ਅਕਾਲੀ ਦਲ (ਅ) ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਮੰਗ

ਅਕਾਲੀ ਦਲ (ਅ) ਵੱਲੋਂ ਸ਼੍ਰੋਮਣੀ ਕਮੇਟੀ ਚੋਣਾਂ ਕਰਵਾਉਣ ਦੀ ਮੰਗ

ਕੌਮਾਂਤਰੀ ਜਮਹੂਰੀਅਤ ਦਿਵਸ ਮੌਕੇ ਸ੍ਰੀ ਦਰਬਾਰ ਸਾਹਬਿ ਨੇੜੇ ਰੈਲੀ ਕੀਤੀ
ਅੰਮ੍ਰਿਤਸਰ- ਅੰਤਰਰਾਸ਼ਟਰੀ ਜਮਹੂਰੀਅਤ ਦਿਵਸ ਤੇ ਅੱਜ ਲੋਕ ਸਭਾ ਮੈਂਬਰ ਸਿਮਰਨਜੀਤ ਸਿੰਘ ਮਾਨ ਨੇ ਵੱਖਰੇ ਸਿੱਖ ਰਾਜ ਦੀ ਸਥਾਪਨਾ ਦੀ ਮੰਗ ਨੂੰ ਦੁਹਰਾਇਆ ਹੈ। ਉਨ੍ਹਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਇੱਥੇ ਵਿਰਾਸਤੀ ਮਾਰਗ ਵਿੱਚ ਅੰਤਰਰਾਸ਼ਟਰੀ ਜਮਹੂਰੀ ਦਿਵਸ ’ਤੇ ਸ੍ਰੀ ਦਰਬਾਰ ਸਾਹਿਬ ਨੇੜੇ ਰੈਲੀ ਕੀਤੀ ਗਈ। ਇਸ ਮੌਕੇ ਪਾਰਟੀ ਪ੍ਰਧਾਨ ਅਤੇ ਸੰਸਦ ਮੈਂਬਰ ਸ੍ਰੀ ਮਾਨ ਨੇ ਕਿਹਾ ਕਿ ਗੁਰੂ ਸਾਹਿਬਾਨ ਅਤੇ ਸਿੱਖ ਯੋਧਿਆਂ ਨੇ ਵੱਖਰੇ ਸਿੱਖ ਰਾਜ ਦੀ ਗੱਲ ਕੀਤੀ ਹੈ ਅਤੇ ਉਨ੍ਹਾਂ ਨੂੰ ਪੱਕਾ ਵਿਸ਼ਵਾਸ ਹੈ ਕਿ ਇੱਕ ਦਿਨ ਵੱਖਰਾ ਸਿੱਖ ਰਾਜ ਸਥਾਪਤ ਹੋਵੇਗਾ। ਉਨ੍ਹਾਂ ਕਿਹਾ ਕਿ ਅੱਜ ਜਮਹੂਰੀ ਦਿਵਸ ਮਨਾਇਆ ਜਾ ਰਿਹਾ ਹੈ ਪਰ ਇੱਥੇ ਸ਼੍ਰੋਮਣੀ ਕਮੇਟੀ ਵਿੱਚ ਜਮਹੂਰੀਅਤ ਬਹਾਲ ਨਹੀਂ ਹੈ। ਇਸ ਦੀਆਂ ਆਮ ਚੋਣਾਂ ਪਿਛਲੇ ਕਈ ਸਾਲਾਂ ਤੋਂ ਨਹੀਂ ਹੋਈਆਂ। ਉਨਾਂ ਕੇਂਦਰ ਸਰਕਾਰ ਨੂੰ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਈਆਂ ਜਾਣ ਤੇ ਜਮਹੂਰੀਅਤ ਨੂੰ ਬਹਾਲ ਕੀਤਾ ਜਾਵੇ ।

ਉਨ੍ਹਾਂ ਕਿਹਾ ਕਿ ਸੰਸਦ ਇਜਲਾਸ ਦੌਰਾਨ ਸਰਹੱਦ ਪਾਰੋਂ ਆ ਰਹੇ ਡਰੋਨ ਅਤੇ ਇਨ੍ਹਾਂ ਰਾਹੀਂ ਆ ਰਹੇ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਦਾ ਲੇਖਾ ਜੋਖਾ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਖੁਫੀਆ ਏਜੰਸੀਆਂ ਨੂੰ ਦਿੱਤੇ ਜਾਂਦੇ ਵੱਡੇ ਫੰਡਾਂ ਦੇ ਲੇਖੇ-ਜੋਖੇ ਬਾਰੇ ਵੀ ਪੁੱਛਿਆ ਜਾਵੇਗਾ। ਇਸ ਮੌਕੇ ਦਲ ਖਾਲਸਾ ਦੇ ਕੰਵਰਪਾਲ ਸਿੰਘ ਨੇਕਿਹਾ ਹਿੰਦੁਸਤਾਨ ਵਿਚ ਜਮਹੂਰੀਅਤ ਇਕ ਢਕਵੰਜ ਤੋ ਵੱਧ ਕੁਝ ਨਹੀਂ ਹੈ। ਰੈਲੀ ਨੂੰ ਈਮਾਨ ਸਿੰਘ ਮਾਨ , ਪ੍ਰੋਫੈਸਰ ਮਹਿੰਦਰ ਪਾਲ ਸਿੰਘ , ਦਲ ਖ਼ਾਲਸਾ ਵੱਲੋਂ ਕੰਵਰਪਾਲ ਸਿੰਘ ਬਿੱਟੂ , ਪਰਮਜੀਤ ਸਿੰਘ ਮੰਡ ਤੇ ਹੋਰਨਾਂ ਵਲੋਂ ਸੰਬੋਧਨ ਕੀਤਾ ਗਿਆ ।