ਗੁਰਦੁਆਰਾ ਸ੍ਰੀ ਦਮਦਮਾ ਸਾਹਿਬ (ਚਮਕੌਰ ਸਾਹਿਬ)

ਗੁਰਦੁਆਰਾ ਸ੍ਰੀ ਦਮਦਮਾ ਸਾਹਿਬ (ਚਮਕੌਰ ਸਾਹਿਬ)

ਰਮੇਸ਼ ਬੱਗਾ ਚੋਹਲਾ

ਸਿੱਖ ਧਰਮ ‘ਚ ਗੁਰਦੁਆਰਿਆਂ ਦੀ ਖ਼ਾਸ ਮਹੱਤਤਾ ਹੈ। ਇਹ ਪਵਿੱਤਰ ਸਥਾਨ ਜਿੱਥੇ ਸਾਡੇ ਮਹਾਂਪੁਰਖਾਂ ਦੀ ਯਾਦ ਨੂੰ ਤਾਜ਼ਾ ਕਰਵਾਉਂਦੇ ਹਨ, ਉੱਥੇ ਮਨੁੱਖਤਾ ਦਾ ਲੋਕ-ਪ੍ਰਲੋਕ ਸੰਵਾਰਨ ਹਿੱਤ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਸ ਤਰ੍ਹਾਂ ਦੀ ਭੂਮਿਕਾ ਹੀ ਨਿਭਾ ਰਿਹਾ ਹੈ ਮੁਕੱਦਸ ਧਰਤੀ ਚਮਕੌਰ ਸਾਹਿਬ (ਪੰਜਾਬ) ਵਿਖੇ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ। ਚਮਕੌਰ ਸਾਹਿਬ ਦੀ ਸੰਘਣੀ ਆਬਾਦੀ ‘ਚ ਸੁਸ਼ੋਭਿਤ ਗੁਰਦੁਆਰਾ ਦਮਦਮਾ ਸਾਹਿਬ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੁਖਾਂਤਕ ਸਮੇਂ ਦੀ ਯਾਦ ਨਾਲ ਜੁੜਿਆ ਹੋਇਆ ਹੈ। ਜਦੋਂ ਕਲਗੀਧਰ ਪਾਤਸ਼ਾਹ ਆਪਣੇ ਦੋਵਾਂ ਸਾਹਿਬਜ਼ਾਦਿਆਂ (ਬਾਬਾ ਅਜੀਤ ਸਿੰਘ ਤੇ ਬਾਬਾ ਜੁਝਾਰ ਸਿੰਘ) ਅਤੇ ਮਰਜੀਵੜੇ ਸਿੰਘਾਂ ਨਾਲ ਰੋਪੜ ਜ਼ਿਲ੍ਹੇ ਦੇ ਪਿੰਡ ਬੂਰਮਾਜਰੇ ਤੋਂ ਹੁੰਦੇ ਹੋਏ 7 ਪੋਹ ਸੰਮਤ 1761 ਵਾਲੇ ਦਿਨ ਸ਼ਾਮ ਦੇ ਸਮੇਂ ਇਸ ਸਥਾਨ ‘ਤੇ ਪਹੁੰਚੇ ਤਾਂ ਉਨ੍ਹਾਂ ਨੇ ਇਥੋਂ ਦੇ ਇਕ ਹਰੇ-ਭਰੇ ਬਾਗ਼ ‘ਚ ਬੈਠ ਕੇ ਦਮ ਲਿਆ। ਇਸ ਸਥਾਨ ਤੋਂ ਸਤਿਗੁਰਾਂ ਨੇ ਪੰਜ ਸਿੰਘਾਂ ਨੂੰ ਰਾਇ ਜਗਤ ਸਿੰਘ ਵੱਲ ਇਹ ਸੰਦੇਸ਼ ਦੇ ਕੇ ਭੇਜਿਆ ਕਿ ਉਹ ਗੁਰੂ ਸਾਹਿਬ ਅਤੇ ਉਨ੍ਹਾਂ ਦੇ ਸਿੱਖਾਂ ਨੂੰ ਗੜ੍ਹੀ ‘ਚ ਨਿਵਾਸ ਕਰ ਲੈਣ ਦੇਵੇ। ਇਹ ਨਿਵਾਸ ਉਸ ਸੰਕਟਮਈ ਸਮੇਂ ਦੀ ਫ਼ੌਰੀ ਲੋੜ ਸੀ, ਜਿਸ ਨੂੰ ਪੂਰਾ ਕਰਨ ਲਈ ਗੁਰੂ ਸਾਹਿਬ ਉਸ ਨੂੰ ਮੂੰਹੋਂ ਮੰਗਿਆ ਮੁੱਲ ਵੀ ਦੇਣ ਲਈ ਤਿਆਰ ਸਨ ਪਰ ਰਾਇ ਜਗਤ ਸਿੰਘ ਵਕਤ ਦੇ ਹਾਕਮਾਂ ਤੋਂ ਡਰ ਗਿਆ ਅਤੇ ਉਸ ਨੇ ਉਹ ਗੜ੍ਹੀ ਦੇਣ ਤੋਂ ਸਾਫ਼ ਨਾਂਹ ਕਰ ਦਿੱਤੀ। ਇਸ ਤੋਂ ਬਾਅਦ ਸਿੰਘਾਂ ਨੇ ਰਾਇ ਜਗਤ ਸਿੰਘ ਦੇ ਭਰਾ ਰੂਪ ਚੰਦ ਨੂੰ ਉਹ ਕੱਚੀ ਗੜ੍ਹੀ ਗੁਰੂ ਸਾਹਿਬ ਨੂੰ ਦੇਣ ਲਈ ਪ੍ਰੇਰਿਤ ਕੀਤਾ। ਪੰਜਾਹ ਮੋਹਰਾਂ ਲੈ ਕੇ ਉਹ ਆਪਣੇ ਹਿੱਸੇ ਦੀ ਗੜ੍ਹੀ ਗੁਰੂ ਸਾਹਿਬ ਨੂੰ ਦੇਣ ਲਈ ਸਹਿਮਤ ਹੋ ਗਿਆ। ਉਸ ਦੀ ਸਹਿਮਤੀ ਪ੍ਰਾਪਤ ਕਰਕੇ ਗੁਰੂ ਗੋਬਿੰਦ ਸਿੰਘ ਜੀ, ਦੋਵਾਂ ਸਾਹਿਬਜ਼ਾਦਿਆਂ ਅਤੇ ਚਾਲੀ ਸਿੰਘਾਂ ਨੇ ਚਮਕੌਰ ਸਾਹਿਬ ਦੀ ਉਸ ਕੱਚੀ ਗੜ੍ਹੀ ‘ਚ ਦਾਖ਼ਲਾ ਲਿਆ। ਇਸ ਦਾਖ਼ਲੇ ਨਾਲ ਗੁਰੂ ਸਾਹਿਬ ਅਤੇ ਉਨ੍ਹਾਂ ਦੀਆਂ ਲਾਡਲੀਆਂ ਫ਼ੌਜਾਂ ਨੇ ਦੁਨੀਆ ਦੇ ਇਤਿਹਾਸ ਦੀ ਸਭ ਤੋਂ ਅਸਾਵੀਂ ਜੰਗ ਨੂੰ ਬੜੀ ਹੀ ਬਹਾਦਰੀ ਅਤੇ ਹੌਸਲੇ ਨਾਲ ਲੜਿਆ, ਜਿਸ ਦੀ ਮਿਸਾਲ ਸੰਸਾਰ ਵਿਚ ਸ਼ਾਇਦ ਹੋਰ ਕਿਤੇ ਵੀ ਨਾ ਮਿਲਦੀ ਹੋਵੇ।