ਕੇਂਦਰੀ ਨੀਤੀਆਂ ਅਮੀਰਾਂ ਨੂੰ ਲਾਭ ਪਹੁੰਚਾਉਣ ਵਾਲੀਆਂ: ਪ੍ਰਿਯੰਕਾ

ਕੇਂਦਰੀ ਨੀਤੀਆਂ ਅਮੀਰਾਂ ਨੂੰ ਲਾਭ ਪਹੁੰਚਾਉਣ ਵਾਲੀਆਂ: ਪ੍ਰਿਯੰਕਾ

ਪ੍ਰਧਾਨ ਮੰਤਰੀ ’ਤੇ ਲਾਇਆ ਦੇਸ਼ ਦੇ ਗਰੀਬਾਂ ਵੱਲ ਧਿਆਨ ਨਾ ਦੇਣ ਦਾ ਦੋਸ਼
ਜੈਪੁਰ- ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ ਨੇ ਅੱਜ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਉਸ ਦੀਆਂ ਨੀਤੀਆਂ ਅਮੀਰਾਂ ਨੂੰ ਲਾਭ ਪਹੁੰਚਾਉਣ ਲਈ ਹਨ ਨਾ ਕਿ ਗਰੀਬਾਂ ਦੇ ਫਾਇਦੇ ਲਈ। ਰਾਜਸਥਾਨ ਦੇ ਟੌਂਕ ਜ਼ਿਲ੍ਹੇ ਦੇ ਨਿਵਾਈ ’ਚ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਕਾਂਗਰਸ ਦੀ ਜਨਰਲ ਸਕੱਤਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਦੇਸ਼ ਦੌਰੇ ’ਤੇ ਜਾਂਦੇ ਹਨ ਅਤੇ ਆਪਣੇ ਕਾਰੋਬਾਰੀ ਮਿੱਤਰਾਂ ਲਈ ਕਰਾਰ ਕਰਕੇ ਆਉਂਦੇ ਹਨ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਪਣੇ ਕਾਰੋਬਾਰੀ ਮਿੱਤਰਾਂ ਦੇ ਹਿੱਤਾਂ ਨੂੰ ਆਮ ਲੋਕਾਂ ਨਾਲੋਂ ਉੱਪਰ ਰੱਖਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਦਾ ਧਿਆਨ ਸਿਰਫ਼ ਸੱਤਾ ’ਤੇ ਬਣੇ ਰਹਿਣ ਵੱਲ ਹੈ ਅਤੇ ਇਸ ਲਈ ਉਹ ਗਰੀਬਾਂ ਤੇ ਮੱਧ ਵਰਗ ਵੱਲ ਧਿਆਨ ਨਹੀਂ ਦਿੰਦੀ। ਜੀ-20 ਸੰਮੇਲਨ ਵਾਲੀ ਥਾਂ ’ਤੇ ਪਾਣੀ ਭਰਨ ਦਾ ਹਵਾਲਾ ਦਿੰਦਿਆਂ ਪ੍ਰਿਯੰਕਾ ਗਾਂਧੀ ਨੇ ਪ੍ਰਧਾਨ ਮੰਤਰੀ ’ਤੇ ਟਿੱਪਣੀ ਕੀਤੀ ਅਤੇ ਕਿਹਾ, ‘ਅੱਜ ਸਵੇਰੇ ਮੈਂ ਦੇਖਿਆ ਕਿ ਜਦੋਂ ਜੀ-20 ਸਿਖਰ ਸੰਮੇਲਨ ਹੋ ਰਿਹਾ ਸੀ ਤਾਂ ਮੀਂਹ ਪਿਆ ਅਤੇ ਜਿੱਥੇ ਸੰਮੇਲਨ ਹੋ ਰਿਹਾ ਹੈ, ਉੱਥੇ ਹਰ ਪਾਸੇ ਪਾਣੀ ਭਰ ਗਿਆ। ਮੇਰੇ ਮਨ ’ਚ ਇੱਕ ਗੱਲ ਆਈ ਕਿ ਸ਼ਾਇਦ ਸਾਡੇ ਦੇਸ਼ ਵਾਸੀ ਜੋ ਗੱਲ ਡਰ ਕਾਰਨ ਨਹੀਂ ਕਹਿ ਪਾ ਰਹੇ, ਉਹ ਰੱਬ ਨੇ ਆਖ ਦਿੱਤੀ ਕਿ ਆਪਣਾ ਹੰਕਾਰ ਘੱਟ ਕਰੋ। ਇਸ ਦੇਸ਼ ਨੇ ਤੁਹਾਨੂੰ ਆਗੂ ਬਣਾਇਆ ਹੈ। ਦੇਸ਼ ਨੂੰ ਅੱਗੇ ਰੱਖੋ। ਇਸ ਦੇਸ਼ ਦੀ ਜਨਤਾ ਨੂੰ ਸਭ ਤੋਂ ਉੱਪਰ ਰੱਖੋ।’ ਜ਼ਿਕਰਯੋਗ ਹੈ ਕਿ ਰਾਜਸਥਾਨ ’ਚ ਇਸ ਸਾਲ ਵਿਧਾਨ ਸਭਾ ਚੋਣਾਂ ਹੋਣੀਆਂ ਹਨ।