ਪੰਜਾਬ ਵਿੱਚ ਸਨਅਤ ਲਾਉਣ ਦਾ ਢੁੱਕਵਾਂ ਸਮਾਂ: ਭਗਵੰਤ ਮਾਨ

ਪੰਜਾਬ ਵਿੱਚ ਸਨਅਤ ਲਾਉਣ ਦਾ ਢੁੱਕਵਾਂ ਸਮਾਂ: ਭਗਵੰਤ ਮਾਨ

ਐਸ.ਏ.ਐਸ. ਨਗਰ (ਮੁਹਾਲੀ)- ਇੱਥੇ ਅੱਜ ‘ਸਰਕਾਰ-ਸਨਅਤਕਾਰ ਮਿਲਣੀ’ ਵਿੱਚ ਪਹੁੰਚੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸੂਬੇ ਵਿੱਚ ਸਨਅਤ ਲਾਉਣ ਦਾ ਹੁਣ ਢੁਕਵਾਂ ਸਮਾਂ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਕਾਬੂ ਹੇਠ ਹੈ। ਮੁੱਖ ਮੰਤਰੀ ਨੇ ਐਲਾਨ ਕੀਤਾ ਕਿ ਮੁਹਾਲੀ ਨੂੰ ਉਦਯੋਗਿਕ ਹੱਬ ਵਜੋਂ ਵਿਕਸਤ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਮੁਹਾਲੀ ਵਿਕਾਸ ਪੱਖੋਂ ਸੂਬੇ ਦੀ ਅਗਵਾਈ ਕਰੇਗਾ ਅਤੇ ਵਿਕਾਸ ਦੇ ਇਸ ਮਾਡਲ ਨੂੰ ਪੰਜਾਬ ਦੇ ਹੋਰਨਾਂ ਹਿੱਸਿਆਂ ਵਿੱਚ ਵੀ ਦੁਹਰਾਇਆ ਜਾਵੇਗਾ। ਮੁੱਖ ਮੰਤਰੀ ਨੇ ਉੱਦਮੀਆਂ ਨੂੰ ਉਦਯੋਗਿਕ ਪਲਾਟਾਂ ’ਤੇ ਉਸਾਰੀ ਲਈ ਇੱਕ ਸਾਲ ਦਾ ਵਾਧੂ ਸਮਾਂ ਦੇਣ ਦਾ ਐਲਾਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਉਦਯੋਗਪਤੀਆਂ ਦੀ ਸਹੂਲਤ ਲਈ ਸਿੰਗਲ ਵਿੰਡੋ ਪ੍ਰਣਾਲੀ ਸ਼ੁਰੂ ਕੀਤੀ ਗਈ ਹੈ ਅਤੇ ਇਸ ਦਿਸ਼ਾ ਵਿੱਚ ਅੱਗੇ ਵਧਦੇ ਹੋਏ ਹੁਣ ਨਵੀਆਂ ਸਨਅਤੀ ਇਕਾਈਆਂ ਲਈ ‘ਡਿਮਾਂਡ ਅਪਰੂਵਲਜ਼’ ਜਾਰੀ ਕਰੇਗੀ। ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਨੇ ਹੁਣ ਤੱਕ 50,871 ਕਰੋੜ ਰੁਪਏ ਦਾ ਨਿਵੇਸ਼ ਪ੍ਰਾਪਤ ਕੀਤਾ ਹੈ, ਜਿਸ ਨਾਲ ਨੌਜਵਾਨਾਂ ਲਈ 2.86 ਲੱਖ ਨੌਕਰੀਆਂ ਪੈਦਾ ਹੋਣਗੀਆਂ। ਸੂਬੇ ਵਿੱਚ ਗਰੀਨ ਸਟੈਂਪ ਪੇਪਰ ਦੀ ਸ਼ੁਰੂਆਤ ਨੂੰ ਅਹਿਮ ਪ੍ਰਾਪਤੀ ਕਰਾਰ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਨਾਲ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ। ਮੁੱਖ ਮੰਤਰੀ ਨੇ ਪੰਜਾਬ ਭਰ ਦੇ ਫੋਕਲ ਪੁਆਇੰਟਾਂ ਲਈ 14 ਨਵੀਆਂ ਪੁਲੀਸ ਪੋਸਟਾਂ ਸਥਾਪਤ ਕਰਨ ਦਾ ਐਲਾਨ ਕੀਤਾ। ਸ੍ਰੀ ਮਾਨ ਨੇ ਉਦਯੋਗਪਤੀਆਂ ਨਾਲ ਵਿਚਾਰ-ਵਟਾਂਦਰਾ ਕੀਤਾ ਅਤੇ ਮੌਕੇ ’ਤੇ ਹੀ ਅਧਿਕਾਰੀਆਂ ਨੂੰ ਸਮੱਸਿਆਵਾਂ ਦੇ ਹੱਲ ਲਈ ਨਿਰਦੇਸ਼ ਦਿੱਤੇ। ਇਸ ਮੌਕੇ ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੀਐੱਚਡੀ ਚੈਂਬਰਜ਼ ਦੀ ਕਿਤਾਬ ਦੀ ਘੁੰਡ ਚੁਕਾਈ ਵੀ ਕੀਤੀ। ‘ਆਪ’ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਕਿਹਾ, ‘‘ਅੱਜ ਅਸੀਂ ਸਨਅਤਕਾਰਾਂ ਤੋਂ ਵੋਟਾਂ ਮੰਗਣ ਨਹੀਂ, ਬਲਕਿ ਉਨ੍ਹਾਂ ਦੀਆਂ ਸਮੱਸਿਆਵਾਂ ਸੁਣਨ ਲਈ ਆਏ ਹਾਂ।’’ ਇਸ ਤੋਂ ਪਹਿਲਾਂ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਧੰਨਵਾਦੀ ਸ਼ਬਦ ਕਹੇ। ਮੁੱਖ ਸਕੱਤਰ ਅਨੁਰਾਗ ਵਰਮਾ ਨੇ ਸੂਬੇ ਦੀ ਉਦਯੋਗ ਅਤੇ ਵਪਾਰ ਨੀਤੀ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਬਾਰੇ ਗੱਲ ਕੀਤੀ। ਇਸ ਮੌਕੇ ਕੈਬਨਿਟ ਮੰਤਰੀ ਅਮਨ ਅਰੋੜਾ, ਰਾਜ ਸਭਾ ਮੈਂਬਰ ਰਾਘਵ ਚੱਢਾ, ਵਿਧਾਇਕ ਕੁਲਵੰਤ ਸਿੰਘ, ਡਿਪਟੀ ਕਮਿਸ਼ਨਰ ਆਸ਼ਿਕਾ ਜੈਨ, ਵਿਕਰਮਜੀਤ ਸਾਹਨੀ, ਅਸ਼ੋਕ ਮਿੱਤਲ ਤੇ ਆਈਜੀ ਗੁਰਪ੍ਰੀਤ ਸਿੰਘ ਭੁੱਲਰ ਵੀ ਹਾਜ਼ਰ ਸਨ।