ਸਾਰਾਗੜ੍ਹੀ ਦੇ ਸ਼ਹੀਦ ਸਦਾ ਯਾਦ ਰਹਿਣਗੇ: ਭਗਵੰਤ ਮਾਨ

ਸਾਰਾਗੜ੍ਹੀ ਦੇ ਸ਼ਹੀਦ ਸਦਾ ਯਾਦ ਰਹਿਣਗੇ: ਭਗਵੰਤ ਮਾਨ

ਮੁੱਖ ਮੰਤਰੀ ਨੇ ‘ਸਾਰਾਗੜ੍ਹੀ ਵਾਰ ਮੈਮੋਰੀਅਲ’ ਦਾ ਨੀਂਹ ਪੱਥਰ ਰੱਖਿਆ
ਫ਼ਿਰੋਜ਼ਪੁਰ- ਦੁਨੀਆ ਦੀਆਂ ਦਸ ਵੱਡੀਆਂ ਜੰਗਾਂ ਵਿੱਚ ਸ਼ੁਮਾਰ ਸਾਰਾਗੜ੍ਹੀ ਕਿਲ੍ਹੇ ਦੀ ਇਤਿਹਾਸਕ ਜੰਗ ਵੇਲੇ 36 ਸਿੱਖ ਰੈਜੀਮੈਂਟ ਦੇ 21 ਸੂਰਬੀਰ ਸਿੱਖ ਸੈਨਿਕਾਂ ਦੀਆਂ ਹੋਈਆਂ ਲਾਸਾਨੀ ਕੁਰਬਾਨੀਆਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਰੱਖਿਆ ਜਾਵੇਗਾ। ਇਹ ਵਿਚਾਰ ਅੱਜ ਇੱਥੇ ਸਾਰਾਗੜ੍ਹੀ ਗੁਰਦੁਆਰੇ ’ਚ ਰਾਜ ਪੱਧਰੀ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਪ੍ਰਗਟ ਕੀਤੇ। ਇਸ ਮੌਕੇ ਉਨ੍ਹਾਂ ‘ਸਾਰਾਗੜ੍ਹੀ ਵਾਰ ਮੈਮੋਰੀਅਲ’ ਦਾ ਨੀਂਹ ਪੱਥਰ ਰੱਖਿਆ ਤੇ ਸ਼ਹੀਦ ਸੈਨਿਕਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕੀਤਾ। ਇਹ ਯਾਦਗਾਰ ਛੇ ਮਹੀਨਿਆਂ ਵਿਚ ਮੁਕੰਮਲ ਕੀਤੀ ਜਾਵੇਗੀ ਤੇ ਭਗਵੰਤ ਮਾਨ ਖ਼ੁਦ ਇਸ ਦੀ ਨਿਗਰਾਨੀ ਕਰਨਗੇ। ਉਨ੍ਹਾਂ ਸਾਫ਼ ਸ਼ਬਦਾਂ ਵਿਚ ਕਿਹਾ ਕਿ ਇਸ ਦੇ ਨਿਰਮਾਣ ਵਿਚ ਅਣਉਚਿਤ ਦੇਰੀ ਜਾਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਪੰਜਾਬ ਨੂੰ ਟੂਰਿਸਟ ਹੱਬ ਵਜੋਂ ਵਿਕਸਿਤ ਕਰਨ ਲਈ ਪੰਜਾਬ ਸਰਕਾਰ ਵੱਲੋਂ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਆਖਿਆ ਕਿ ਅੱਜ ਦਾ ਇਹ ਸਮਾਗਮ ਉਨ੍ਹਾਂ ਮਹਾਨ ਯੋਧਿਆਂ ਨੂੰ ਸਮਰਪਿਤ ਕੀਤਾ ਗਿਆ ਹੈ, ਜਿਨ੍ਹਾਂ 12 ਸਤੰਬਰ 1897 ਨੂੰ ਸਾਰਾਗੜ੍ਹੀ ਕਿਲ੍ਹੇ ਦੀ ਰਾਖੀ ਕਰਦਿਆਂ ਦਸ ਹਜ਼ਾਰ ਪਠਾਣਾਂ ਨੂੰ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਇਨ੍ਹਾਂ 21 ਯੋਧਿਆਂ ਦੀਆਂ ਕੁਰਬਾਨੀਆਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਪੰਜਾਬ ਸਰਕਾਰ ਵੱਲੋਂ ‘ਸਾਰਾਗੜ੍ਹੀ ਵਾਰ ਮੈਮੋਰੀਅਲ’ ਲਈ ਖੁੱਲ੍ਹੇ ਦਿਲ ਨਾਲ ਰਕਮ ਖਰਚ ਕੀਤੀ ਜਾਵੇਗੀ ਤੇ ਇਸ ਸਰਹੱਦੀ ਜ਼ਿਲ੍ਹੇ ਨੂੰ ਟੂਰਿਸਟ ਪਲੇਸ ਵਜੋਂ ਵਿਕਸਿਤ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਗੁਰੂਆਂ-ਪੀਰਾਂ ਅਤੇ ਸੂਰਬੀਰਾਂ ਦੀ ਧਰਤੀ ਹੈ, ਜਿਸ ਦੀ ਮਿਸਾਲ ਹੋਰ ਕਿਧਰੇ ਵੀ ਨਹੀਂ ਮਿਲਦੀ। ਉਨ੍ਹਾਂ ਛੋਟੇ ਸਾਹਿਬਜ਼ਾਦਿਆਂ ਦੀਆਂ ਕੁਰਬਾਨੀਆਂ ਦਾ ਜ਼ਿਕਰ ਵੀ ਕੀਤਾ ਤੇ ਪਹਿਲੀ ਵਾਰ ਸੰਸਦ ਵਿਚ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਰਧਾਂਜਲੀ ਦੇਣ ਦਾ ਕਿੱਸਾ ਸਾਂਝਾ ਕੀਤਾ। ਉਨ੍ਹਾਂ ਆਖਿਆ ਕਿ ਦਸੰਬਰ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦੀ ਸ਼ਹਾਦਤ ਕਰਕੇ ਪੰਜਾਬ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਇਸ ਮਹੀਨੇ ’ਚ ਸਰਕਾਰੀ ਪੱਧਰ ਉਤੇ ਕੋਈ ਵੀ ਖ਼ੁਸ਼ੀ ਦਾ ਸਮਾਗਮ ਨਹੀਂ ਮਨਾਇਆ ਜਾਵੇਗਾ। ਸੂਬੇ ਦੇ ਵੱਖ ਵੱਖ ਵਿਭਾਗਾਂ ’ਚ ਨਵੇਂ ਭਰਤੀ ਕੀਤੇ ਮੁਲਾਜ਼ਮਾਂ ਨੂੰ ਚੰਡੀਗੜ੍ਹ ਵਿੱਚ ਨਿਯੁਕਤੀ ਪੱਤਰ ਵੰਡਣ ਤੋਂ ਬਾਅਦ ਹੈਲੀਕਾਪਟਰ ਰਾਹੀਂ ਫ਼ਿਰੋਜ਼ਪੁਰ ਪਹੁੰਚੇ ਮੁੱਖ ਮੰਤਰੀ ਮਾਨ ਨੇ ਆਪਣੇ ਸੰਬੋਧਨ ਦੌਰਾਨ ਮੰਚ ਤੋਂ ਕੋਈ ਵੀ ਸਿਆਸੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕੀਤਾ। ਹਾਲਾਂਕਿ ਪੰਜਾਬ ਦੇ ਇਤਿਹਾਸ ’ਚ ਬੇਹੱਦ ਮਹੱਤਵ ਰੱਖਦੇ ਇਸ ਸਥਾਨ ਨੂੰ ਅਣਗੌਲਿਆਂ ਕਰਨ ਲਈ ਉਨ੍ਹਾਂ ਪਿਛਲੀਆਂ ਸਰਕਾਰਾਂ ਦੀ ਨਿਖੇਧੀ ਕੀਤੀ।