ਸੂਨਕ ਪਤਨੀ ਨਾਲ ਅਕਸ਼ਰਧਾਮ ਮੰਦਰ ’ਚ ਨਤਮਸਤਕ

ਸੂਨਕ ਪਤਨੀ ਨਾਲ ਅਕਸ਼ਰਧਾਮ ਮੰਦਰ ’ਚ ਨਤਮਸਤਕ

ਨਵੀਂ ਦਿੱਲੀ- ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਅੱਜ ਆਪਣੀ ਪਤਨੀ ਅਕਸ਼ਤਾ ਮੂਰਤੀ ਨਾਲ ਇੱਥੇ ਅਕਸ਼ਰਧਾਮ ਮੰਦਰ ਦਾ ਦੌਰਾ ਕਰਨ ਮਗਰੋਂ ਕਿਹਾ ਕਿ ਇਹ ਸਿਰਫ ਇੱਕ ਪੂਜਾ ਦਾ ਸਥਾਨ ਹੀ ਨਹੀਂ ਹੈ ਬਲਕਿ ਭਾਰਤੀ ਕਦਰਾਂ-ਕੀਮਤਾਂ ਨੂੰ ਦਰਸਾਉਣ ਵਾਲਾ ਮੀਲ ਪੱਥਰ ਵੀ ਹੈ।

ਮੰਦਰ ਦੀ ਮੈਨੇਜਮੈਂਟ ਅਨੁਸਾਰ ਜੋੜੇ ਨੇ ਮੰਦਰ ਵਿੱਚ 45 ਮਿੰਟ ਬਿਤਾਏ ਜਿਸ ਦੌਰਾਨ ਉਨ੍ਹਾਂ ਨੇ ਪ੍ਰਾਰਥਨਾ ਕੀਤੀ ਅਤੇ ਮੰਦਰ ਦੀ ਸ਼ਿਲਪ ਕਲਾ ਅਤੇ ਇਤਿਹਾਸ ਬਾਰੇ ਜਾਣਕਾਰੀ ਹਾਸਲ ਕੀਤੀ। ਉਹ ਸਵੇਰੇ ਲਗਪਗ 6.45 ਵਜੇ ਮੰਦਰ ਪਹੁੰਚੇ, ਜਿੱਥੇ ਰਵਾਇਤੀ ਤਰੀਕੇ ਨਾਲ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਮੰਦਰ ਦੀ ਪਰਿਕਰਮਾ ਕਰਦਿਆਂ ਬਰਤਾਨਵੀ ਪ੍ਰਧਾਨ ਮੰਤਰੀ ਨੇ ਮੇਜ਼ਬਾਨਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਮੰਦਰ ਪ੍ਰਬੰਧਕਾਂ ਅਨੁਸਾਰ ਸੂਨਕ ਨੇ ਬਿਆਨ ’ਚ ਕਿਹਾ, ‘‘ਮੇਰੀ ਪਤਨੀ ਅਤੇ ਮੈਨੂੰ ਅੱਜ ਸਵਾਮੀਨਾਰਾਇਣ ਅਕਰਸ਼ਰਧਾਮ ਮੰਦਰ ਦੇ ਦਰਸ਼ਨ ਅਤੇ ਪੂਜਾ ਕਰਕੇ ਖੁਸ਼ੀ ਹੋਈ। ਇਸ ਮੰਦਰ ਦੀ ਖੂਬਸੂਰਤੀ ਅਤੇ ਇਸ ਦੇ ਸ਼ਾਂਤੀ, ਏਕਤਾ, ਅਤੇ ਬਿਹਤਰ ਇਨਸਾਨ ਬਣਨ ਦੇ ਵਿਸ਼ਵਵਿਆਪੀ ਸੁਨੇਹੇ ਤੋਂ ਅਸੀਂ ‘ਵਿਸਮਾਦਿਤ’ ਹੋ ਗਏ ਹਾਂ।’’ ਉਨ੍ਹਾਂ ਕਿਹਾ, ‘‘ਇਹ ਸਿਰਫ ਪੂਜਾ ਸਥਾਨ ਨਹੀਂ ਹੈ ਬਲਕਿ ਇੱਕ ਮੀਲ ਪੱਥਰ ਹੈ ਜਿਹੜਾ ਭਾਰਤ ਦੀਆਂ ਕਦਰਾਂ ਕੀਮਤਾਂ, ਸੱਭਿਆਚਾਰ ਅਤੇ ਦੁਨੀਆ ਵਿੱਚ ਉਸ ਦੇ ਯੋਗਦਾਨ ਨੂੰ ਦਰਸਾਉਂਦਾ ਹੈ।’’ ਸੂਨਕ ਨੇ ਇਹ ਵੀ ਆਖਿਆ, ‘‘ਅੱਜ ਅਸੀਂ ਬਰਤਾਨੀਆ ਵਿੱਚ ਇਨ੍ਹਾਂ ਹੀ ਕਦਰਾਂ-ਕੀਮਤਾਂ ਅਤੇ ਸੱਭਿਆਚਾਰ ਨੂੰ ਬਰਤਾਨਵੀ-ਭਾਰਤੀ ਭਾਈਚਾਰੇ ਵੱਲੋਂ ਸਾਡੇ ਦੇਸ਼ ਵਿੱਚ ਦਿੱਤੇ ਗਏ ਸਕਾਰਾਤਮਕ ਯੋਗਦਾਨ ਦੇ ਪੱਖ ਤੋਂ ਦੇਖਦੇ ਹਾਂ।’’ ਇਸ ਦੌਰਾਨ ਮੰਦਰ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸੂਨਕ ਅਤੇ ਉਨ੍ਹਾਂ ਦੀ ਪਤਨੀ ਦਾ ਇੱਥੇ ਆਉਣਾ ‘‘ਮਾਣ ਵਾਲੀ ਗੱਲ’’ ਹੈ। ਅਧਿਕਾਰੀ ਨੇ ਕਿਹਾ, ‘‘ਮੀਂਹ ਪੈਣ ਦੇ ਬਾਵਜੂਦ ਪ੍ਰਧਾਨ ਮੰਤਰੀ ਸੂਨਕ ਅਤੇ ਉਨ੍ਹਾਂ ਦੀ ਪਤਨੀ ਨੇ ਮੰਦਰ ’ਚ ਪੂਜਾ ਕੀਤੀ ਅਤੇ ਇਸ ਮੰਦਰ ਵਿੱਚ ਉਨ੍ਹਾਂ ਦਾ ਆਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ।’’