ਮੋਰੱਕੋ ’ਚ ਜ਼ਬਰਦਸਤ ਭੂਚਾਲ ਕਾਰਨ 1037 ਹਲਾਕ, 1200 ਜ਼ਖ਼ਮੀ

ਮੋਰੱਕੋ ’ਚ ਜ਼ਬਰਦਸਤ ਭੂਚਾਲ ਕਾਰਨ 1037 ਹਲਾਕ, 1200 ਜ਼ਖ਼ਮੀ

ਮਰਾਕੇਸ਼ (ਮੋਰੱਕੋ)- ਮੋਰੱਕੋ ਵਿੱਚ ਬੀਤੀ ਦੇਰ ਰਾਤ ਆਏ ਜ਼ਬਰਦਸਤ ਭੂਚਾਲ ਕਾਰਨ 1037 ਤੋਂ ਵੱਧ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ 1200 ਹੋਰ ਜ਼ਖ਼ਮੀ ਹੋ ਗਏ। ਇਸ ਦੌਰਾਨ ਇਤਿਹਾਸਕ ਸ਼ਹਿਰ ਮਰਾਕੇਸ਼ ਤੋਂ ਲੈ ਕੇ ਐਟਲਸ ਪਹਾੜਾਂ ’ਤੇ ਸਥਿਤ ਪਿੰਡਾਂ ਤੱਕ ਕਈ ਇਮਾਰਤਾਂ ਨੁਕਸਾਨੀਆਂ ਗਈਆਂ। ਅਧਿਕਾਰੀ ਨੇ ਦੱਸਿਆ ਕਿ ਰਾਹਤ ਕਾਰਜ ਜਾਰੀ ਹਨ। ਰਾਹਤ ਕਰਮਚਾਰੀ ਦੂਰ-ਦੁਰਾਡੇ ਦੇ ਇਲਾਕਿਆਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰ ਰਹੇ ਹਨ, ਜਿਸ ਕਰਕੇ ਮਰਨ ਵਾਲਿਆਂ ਦੀ ਗਿਣਤੀ ਹੋਰ ਵਧਣ ਦੀ ਸੰਭਾਵਨਾ ਹੈ।

ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂਐੱਸਜੀਐੱਸ) ਨੇ ਦੱਸਿਆ ਕਿ ਭੂਚਾਲ ਰਾਤ 11:11 ਵਜੇ ਆਇਆ, ਜਿਸ ਦੀ ਸ਼ੁਰੂਆਤੀ ਤੀਬਰਤਾ 6.8 ਸੀ। ਅਮਰੀਕੀ ਏਜੰਸੀ ਨੇ 19 ਮਿੰਟ ਬਾਅਦ ਵੀ 4.9 ਤੀਬਰਤਾ ਦੇ ਝਟਕੇ ਮਹਿਸੂਸ ਕੀਤੇ ਜਾਣ ਦੀ ਸੂਚਨਾ ਦਿੱਤੀ। ਭੂਚਾਲ ਦਾ ਕੇਂਦਰ ਮਰਾਕੇਸ਼ ਤੋਂ ਲਗਪਗ 70 ਕਿਲੋਮੀਟਰ ਦੱਖਣ ਵਿੱਚ ਅਲ ਹੋਜ਼ ਸੂਬੇ ਦੇ ਇਗਹਿਲ ਸ਼ਹਿਰ ਵਿੱਚ ਸੀ। ਯੂਐੱਸਜੀਐੱਸ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਧਰਤੀ ਦੀ ਸਤਹਿ ਤੋਂ 18 ਕਿਲੋਮੀਟਰ ਦੀ ਡੂੰਘਾਈ ’ਤੇ ਸੀ, ਜਦੋਂ ਕਿ ਮੋਰੱਕੋ ਦੀ ਏਜੰਸੀ ਅਨੁਸਾਰ ਇਸ ਦਾ ਕੇਂਦਰ ਅੱਠ ਕਿਲੋਮੀਟਰ ਡੂੰਘਾਈ ’ਤੇ ਸੀ।

ਜਾਣਕਾਰੀ ਅਨੁਸਾਰ ਭੂਚਾਲ ਕਾਰਨ ਮਰਾਕੇਸ਼ ਸ਼ਹਿਰ ਦੇ ਸਭ ਤੋਂ ਮਸ਼ੂਹਰ ਸਥਾਨਾਂ ’ਚੋਂ ਇੱਕ 12ਵੀਂ ਸਦੀ ਦੀ ਕੌਤੋਬੀਆ ਮਸਜਿਦ ਵੀ ਨੁਕਸਾਨੀ ਗਈ। ਇਸ ਦੇ 69 ਮੀਟਰ (226 ਫੁੱਟ) ਮੀਨਾਰ ਨੂੰ ‘ਮਰਾਕੇਸ਼ ਦੀ ਛੱਤ’ ਵਜੋਂ ਜਾਣਿਆ ਜਾਂਦਾ ਹੈ। ਮੋਰੱਕੋ ਵਾਸੀਆਂ ਨੇ ਸੋਸ਼ਲ ਮੀਡੀਆ ’ਤੇ ਕਈ ਵੀਡੀਓਜ਼ ਸਾਂਝੀਆਂ ਕੀਤੀਆਂ ਹਨ, ਜਿਨ੍ਹਾਂ ’ਚ ਇਮਾਰਤਾਂ ਢਹਿ-ਢੇਰੀ ਹੋ ਕੇ ਮਲਬੇ ’ਚ ਤਬਦੀਲ ਹੁੰਦੀਆਂ ਨਜ਼ਰ ਆ ਰਹੀਆਂ ਹਨ। ਮੋਰੱਕੋ ਦੇ ਇਤਿਹਾਸਕ ਸ਼ਹਿਰ ਮਰਾਕੇਸ਼ ਦੇ ਆਲੇ ਦੁਆਲੇ ਬਣੀਆਂ ਮਸ਼ਹੂਰ ਲਾਲ ਕੰਧਾਂ ਦੇ ਕੁਝ ਹਿੱਸਿਆਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਮਰਾਕੇਸ਼ ਯੂਨੈਸਕੋ ਦੀਆਂ ਵਿਸ਼ਵ ਵਿਰਾਸਤੀ ਥਾਵਾਂ ਦੀ ਸੂਚੀ ਵਿੱਚ ਸ਼ਾਮਲ ਹੈ।

ਮੋਰੱਕੋ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਭੂਚਾਲ ਕਾਰਨ ਘੱਟੋ-ਘੱਟ 1032 ਵਿਅਕਤੀਆਂ ਦੀ ਮੌਤ ਹੋ ਗਈ। ਜ਼ਿਆਦਾਤਰ ਮੌਤਾਂ ਮਰਾਕੇਸ਼ ਅਤੇ ਭੂਚਾਲ ਦੇ ਕੇਂਦਰ ਦੇ ਨੇੜੇ ਸਥਿਤ ਪੰਜ ਸੂਬਿਆਂ ਵਿੱਚ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਦੌਰਾਨ 1200 ਹੋਰ ਵਿਅਕਤੀ ਜ਼ਖ਼ਮੀ ਹੋ ਗਏ।

ਭੂਚਾਲ ਦੇ ਕੇਂਦਰ ਦੇ ਨੇੜੇ ਸਥਿਤ ਇੱਖ ਸ਼ਹਿਰ ਦੇ ਅਧਿਕਾਰੀ ਨੇ ਇੱਕ ਨਿਊਜ਼ ਵੈੱਬਸਾਈਟ ‘2ਐੱਮ’ ਨੂੰ ਦੱਸਿਆ ਕਿ ਨੇੜਲੇ ਸ਼ਹਿਰਾਂ ਵਿੱਚ ਕਈ ਮਕਾਨ ਅੰਸ਼ਕ ਤੌਰ ’ਤੇ ਜਾਂ ਪੂਰੀ ਤਰ੍ਹਾਂ ਢਹਿ ਗਏ ਹਨ। ਇਸੇ ਤਰ੍ਹਾਂ ਕੁਝ ਥਾਵਾਂ ’ਤੇ ਬਿਜਲੀ ਸਪਲਾਈ ਠੱਪ ਹੋ ਗਈ ਹੈ ਅਤੇ ਸੜਕੀ ਸੰਪਰਕ ਵੀ ਟੁੱਟ ਗਿਆ ਹੈ।