ਪਾਖੰਡੀਆਂ ਨੂੰ ਕਰਾਰਾ ਜਵਾਬ ਦੇਵੇ ਸਿੱਖ ਕੌਮ: ਜਥੇਦਾਰ

ਪਾਖੰਡੀਆਂ ਨੂੰ ਕਰਾਰਾ ਜਵਾਬ ਦੇਵੇ ਸਿੱਖ ਕੌਮ: ਜਥੇਦਾਰ

ਅੰਮ੍ਰਿਤਸਰ- ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਆਖਿਆ ਕਿ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਢਾਹ ਲਾਉਣ ਵਾਲੇ ਪਾਖੰਡੀਆਂ ਨੂੰ ਸਿੱਖ ਕੌਮ ਕਰਾਰਾ ਜਵਾਬ ਦੇਵੇ। ਉਨ੍ਹਾਂ ਇਹ ਸੰਦੇਸ਼ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੀ ਸਾਲਾਨਾ ਯਾਦ ਦੌਰਾਨ ਸਮਾਗਮ ਦੌਰਾਨ ਤਖ਼ਤ ਕੇਸਗੜ੍ਹ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਨੇ ਪੜ੍ਹਿਆ। ਇਸ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਕਰਵਾਇਆ ਗਿਆ। ਇਸ ਸਮਾਗਮ ਵਿੱਚ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਤੋਂ ਵੀ ਪ੍ਰਤੀਨਿਧ ਪੁੱਜੇ ਹੋਏ ਸਨ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਨੇ ਕਿਹਾ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਦੇ ਜੀਵਨ ਪ੍ਰੇਰਣਾ ਸਰੋਤ ਹਨ। ਬਾਬਾ ਮੱਖਣ ਸ਼ਾਹ ਤੇ ਭਾਈ ਲੱਖੀ ਸ਼ਾਹ ਦੇ ਜੀਵਨ ਤੋਂ ਪ੍ਰੇਰਣਾ ਲੈਂਦਿਆਂ ਗੁਰਸਿੱਖੀ ਮਾਰਗ ’ਤੇ ਚੱਲਣਾ ਚਾਹੀਦਾ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਅੱਜ ਸਿੱਖ ਕੌਮ ਨੂੰ ਲੋੜ ਹੈ ਕਿ ਬਾਬਾ ਮੱਖਣ ਸ਼ਾਹ ਲੁਬਾਣਾ ਅਤੇ ਭਾਈ ਲੱਖੀ ਸ਼ਾਹ ਵਣਜਾਰਾ ਜਿਹੀ ਦ੍ਰਿੜਤਾ ਨਾਲ ਉਨ੍ਹਾਂ ਦੇਹਧਾਰੀ ਅਤੇ ਪਾਖੰਡੀ ਲੋਕਾਂ ਨੂੰ ਮੂੰਹਤੋੜ ਜਵਾਬ ਦੇਵੇ, ਜੋ ਗੁਰੂ ਸਾਹਿਬਾਨ ਦੀ ਵਿਚਾਰਧਾਰਾ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸੇ ਦੌਰਾਨ ਗੁਰਦੁਆਰਾ ਬਾਬਾ ਮੱਖਣ ਸ਼ਾਹ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਦੇ ਪ੍ਰਧਾਨ ਦਲੇਰ ਸਿੰਘ ਸਮੇਤ ਅਮਰੀਕਾ ਤੋਂ ਰਘਬੀਰ ਸਿੰਘ ਬੱਬੀ, ਜਨਰਲ ਸਕੱਤਰ ਸੁਖਜਿੰਦਰ ਸਿੰਘ ਰਿੰਪੀ ਤੇ ਸਤਨਾਮ ਸਿੰਘ ਟਾਹਲੀ ਨੇ ਵੀ ਸੰਬੋਧਨ ਕੀਤਾ।