ਇੱਕ ਰੋਜ਼ਾ ਦਰਜਾਬੰਦੀ: ਪਾਕਿਸਤਾਨ ਨੂੰ ਪਛਾੜ ਕੇ ਭਾਰਤ ਦੂਜੇ ਸਥਾਨ ’ਤੇ ਕਾਬਜ਼

ਇੱਕ ਰੋਜ਼ਾ ਦਰਜਾਬੰਦੀ: ਪਾਕਿਸਤਾਨ ਨੂੰ ਪਛਾੜ ਕੇ ਭਾਰਤ ਦੂਜੇ ਸਥਾਨ ’ਤੇ ਕਾਬਜ਼

ਦੁਬਈ: ਏਸ਼ੀਆ ਕੱਪ ਦੇ ਫਾਈਨਲ ਵਿੱਚ ਜਗ੍ਹਾ ਬਣਾਉਣ ਵਾਲੀ ਭਾਰਤੀ ਟੀਮ ਆਈਸੀਸੀ ਇੱਕ ਰੋਜ਼ਾ ਕੌਮਾਂਤਰੀ ਮੈਚਾਂ ਦੀ ਦਰਜਾਬੰਦੀ ਵਿੱਚ ਦੂਜੇ ਸਥਾਨ ’ਤੇ ਪਹੁੰਚ ਗਈ ਹੈ ਜਦਕਿ ਟੂਰਨਾਮੈਂਟ ’ਚੋਂ ਬਾਹਰ ਹੋ ਚੁੱਕੀ ਪਾਕਿਸਤਾਨੀ ਟੀਮ ਨੇ ਸਿਖਰਲਾ ਸਥਾਨ ਗੁਆ ਦਿੱਤਾ ਹੈ। ਬਾਬਰ ਆਜ਼ਮ ਦੀ ਅਗਵਾਈ ਵਾਲੀ ਪਾਕਿਸਤਾਨੀ ਟੀਮ ਨੂੰ ਸੁਪਰ-4 ਦੇ ਮੈਚ ’ਚ ਆਖਰੀ ਗੇਂਦ ’ਤੇ ਸ੍ਰੀਲੰਕਾ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਲਗਾਤਾਰ ਦੋ ਹਾਰਾਂ ਤੋਂ ਬਾਅਦ ਟੂਰਨਾਮੈਂਟ ’ਚੋਂ ਬਾਹਰ ਹੋਣ ਮਗਰੋਂ ਪਾਕਿਸਤਾਨੀ ਟੀਮ ਆਈਸੀਸੀ ਦਰਜਾਬੰਦੀ ਵਿੱਚ ਦੋ ਸਥਾਨ ਹੇਠਾਂ ਖਿਸਕ ਕੇ 115 ਅੰਕਾਂ ਨਾਲ ਤੀਜੇ ਸਥਾਨ ’ਤੇ ਆ ਗਈ ਹੈ। ਭਾਰਤ (116) ਤੋਂ ਦੋ ਅੰਕ ਅੱਗੇ ਆਸਟਰੇਲੀਆ ਹੁਣ ਪਹਿਲੇ ਸਥਾਨ ’ਤੇ ਕਾਬਜ਼ ਹੈ। ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਅਤੇ ਆਸਟਰੇਲੀਆ ਵਿਚਾਲੇ ਤਿੰਨ ਮੈਚਾਂ ਦੀ ਇੱਕ ਰੋਜ਼ਾ ਲੜੀ 22 ਸਤੰਬਰ ਤੋਂ ਸ਼ੁਰੂ ਹੋਵੇਗੀ ਅਤੇ ਵਿਸ਼ਵ ਕੱਪ ਵਿੱਚ ਦੋਵੇਂ ਟੀਮਾਂ 8 ਅਕਤੂਬਰ ਨੂੰ ਚੇਨੱਈ ’ਚ ਆਹਮੋ-ਸਾਹਮਣੇ ਹੋਣਗੀਆਂ। –