ਝੂਠ ਦੀ ਬੁਨਿਆਦ ’ਤੇ ਟਿਕੀ ਹੋਈ ਹੈ ‘ਆਪ’ ਸਰਕਾਰ: ਸੁਖਬੀਰ

ਝੂਠ ਦੀ ਬੁਨਿਆਦ ’ਤੇ ਟਿਕੀ ਹੋਈ ਹੈ ‘ਆਪ’ ਸਰਕਾਰ: ਸੁਖਬੀਰ

ਤਲਵੰਡੀ ਸਾਬੋ – ਯੂਥ ਅਕਾਲੀ ਦਲ ਵੱਲੋਂ ਅੱਜ ਇੱਕ ਵਰਕਰ ਮਿਲਣੀ ਕੀਤੀ ਗਈ ਜਿਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਅਕਾਲੀ ਦਲ ਦੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਦੇ ਪੁੱਤਰ ਗੁਰਬਾਜ਼ ਸਿੰਘ ਸਿੱਧੂ ਦੀ ਅਗਵਾਈ ਹੇਠ ਕੀਤੀ ਗਈ ਵਰਕਰ ਮਿਲਣੀ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ ਨੇ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਨਸ਼ਿਆਂ ਨੂੰ ਠੱਲ੍ਹ ਨਾ ਪਾ ਸਕਣ ਦੇ ਦੋਸ਼ ਲਾਉਂਦਿਆਂ ਨੌਜਵਾਨਾਂ ਨੂੰ ਪਿੰਡ ਪਿੰਡ ਨਸ਼ਿਆਂ ਖ਼ਿਲਾਫ਼ ਲਹਿਰ ਖੜ੍ਹੀ ਕਰਨ ਦਾ ਸੱਦਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕਿਹਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਸਰਕਾਰ ਪੂਰੀ ਤਰ੍ਹਾਂ ਝੂਠ ਦੀ ਬੁਨਿਆਦ ’ਤੇ ਟਿਕੀ ਹੋਈ ਹੈ। ਕਰੋੜਾਂ ਰੁਪਏ ਦੇ ਇਸ਼ਤਿਹਾਰ ਦੂਜੇ ਸੂਬਿਆਂ ਦੇ ਅਖ਼ਬਾਰਾਂ ਵਿੱਚ ਦੇ ਕੇ ਮੁੱਖ ਮੰਤਰੀ ਭਗਵੰਤ ਮਾਨ ਦਾਅਵਾ ਕਰ ਰਹੇ ਨੇ ਕਿ ਉਨ੍ਹਾਂ ਪੰਜਾਬ ਵਿੱਚ ਹੜ੍ਹਾਂ ਦਾ ਪੂਰਾ ਮੁਆਵਜ਼ਾ ਦਿੱਤਾ ਜਦਕਿ ਸੱਚ ਇਹ ਹੈ ਕਿ ਅਜੇ ਤੱਕ 186 ਕਰੋੜ ਹੀ ਜਾਰੀ ਕੀਤੇ ਗਏ ਹਨ। ਅਕਾਲੀ ਸਰਕਾਰ ਸਮੇਂ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਨਰਮਾ ਖਰਾਬੀ ਦੇ ਮਾਲਵਾ ਪੱਟੀ ਦੇ ਕਿਸਾਨਾਂ ਨੂੰ 800 ਕਰੋੜ ਰੁਪਏ ਮੁਆਵਜ਼ੇ ਵਜੋਂ ਵੰਡੇ ਸਨ।

ਸੁਖਬੀਰ ਬਾਦਲ ਨੇ ਕਿਹਾ ਕਿ ਹੜ੍ਹਾਂ ਕਾਰਨ ਕਰੀਬ 10 ਹਜ਼ਾਰ ਕਰੋੜ ਦਾ ਨੁਕਸਾਨ ਹੋਇਆ ਹੈ ਅਤੇ ਮੁਰਗੀ ਤੱਕ ਦਾ ਮੁਆਵਜ਼ਾ ਦੇਣ ਦਾ ਦਾਅਵਾ ਕਰਨ ਵਾਲੀ ਸਰਕਾਰ ਹੁਣ ਵਾਅਦਾ ਪੂਰਾ ਕਰੇ। ਉਨ੍ਹਾਂ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਵੱਲੋਂ ਸ਼ੁਰੂ ਕੀਤੇ ਮੈਰੀਟੋਰੀਅਸ ਸਕੂਲਾਂ ਵਿੱਚੋਂ ਇੱਕ ’ਤੇ ਰੰਗ ਰੋਗਨ ਕਰ ਕੇ ਉਸ ਨੂੰ ਸਰਕਾਰ ‘ਸਕੂਲ ਆਫ ਐਮੀਨੈਂਸ’ ਦੱਸ ਰਹੀ ਹੈ, ਪਰ ਸੱਚ ਇਹ ਹੈ ਕਿ ਸਰਕਾਰ ਨੇ ਇੱਕ ਵੀ ਸਕੂਲ ਨਵਾਂ ਨਹੀਂ ਬਣਵਾਇਆ। ਮੁਹੱਲਾ ਕਲੀਨਿਕਾਂ ਦਾ ਢੰਡੋਰਾ ਪਿੱਟਣ ਵਾਲੀ ਸਰਕਾਰ ਨੇ ਪਹਿਲਾਂ ਵਾਲੀਆਂ ਪੇਂਡੂ ਡਿਸਪੈਂਸਰੀਆਂ ਬਿਲਕੁਲ ਬੰਦ ਕਰ ਦਿੱਤੀਆਂ ਹਨ। ਸ੍ਰੀ ਬਾਦਲ ਨੇ ਇਸ ਮੌਕੇ ‘ਆਪ’ ਸਰਕਾਰ ’ਤੇ ਪੰਜਾਬ ਦੇ ਨੌਜਵਾਨਾਂ ਦੀ ਬਜਾਇ ਹਰਿਆਣਾ ਅਤੇ ਰਾਜਸਥਾਨ ਦੇ ਨੌਜਵਾਨਾਂ ਨੂੰ ਨੌਕਰੀਆਂ ਦੇਣ ਦੇ ਦੋਸ਼ ਵੀ ਲਾਏ। ਹਲਕਾ ਇੰਚਾਰਜ ਜੀਤਮਹਿੰਦਰ ਸਿੰਘ ਸਿੱਧੂ ਨੇ ਸੁਖਬੀਰ ਬਾਦਲ ਦਾ ਸਨਮਾਨ ਕਰਦਿਆਂ ਵਰਕਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਬਲਕਾਰ ਸਿੰਘ ਬਰਾੜ ਜ਼ਿਲ੍ਹਾ ਪ੍ਰਧਾਨ, ਬਸਪਾ ਸੂਬਾਈ ਸਕੱਤਰ ਮਾਸਟਰ ਜਗਦੀਪ ਸਿੰਘ ਗੋਗੀ ਤੇ ਮੋਹਣ ਸਿੰਘ ਬੰਗੀ ਹਾਜ਼ਰ ਸਨ।