੇ ਸਕੂਲ ਤੇ ਕਾਲਜ, ਸਾਥੀ ਵਿਦਿਆਰਥੀਆਂ ਨਾਲ ਰਲ ਕੇ ਮਸਲਿਆਂ ਨੂੰ ਸਿੱਖਣ-ਸਮਝਣ ਦੇ ਮੌਕੇ, ਅਧਿਆਪਕਾਂ ਨਾਲ ਸੰਵਾਦ, ਖੁੱਲ੍ਹੇ ਖੇਡ ਮੈਦਾਨ, ਚੰਗੀ ਲਾਇਬ੍ਰੇਰੀ ਅਤੇ ਆਧੁਨਿਕ ਪ੍ਰਯੋਗਸ਼ਾਲਾ ਮੁਹੱਈਆ ਹੋਣੇ ਚਾਹੀਦੇ ਹਨ। ਸਿੱਖਿਆ ਦੀਆਂ ਇਨ੍ਹਾਂ ਬੁਨਿਆਦੀ ਲੋੜਾਂ ਦਾ ਕੋਈ ਵੀ ਬਿਹਤਰ ਬਦਲ ਸੰਭਵ ਨਹੀਂ ਹੋ ਸਕਦਾ। ਟੈਕਨਾਲੋਜੀ ਦੀ ਇਸ ਵੱਡੇ ਪੱਧਰ ‘ਤੇ ਆਮਦ ਤੋਂ ਪਹਿਲਾਂ ਵੀ ਦੁਨੀਆ ਦੇ ਵਿਕਸਿਤ ਮੁਲਕਾਂ ਨੇ ਆਪਣੇ ਬੱਚਿਆਂ ਲਈ ਮਿਆਰੀ ਸਕੂਲੀ ਸਿੱਖਿਆ ਮੁਹੱਈਆ ਕਰਵਾਈ ਹੀ ਸੀ।

ਆਪਣੇ ਘਰ ਦੇ ਕਮਰੇ ਜਾਂ ਕਿਸੇ ਨੁੱਕਰ ਵਿਚ ਅਧਿਆਪਕ ਅਤੇ ਸੰਸਥਾ ਤੋਂ ਦੂਰ ਮਸ਼ੀਨ ਅੱਗੇ ਬੈਠੇ ਵਿਦਿਆਰਥੀ ਦੇ ਸਿੱਖਣ ਮਿਆਰ ਚੰਗੇ ਹੀ ਹੋਣਗੇ, ਇਹ ਜ਼ਰੂਰੀ ਨਹੀਂ। ਮਿਸਾਲ ਵਜੋਂ ਅਮਰੀਕਾ ਵਿਚ 20 ਲੱਖ ਵਿਦਿਆਰਥੀਆਂ ਦੇ ਆਧਾਰ ’ਤੇ ਕੀਤੇ ਵਿਸ਼ਲੇਸ਼ਣ ਤੋਂ ਸਪਸ਼ਟ ਹੋਇਆ ਕਿ ਜਿਨ੍ਹਾਂ ਵਿਦਿਆਰਥੀਆਂ ਨੂੰ ਕੇਵਲ ਦੂਰ ਤੋਂ ਹੀ ਪੜ੍ਹਾਈ ਸਬੰਧੀ ਹਦਾਇਤਾਂ ਦਿੱਤੀਆਂ ਜਾਂਦੀਆਂ ਸਨ, ਉਨ੍ਹਾਂ ਦੇ ਸਿੱਖਣ ਪੱਧਰ ਵਿਚਲਾ ਖੱਪਾ ਗਹਿਰਾ ਹੋ ਗਿਆ। ਪ੍ਰੋਗਰਾਮ ਫਾਰ ਇੰਟਰਨੈਸ਼ਨਲ ਸਟੂਡੈਂਟ ਪਰਫਾਰਮੈਂਸ (ਪੀਸਾ) ਦੇ ਅਧਿਐਨ ਨੇ ਜ਼ਾਹਿਰ ਕੀਤਾ ਹੈ ਕਿ ਸੂਚਨਾ ਅਤੇ ਸੰਚਾਰ ਟੈਕਨਾਲੋਜੀ (Information and communications technology) ਦੀ ਬੇ-ਹਿਸਾਬ ਵਰਤੋਂ ਜਾਂ ਗ਼ੈਰ-ਵਾਜਿਬ ਟੈਕਨਾਲੋਜੀ ਦੀ ਵਰਤੋਂ ਦਾ ਇਮਤਿਹਾਨਾਂ ਵਿਚ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਨਾਲ ਨਕਾਰਾਤਮਕ ਰਿਸ਼ਤਾ ਹੈ। ਦੁਨੀਆ ਦੇ ਚੌਦਾਂ ਮੁਲਕਾਂ ਵਿਚ ਹੋਈ ਖੋਜ ਦੇ ਅਨੁਸਾਰ ਮੋਬਾਈਲ ਫੋਨ ਨਾਲ ਵਿਦਿਆਰਥੀਆਂ ਦੀ ਵਧੇਰੇ ਨੇੜਤਾ ਉਨ੍ਹਾਂ ਦਾ ਪੜ੍ਹਾਈ ਤੋਂ ਧਿਆਨ ਭਟਕਾਉਂਦੀ ਹੈ ਅਤੇ ਉਨ੍ਹਾਂ ਦੀ ਸਿੱਖਣ ਪ੍ਰਕਿਰਿਆ ਉੱਤੇ ਬੁਰਾ ਅਸਰ ਪਾਉਂਦੀ ਹੈ। ਦੁਨੀਆ ਦੇ ਲੱਗਭਗ ਇੱਕ ਚੌਥਾਈ ਮੁਲਕਾਂ ਨੇ ਸਕੂਲਾਂ ਵਿਚ ਸਮਾਰਟ ਫੋਨਾਂ ਦੀ ਵਰਤੋਂ ’ਤੇ ਪਾਬੰਦੀ ਲਗਾ ਦਿੱਤੀ ਹੈ।

ਸਿੱਖਿਆ ਵਿਚ ਟੈਕਨਾਲੋਜੀ ਦੀ ਸਰਦਾਰੀ ਨੇ ਵਿਸ਼ਿਆਂ ਦੀ ਗਹਿਰਾਈ ਵਿਚ ਜਾਣ ਅਤੇ ਘੋਖਵੀਂ ਪੜਤਾਲ ਕਰਨ ਦੇ ਮਾਇਨੇ ਹੀ ਬਦਲ ਦਿੱਤੇ ਹਨ। ਆਮ ਤੌਰ ’ਤੇ ਅਤਿ ਆਧੁਨਿਕ ਟੈਕਨਾਲੋਜੀ ਵਿਦਿਆਰਥੀਆਂ ਨੂੰ ਵੱਖ ਵੱਖ ਵਿਸ਼ਿਆ ਦੇ ਘੜੇ-ਘੜਾਏ ਬੁਨਿਆਦੀ ਸਵਾਲਾਂ-ਜਵਾਬਾਂ ਵਿਚ ਮੁਹਾਰਤ ਹਾਸਿਲ ਕਰਨ, ਅਧਿਆਪਕ ਵੱਲੋਂ ਦਿੱਤਾ ਕੰਮ ਕਰ ਕੇ ਘਰ ਬੈਠਿਆਂ ਅਪਲੋਡ ਕਰਨ ਅਤੇ ਬਦਲੇ ਵਿਚ ਅਧਿਆਪਕ ਦੀਆਂ ਟਿੱਪਣੀਆਂ ਪ੍ਰਾਪਤ ਕਰਨ ਤੱਕ ਹੀ ਸੀਮਤ ਰਹਿੰਦੀ ਹੈ। ਵਿਦਿਆਰਥੀਆਂ ਵਿਚ ਆਜ਼ਾਦਾਨਾ ਅਤੇ ਵਿਵੇਚਨਾਤਮਕ ਸੋਚ ਪੈਦਾ ਕਰਨ ਵਿਚ ਇਸ ਦੀ ਭੂਮਿਕਾ ਨਾਂਹ ਦੇ ਬਰਾਬਰ ਹੁੰਦੀ ਹੈ। ਯੂਨੈਸਕੋ ਦੀ ਰਿਪੋਰਟ ਦਾ ਕਹਿਣਾ ਹੈ ਕਿ ਵਧੇਰੇ ਮੁਲਕਾਂ ਵਿਚ ਟੈਕਨਾਲੋਜੀ ਅਪਨਾਉਣ ਦੇ ਨਾਲ ਨਾਲ ਡਾਟਾ ਸੁਰੱਖਿਅਤ ਰੱਖਣ ਲਈ ਕੀਤੀਆਂ ਜਾਣ ਵਾਲੀਆਂ ਪੇਸ਼ਬੰਦੀਆਂ ਦੀ ਅਣਹੋਂਦ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਨਿੱਜਤਾ ਨੂੰ ਖ਼ਤਰੇ ਦੇ ਖੇਤਰ ਵਿਚ ਲਿਆ ਦਿੱਤਾ ਹੈ। ਇਹ ਸਮੁੱਚੀ ਸਥਿਤੀ ਲੋਕਤੰਤਰ ਅਤੇ ਮਨੁੱਖੀ ਅਧਿਕਾਰਾਂ ਲਈ ਦਿੱਕਤਾਂ ਪੈਦਾ ਕਰ ਸਕਦੀ ਹੈ।

ਇਸ ਸਾਰੇ ਵਰਤਾਰੇ ਵਿਚ ਵਪਾਰਕ ਅਤੇ ਨਿੱਜੀ ਅਦਾਰਿਆਂ ਦੇ ਹਿਤ ਹਾਵੀ ਹੋ ਰਹੇ ਹਨ। ਸਿੱਖਿਆ ਨੀਤੀ-2020 ਵੱਲੋਂ ਨਿੱਜੀ ਅਦਾਰਿਆਂ ਨੂੰ ਸਿੱਖਿਆ ਦੇ ਖੇਤਰ ਵਿਚ ਨਿਵੇਸ਼ ਕਰਨ ਦਾ ਸੱਦਾ ਸਿੱਖਿਆ ਨੂੰ ਕਾਰੋਬਾਰ ਦੇ ਦਾਇਰੇ ਵੱਲ ਪਹਿਲਾ ਨਾਲੋਂ ਵਧੇਰੇ ਤੇਜ਼ੀ ਨਾਲ ਖਿੱਚ ਕੇ ਲੈ ਗਿਆ ਹੈ। ਜਨ ਸਧਾਰਨ ਤੱਕ ਮਿਆਰੀ ਸਿੱਖਿਆ ਪਹੁੰਚਾਉਣ ਦਾ ਨਿਸ਼ਾਨਾ ਅਤੇ ਸਿੱਖਿਆ ਵਿਚ ਵਪਾਰਕ ਹਿਤਾਂ ਦੀ ਪੂਰਤੀ ਇੱਕ ਦੂਜੇ ਤੋਂ ਉਲਟ ਦਿਸ਼ਾ ਵਿਚ ਹੀ ਚੱਲਦੇ ਹਨ। ਇਸ ਸਥਿਤੀ ਵਿਚ ਨਿਮਨ ਅਤੇ ਮੱਧਮ ਆਮਦਨੀ ਵਾਲੇ ਮੁਲਕਾਂ ਲਈ ਟੈਕਨਾਲੋਜੀ ਉੱਤੇ ਵਧੇਰੇ ਪੂੰਜੀ ਨਿਵੇਸ਼ ਕਰਨ ਦੇ ਮੁਕਾਬਲੇ ਵਿਦਿਅਕ ਸੰਸਥਾਵਾਂ ਵਿਚ ਬੁਨਿਆਦੀ ਸਹੂਲਤਾਂ ਜੁਟਾਉਣ ਵੱਲ ਧਿਆਨ ਦੇਣਾ ਸਿੱਖਿਆ ਦੇ ਪੱਖੋਂ ਬਿਹਤਰ ਨੀਤੀ ਹੋਵੇਗੀ। ਸਿੱਖਿਆ ਦੇ ਕਾਰਜ ਵਿਚ ਟੈਕਨਾਲੋਜੀ ਅਹਿਮ ਸਾਧਨ ਹੈ, ਉਸ ਦੀ ਮੰਜ਼ਿਲ ਨਹੀਂ।

*ਪ੍ਰੋਫੈਸਰ (ਰਿਟਾ.), ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ।

ਸੰਪਰਕ: 98729-44552