ਜਵਾਨਾਂ ਦੀ ਸ਼ਹਾਦਤ ਵਾਲੇ ਦਿਨ ਭਾਜਪਾ ਦੇ ਜਸ਼ਨਾਂ ’ਤੇ ਵਿਰੋਧੀ ਧਿਰ ਨੇ ਚੁੱਕੇ ਸਵਾਲ

ਜਵਾਨਾਂ ਦੀ ਸ਼ਹਾਦਤ ਵਾਲੇ ਦਿਨ ਭਾਜਪਾ ਦੇ ਜਸ਼ਨਾਂ ’ਤੇ ਵਿਰੋਧੀ ਧਿਰ ਨੇ ਚੁੱਕੇ ਸਵਾਲ

ਵਿਰੋਧੀ ਪਾਰਟੀਆਂ ਦੇ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਸੰਵੇਦਨਹੀਣ ਦੱਸਿਆ
ਬੀਤੇ ਦਿਨ ਭਾਜਪਾ ਦੇ ਹੈੱਡਕੁਆਰਟਰ ’ਤੇ ਜੀ20 ਦੀ ਕਾਮਯਾਬੀ ਦੇ ਮਨਾਏ ਗਏ ਸੀ ਜਸ਼ਨ

ਨਵੀਂ ਦਿੱਲੀ- ਵਿਰੋਧੀ ਪਾਰਟੀਆਂ ਦੇ ਗੱਠਜੋੜ ‘ਇੰਡੀਆ’ ਦੇ ਕੁਝ ਭਾਈਵਾਲਾਂ ਨੇ ਅੱਜ ਭਾਜਪਾ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਜਿਸ ਦਿਨ ਜੰਮੂ ਕਸ਼ਮੀਰ ’ਚ ਅਤਿਵਾਦੀਆਂ ਮੁਕਾਬਲਾ ਕਰਦੇ ਹੋਏ ਸੈਨਾ ਤੇ ਪੁਲੀਸ ਦੇ ਤਿੰਨ ਅਧਿਕਾਰੀ ਸ਼ਹੀਦ ਹੋ ਗਏ ਸੀ, ਉਸੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਪਾਰਟੀ ਹੈੱਡਕੁਆਰਟਰ ਪਹੁੰਚਣ ’ਤੇ ਜਸ਼ਨ ਕਿਉਂ ਮਨਾਏ ਗਏ? ਉਨ੍ਹਾਂ ਕਿਹਾ ਕਿ ਇਹ ਜਸ਼ਨ ਟਾਲਿਆ ਵੀ ਜਾ ਸਕਦਾ ਸੀ। ਇਹ ਜਸ਼ਨ ਜੀ-20 ਸੰਮੇਲਨ ਦੀ ਕਾਮਯਾਬੀ ਲਈ ਮਨਾਇਆ ਗਿਆ ਸੀ।

ਸੋਸ਼ਲ ਮੀਡੀਆ ਮੰਚ ਐਕਸ ’ਤੇ ਕਾਂਗਰਸ ਨੇ ਪ੍ਰਧਾਨ ਮੰਤਰੀ ਨੂੰ ‘ਸੰਵੇਦਨਹੀਣ’ ਕਰਾਰ ਦਿੱਤਾ ਅਤੇ ਉਨ੍ਹਾਂ ਸ਼ਹੀਦ ਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੇ ਰੋਂਦਿਆਂ ਦੀਆਂ ਤੇ ਪ੍ਰਧਾਨ ਮੰਤਰੀ ਦਾ ਭਾਜਪਾ ਹੈੱਡਕੁਆਰਟਰ ’ਤੇ ਫੁੱਲਾਂ ਨਾਲ ਸਵਾਗਤ ਕੀਤੇ ਜਾਣ ਦੀਆਂ ਵੀਡੀਓਜ਼ ਵੀ ਸਾਂਝੀਆਂ ਕੀਤੀਆਂ। ਕਾਂਗਰਸ ਆਗੂ ਪਵਨ ਖੇੜਾ ਨੇ ਐਕਸ ’ਤੇ ਲਿਖਿਆ ਕਿ ਜਿਸ ਸਮੇਂ ਸਾਡੀ ਫੌਜ ਦੇ ਤਿੰਨ ਅਫਸਰਾਂ ਦੇ ਸ਼ਹੀਦ ਹੋਣ ਦੀ ਦੁਖਦਾਈ ਖ਼ਬਰ ਆ ਰਹੀ ਸੀ, ਉਸੇ ਸਮੇਂ ਭਾਜਪਾ ਦੇ ਹੈਡਕੁਆਰਟਰ ’ਤੇ ‘ਬਾਦਸ਼ਾਹ’ ਲਈ ਜਸ਼ਨ ਮਨਾਇਆ ਜਾ ਰਿਹਾ ਸੀ। ਉਨ੍ਹਾਂ ਕਿਹਾ, ‘ਕੁਝ ਵੀ ਹੋਵੇ ਪ੍ਰਧਾਨ ਮੰਤਰੀ ਆਪਣੀ ਵਾਹਵਾਹੀ ਨਹੀਂ ਟਾਲ ਸਕਦੇ।’ ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਨੇ ਪ੍ਰਧਾਨ ਮੰਤਰੀ ਦੇ ਸਵਾਗਤ ਦੀਆਂ ਤਸਵੀਰਾਂ ਸਾਂਝੀਆਂ ਕਰਦਿਆਂ ਕਿਹਾ, ‘ਸ਼ਹੀਦ ਜਵਾਨਾਂ ਦੇ ਛੋਟੇ-ਛੋਟੇ ਬੱਚਿਆਂ ਦੀਆਂ ਤਸਵੀਰਾਂ ਦੇਖ ਕੇ ਮੇਰਾ ਦਿਲ ਟੁੱਟ ਗਿਆ ਅਤੇ ਉੱਥੇ ਜਸ਼ਨ ਨਹੀਂ ਰੁਕੇ। ਉਨ੍ਹਾਂ ਪੁਲਵਾਮਾ ’ਚ 40 ਜਵਾਨਾਂ ਦੇ ਸ਼ਹੀਦ ਹੋਣ ਮਗਰੋਂ ਵੀ ਆਪਣੀ ਸ਼ੂਟਿੰਗ ਨਹੀਂ ਰੋਕੀ ਸੀ। ਅਜਿਹੀ ਸੰਵੇਦਨਹੀਣਤਾ ਸੋਚੀ ਵੀ ਨਹੀਂ ਜਾ ਸਕਦੀ।’ ਸ਼ਿਵ ਸੈਨਾ (ਊਧਵ ਠਾਕਰੇ) ਆਗੂ ਪ੍ਰਿਯੰਕਾ ਚਤੁਰਵੇਦੀ ਨੇ ਕਿਹਾ, ‘ਇਹ (ਜਸ਼ਨ) ਟਾਲਿਆ ਜਾ ਸਕਦਾ ਸੀ। ਵਧੇਰੇ ਸੰਵੇਦਨਸ਼ੀਲ ਹੋਣ ਦੀ ਆਸ ਸੀ ਤੇ ਖਾਸ ਕਰਕੇ ਅਜਿਹੇ ਸਮੇਂ ਜਦੋਂ ਸਾਡੇ ਜਵਾਨ ਅਤਿਵਾਦੀਆਂ ਨਾਲ ਗਹਿਗੱਚ ਜੰਗ ਲੜ ਰਹੇ ਹਨ।’ ਆਰਜੇਡੀ ਆਗੂ ਮਨੋਜ ਝਾਅ ਨੇ ਕਿਹਾ, ‘ਜਿਸ ਦਿਨ ਸਾਡੇ ਜਵਾਨ ਸ਼ਹੀਦ ਹੋਏ, ਅਸੀਂ ਭਾਜਪਾ ਦੇ ਦਫ਼ਤਰ ’ਚ ਮਨਾਏ ਗਏ ਜਸ਼ਨ ਵੀ ਦੇਖੇ। ਦੇਸ਼ ਦੋਵੇਂ ਦ੍ਰਿਸ਼ ਇੱਕੋ ਸਮੇਂ ਦੇਖ ਰਿਹਾ ਸੀ।’ ਉਨ੍ਹਾਂ ਕਿਹਾ, ‘ਪੁਲਵਾਮਾ ਹਮਲੇ ਸਮੇਂ ਉਨ੍ਹਾਂ ਕਿਹਾ ਸੀ ਕਿ ਉਨ੍ਹਾਂ ਨੂੰ ਜਾਣਕਾਰੀ ਦੇਰੀ ਨਾਲ ਮਿਲੀ। ਪਰ ਇਸ ਵਾਰ ਉਹ ਸਵੇਰ ਤੋਂ ਸਭ ਕੁਝ ਜਾਣਦੇ ਸਨ। ਹਾਕਮ ਪਾਰਟੀ ਦੇ ਪ੍ਰਧਾਨ ਮੰਤਰੀ ਜਸ਼ਨ ਮਨਾ ਰਹੇ ਸਨ।’ ‘ਆਪ’ ਦੇ ਰਾਜ ਸਭਾ ਮੈਂਬਰ ਸੰਜੈ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਅਫਸੋਸ ਤੇ ਸ਼ਰਮ ਦੀ ਗੱਲ ਹੈ ਕਿ ਅਨੰਤਨਾਗ ਵਿੱਚ ਅਤਿਵਾਦੀਆਂ ਨਾਲ ਲੜਦੇ ਹੋਏ ਸਾਡੇ ਜਵਾਨ ਸ਼ਹੀਦ ਹੋਏ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਨ੍ਹਾਂ ਦੀ ਸਰਕਾਰ ਜਸ਼ਨ ਮਨਾ ਰਹੀ ਹੈ। ਬਹਾਦਰ ਜਾਨਵਰ ਫੌਜੀ ਕੁੱਤੇ ਨੇ ਵੀ ਅਤਿਵਾਦੀਆਂ ਨਾਲ ਲੜਦੇ ਹੋਏ ਆਪਣੀ ਜਾਨ ਕੁਰਬਾਨ ਕਰ ਦਿੱਤੀ ਪਰ ਭਾਰਤ ਦੇ ਪ੍ਰਧਾਨ ਮੰਤਰੀ ਆਪਣੇ ਜਵਾਨਾਂ ਪ੍ਰਤੀ ਸੰਜੀਦਾ ਨਹੀਂ ਹਨ। ਉਨ੍ਹਾਂ ਕਿਹਾ ਕਿ ਬ੍ਰਾਜ਼ੀਲ ਦੇ ਇੱਕ ਫੁੱਟਬਾਲਰ ਦੇ ਜ਼ਖਮੀ ਹੋਣ ’ਤੇ ਭਾਰਤ ਦੇ ਪ੍ਰਧਾਨ ਮੰਤਰੀ ਨੇ ਟਵੀਟ ਕੀਤਾ। ਸੰਸਾਰ ਦੀਆਂ ਸਾਰੀਆਂ ਘਟਨਾਵਾਂ ’ਤੇ ਸੰਵੇਦਨਾ ਪ੍ਰਗਟ ਕੀਤੀ ਪਰ ਪ੍ਰਧਾਨ ਮੰਤਰੀ ਕੋਲ ਆਪਣੀ ਫ਼ੌਜ ਦੇ ਸ਼ਹੀਦ ਜਵਾਨਾਂ ਪ੍ਰਤੀ ਟਵੀਟ ਕਰਨ ਲਈ 2 ਮਿੰਟ ਵੀ ਨਹੀਂ ਹਨ।