ਜੀ20 ਦਾ ਐਲਾਨਨਾਮਾ ਸਮਝੌਤਾ ਕਰਨ ਦੇ ਬਰਾਬਰ: ਮਾਰਕ ਰੁੱਟੇ

ਜੀ20 ਦਾ ਐਲਾਨਨਾਮਾ ਸਮਝੌਤਾ ਕਰਨ ਦੇ ਬਰਾਬਰ: ਮਾਰਕ ਰੁੱਟੇ

ਨੈਦਰਲੈਂਡਜ਼ ਦੇ ਪ੍ਰਧਾਨ ਮੰਤਰੀ ਭਾਰਤ ਦੀ ਅਗਵਾਈ ’ਚ ਐਲਾਨਨਾਮਾ ਪ੍ਰਵਾਨ ਚੜ੍ਹਨ ਤੋਂ ਖ਼ੁਸ਼
ਬੰਗਲੁਰੂ – ਨੈਦਰਲੈਂਡਜ਼ ਦੇ ਪ੍ਰਧਾਨ ਮੰਤਰੀ ਮਾਰਕ ਰੁੱਟੇ ਨੇ ਅੱਜ ਕਿਹਾ ਕਿ ਜੀ20 ਸਿਖਰ ਸੰਮੇਲਨ ਦਾ ਦਿੱਲੀ ਐਲਾਨਨਾਮਾ ਸਪੱਸ਼ਟ ਤੌਰ ’ਤੇ, ਸਮਝੌਤਾ ਕਰਨ ਦੇ ਬਰਾਬਰ ਸੀ, ਜਿਸ ਤਰ੍ਹਾਂ ਆਮ ਤੌਰ ’ਤੇ ਅਜਿਹੇ ਬਹੁਪੱਖੀ ਮੰਚਾਂ ਉਤੇ ਹੁੰਦਾ ਹੈ। ਉਨ੍ਹਾਂ ਨਾਲ ਹੀ ਕਿਹਾ ਕਿ ਇਸ ਗੱਲ ਦੀ ਖ਼ੁਸ਼ੀ ਹੈ ਕਿ ਐਲਾਨਨਾਮੇ ਵਿਚ ਕੁਝ ਅਹਿਮ ਤੱਤ ਵੀ ਹਨ, ਤੇ ਭਾਰਤ ਇਸ ਨੂੰ ਸਿਰੇ ਲਾਉਣ ਵਿਚ ਸਫ਼ਲ ਰਿਹਾ ਹੈ। ਰੁੱਟੇ, ਜਿਨ੍ਹਾਂ ਜੀ20 ਸੰਮੇਲਨ ਵਿਚ ਹਿੱਸਾ ਲਿਆ ਹੈ, ਅੱਜ ਇਕ ਵਿੱਤੀ ਦੌਰੇ ਉਤੇ ਬੰਗਲੁਰੂ ਆਏ ਸਨ। ਨੈਦਰਲੈਂਡਜ਼ ਦੇ ਪ੍ਰਧਾਨ ਮੰਤਰੀ ਅੱਜ ਇੱਥੇ ਮੀਡੀਆ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕੀ ਉਹ ਨਵੀਂ ਦਿੱਲੀ ਐਲਾਨਨਾਮੇ, ਵਿਸ਼ੇਸ਼ ਤੌਰ ’ਤੇ ਯੂਕਰੇਨ ਦੇ ਇਸ ਵਿਚ ਜ਼ਿਕਰ ਤੋਂ ਖ਼ੁਸ਼ ਹਨ। ਮਾਰਕ ਰੁੱਟੇ ਨੇ ਇਸ ਮੌਕੇ ਭਾਰਤ-ਨੈਦਰਲੈਂਡਜ਼ ਦੇ ਸਬੰਧਾਂ ਨੂੰ ਉੱਚਾ ਚੁੱਕਣ ਤੇ ਰਣਨੀਤਕ ਪੱਧਰ ’ਤੇ ਹੋਰ ਮਜ਼ਬੂਤ ਕਰਨ ਉਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿਰਫ਼ ਆਰਥਿਕ ਪੱਖ ਤੋਂ ਹੀ ਨਹੀਂ ਬਲਕਿ ਰਣਨੀਤਕ ਪੱਖ ਤੋਂ ਵੀ ਭਾਈਵਾਲੀ ਮਜ਼ਬੂਤ ਕਰਨ ਦੀ ਲੋੜ ਹੈ। ਮਾਰਕ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਹੋਈ ਮੁਲਾਕਾਤ ਦਾ ਵੀ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਤੇਜ਼ੀ ਨਾਲ ਵਿਕਾਸ ਕਰ ਰਿਹਾ ਹੈ ਤੇ ਚਾਰ-ਪੰਜ ਸਾਲਾਂ ਵਿਚ ਦੁਨੀਆ ਦੀ ਤੀਜੀ ਵੱਡੀ ਆਰਥਿਕਤਾ ਬਣ ਜਾਵੇਗਾ, ਤੇ ਇਸ ਸਫ਼ਰ ਵਿਚ ਭਾਰਤ ਦਾ ਸਾਥੀ ਬਣ ਕੇ ਨੈਦਰਲੈਂਡਜ਼ ਮਾਣ ਮਹਿਸੂਸ ਕਰਦਾ ਹੈ। ਇਸ ਮੌਕੇ ਕਰਨਾਟਕ ਦੇ ਉਪ ਮੁੱਖ ਮੰਤਰੀ ਡੀਕੇ ਸ਼ਿਵਕੁਮਾਰ ਤੇ ਸੂਬੇ ਦੇ ਹੋਰ ਆਗੂ ਹਾਜ਼ਰ ਸਨ।