ਪਾਕਿਸਤਾਨ ਨੂੰ ਢੁੱਕਵਾਂ ਜਵਾਬ ਦੇਵੇ ਕੇਂਦਰ: ਸੰਜੈ ਸਿੰਘ

ਪਾਕਿਸਤਾਨ ਨੂੰ ਢੁੱਕਵਾਂ ਜਵਾਬ ਦੇਵੇ ਕੇਂਦਰ: ਸੰਜੈ ਸਿੰਘ

ਫਾਰੂਕ ਅਬਦੁੱਲ੍ਹਾ ਨੇ ਸ਼ਾਂਤੀ ਕਾਇਮ ਕਰਨ ਲਈ ਵਾਰਤਾ ਦੀ ਕੀਤੀ ਵਕਾਲਤ
ਨਵੀਂ ਦਿੱਲੀ/ਸ੍ਰੀਨਗਰ- ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਸੰਜੈ ਸਿੰਘ ਨੇ ਅੱਜ ਕਿਹਾ ਕਿ ਅਨੰਤਨਾਗ ’ਚ ਫੌਜ ਦੇ ਚਾਰ ਜਵਾਨਾਂ ਦੀ ਸ਼ਹਾਦਤ ਤੋਂ ਬਾਅਦ ਕੇਂਦਰ ਸਰਕਾਰ ਨੂੰ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅਤਿਵਾਦ ਨੂੰ ਢੁੱਕਵਾਂ ਜਵਾਬ ਦੇਣਾ ਚਾਹੀਦਾ ਹੈ। ਦੂਜੇ ਪਾਸੇ ਨੈਸ਼ਨਲ ਕਾਨਫਰੰਸ ਦੇ ਆਗੂ ਫਾਰੂਕ ਅਬਦੁੱਲ੍ਹਾ ਨੇ ਜੰਮੂ ਕਸ਼ਮੀਰ ’ਚ ਸ਼ਾਂਤੀ ਲਈ ਵਾਰਤਾ ਦੀ ਪੈਰਵੀ ਕੀਤੀ ਹੈ।

ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੰਜੈ ਸਿੰਘ ਨੇ ਕਿਹਾ, ‘ਮੈਂ ਮੰਗ ਕਰਦਾ ਹਾਂ ਕਿ ਨਰਿੰਦਰ ਮੋਦੀ ਸਰਕਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਦੀ ਸੰਭਾਲ ਕਰੇ ਅਤੇ ਉਨ੍ਹਾਂ ਨੂੰ ਰੁਜ਼ਗਾਰ ਸਮੇਤ ਹੋਰ ਵੱਧ ਤੋਂ ਵੱਧ ਮਦਦ ਮੁਹੱਈਆ ਕੀਤੀ ਜਾਵੇ।’ ਉਨ੍ਹਾਂ ਕਿਹਾ, ‘ਸਰਕਾਰ ਨੂੰ ਪਾਕਿਸਤਾਨ ਤੋਂ ਸ਼ਹਿ ਪ੍ਰਾਪਤ ਅਤਿਵਾਦੀਆਂ ਨੂੰ ਢੁੱਕਵਾਂ ਜਵਾਬ ਦੇਣਾ ਚਾਹੀਦਾ ਹੈ। ਜੇਕਰ ਸਰਕਾਰ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਅਸੀਂ ਸੰਸਦ ਦੇ ਵਿਸ਼ੇਸ਼ ਸੈਸ਼ਨ ’ਚ ਇਹ ਮੁੱਦਾ ਚੁੱਕਾਂਗੇ।’ ਡੀਐੱਮਕੇ ਦੇ ਆਗੂਆਂ ਵੱਲੋਂ ਸਨਾਤਨ ਧਰਮ ਬਾਰੇ ਕੀਤੀ ਟਿੱਪਣੀ ਦੇ ਜਵਾਬ ਵਿੱਚ ਉਨ੍ਹਾਂ ਕਿਹਾ, ‘ਸਨਾਤਨ ਧਰਮ ਦੀ ਸਭ ਤੋਂ ਜਿਆਦਾ ਬੇਇੱਜ਼ਤੀ ਭਾਜਪਾ ਨੇ ਕੀਤੀ ਹੈ। ਉਹ ਰਾਮ ਮੰਦਿਰ ਲਈ ਮਿਲੇ ਦਾਨ ਦੀ ਚੋਰੀ ’ਚ ਸ਼ਾਮਲ ਸਨ। ਉਨ੍ਹਾਂ ਦੇ ਆਗੂ ਦਿਨੇਸ਼ ਸ਼ਰਮਾ ਨੇ ਦੇਵੀ ਸੀਤਾ ਨੂੰ ਇੱਕ ਟੈਸਟ ਟਿਊਬ ਬੇਬੀ ਕਿਹਾ ਸੀ। ਭਾਜਪਾ ਆਗੂਆਂ ਨੂੰ ਸਨਾਤਨ ਧਰਮ ਤੇ ਹਿੰਦੂ ਧਰਮ ਬਾਰੇ ਗੱਲ ਨਹੀਂ ਕਰਨੀ ਚਾਹੀਦੀ।’ ਉਨ੍ਹਾਂ ਕਿਹਾ, ‘ਕਿਸੇ ਨੂੰ ਵੀ ਕਿਸੇ ਵੀ ਧਰਮ ਦੀ ਬੇਇੱਜ਼ਤੀ ਨਹੀਂ ਕਰਨੀ ਚਾਹੀਦੀ ਤੇ ਸਾਰੇ ਧਰਮਾਂ ਦਾ ਸਨਮਾਨ ਕਰਨਾ ਚਾਹੀਦਾ ਹੈ।’ ਇਸੇ ਦੌਰਾਨ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲ੍ਹਾ ਨੇ ਕਿਹਾ ਕਿ ਜੇਕਰ ਭਾਰਤ ਤੇ ਪਾਕਿਸਤਾਨ ਜੰਮੂ ਕਸ਼ਮੀਰ ’ਚ ਖੂਨ ਖਰਾਬਾ ਖਤਮ ਕਰਨਾ ਚਾਹੁੰਦੇ ਹਨ ਤੇ ਸ਼ਾਂਤੀ ਦਾ ਸਥਾਈ ਮਾਹੌਲ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਵਾਰਤਾ ਕਰਨੀ ਪਵੇਗੀ। ਉਨ੍ਹਾਂ ਕਿਹਾ ਕਿ ਜੰਗ ਨਾਲ ਨਾ ਤਾਂ ਪਹਿਲਾਂ ਮਸਲਿਆਂ ਦਾ ਹੱਲ ਹੁੰਦਾ ਸੀ ਤੇ ਨਾ ਹੀ ਭਵਿੱਖ ’ਚ ਹੋਵੇਗਾ। ਇਸੇ ਦੌਰਾਨ ਜੰਮੂ ਵਿੱਚ ਭਾਜਪਾ ਸਮੇਤ ਵੱਖ ਵੱਖ ਜਥੇਬੰਦੀਆਂ ਨੇ ਅਨੰਤਨਾਗ ਘਟਨਾ ਦੇ ਰੋਸ ਵਜੋਂ ਰੋਸ ਮੁਜ਼ਾਹਰੇ ਤੇ ਰੈਲੀਆਂ ਕੀਤੀਆਂ।