ਮਹਾਰਾਸ਼ਟਰ: ਸਪੀਕਰ ਨੇ ਸ਼ਿਵ ਸੈਨਾ ਦੇ ਧੜਿਆਂ ਦੀਆਂ ਅਯੋਗਤਾ ਅਰਜ਼ੀਆਂ ’ਤੇ ਸੁਣਵਾਈ ਸ਼ੁਰੂ ਕੀਤੀ

ਮਹਾਰਾਸ਼ਟਰ: ਸਪੀਕਰ ਨੇ ਸ਼ਿਵ ਸੈਨਾ ਦੇ ਧੜਿਆਂ ਦੀਆਂ ਅਯੋਗਤਾ ਅਰਜ਼ੀਆਂ ’ਤੇ ਸੁਣਵਾਈ ਸ਼ੁਰੂ ਕੀਤੀ

ਸ਼ਿੰਦੇ ਧੜੇ ਨੇ ਢੁੱਕਵੇਂ ਦਸਤਾਵੇਜ਼ ਨਾ ਦੇਣ ਦਾ ਦੋਸ਼ ਲਾਇਆ
ਮੁੰਬਈ – ਮਹਾਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਰਾਹੁਲ ਨਾਰਵੇਕਰ ਨੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਅਤੇ ਊਧਵ ਠਾਕਰੇ ਦੀ ਅਗਵਾਈ ਹੇਠਲੇ ਸ਼ਿਵ ਸੈਨਾ ਦੇ ਦੋਵੇਂ ਧੜਿਆਂ ਵੱਲੋਂ ਇਕ-ਦੂਜੇ ਖ਼ਿਲਾਫ਼ ਦਾਖ਼ਲ ਅਯੋਗਤਾ ਅਰਜ਼ੀਆਂ ’ਤੇ ਸੁਣਵਾਈ ਸ਼ੁਰੂ ਕਰ ਦਿੱਤੀ ਹੈ। ਦੱਖਣੀ ਮੁੰਬਈ ਸਥਿਤ ਵਿਧਾਨ ਸਭਾ ਕੰਪਲੈਕਸ (ਵਿਧਾਨ ਭਵਨ) ’ਚ ਸੁਣਵਾਈ ਸਵੇਰੇ ਕਰੀਬ ਸਾਢੇ 10 ਵਜੇ ਸ਼ੁਰੂ ਹੋਈ ਜੋ ਦੁਪਹਿਰ ਕਰੀਬ 2 ਵਜੇ ਤੱਕ ਜਾਰੀ ਰਹੀ। ਕੁੱਲ 34 ਪਟੀਸ਼ਨਾਂ ’ਤੇ ਸੁਣਵਾਈ ਹੋ ਰਹੀ ਹੈ ਅਤੇ ਦੋਵੇਂ ਧੜਿਆਂ ਦੀ ਨੁਮਾਇੰਦਗੀ ਉਨ੍ਹਾਂ ਦੇ ਵਕੀਲ ਕਰ ਰਹੇ ਹਨ। ਸ਼ਿੰਦੇ ਧੜੇ ਦੀ ਅਗਵਾਈ ਹੇਠਲੀ ਸ਼ਿਵ ਸੈਨਾ ਦੇ ਵਕੀਲ ਅਨਿਲ ਸਾਖਰੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਟੀਮ ਨੂੰ ਦੂਜੇ ਧੜੇ ਤੋਂ ਢੁੱਕਵੇਂ ਦਸਤਾਵੇਜ਼ ਨਹੀਂ ਮਿਲੇ ਹਨ। ਊਧਵ ਠਾਕਰੇ ਧੜੇ ਦੇ ਵਿਧਾਇਕ ਰਵਿੰਦਰ ਵਾਇਕਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਸ਼ਿੰਦੇ ਧੜੇ ਵੱਲੋਂ ਮਾਮਲੇ ਨੂੰ ਲਮਕਾਉਣ ਦੀ ਰਣਨੀਤੀ ਦਾ ਹਿੱਸਾ ਹੈ। ਉਸ ਨੇ ਕਿਹਾ ਕਿ ਸਪੀਕਰ ਨੇ ਸਾਰੇ ਢੁੱਕਵੇਂ ਦਸਤਾਵੇਜ਼ ਦੋਵੇਂ ਧਿਰਾਂ ਨੂੰ ਮੁਹੱਈਆ ਕਰਾਉਣੇ ਹੁੰਦੇ ਹਨ। ਉਸ ਨੇ ਕਿਹਾ ਕਿ ਠਾਕਰੇ ਧੜਾ ਸਾਰੀਆਂ ਪਟੀਸ਼ਨਾਂ ਨੂੰ ਜੋੜ ਕੇ ਉਨ੍ਹਾਂ ’ਤੇ ਸੁਣਵਾਈ ਚਾਹੁੰਦਾ ਹੈ। ਵਾਇਕਰ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਮੰਨਿਆ ਹੈ ਕਿ ਠਾਕਰੇ ਧੜੇ ਨਾਲ ਸਬੰਧਤ ਸੁਨੀਲ ਪ੍ਰਭੂ ਵੱਲੋਂ ਜਾਰੀ ਵ੍ਹਿੱਪ ਜਾਇਜ਼ ਹੈ। ਸੁਣਵਾਈ ਹੁਣ ਅਗਲੇ ਹਫ਼ਤੇ ਹੋਵੇਗੀ।