ਮੁਰਮੂ ਤੇ ਮੋਦੀ ਨੇ ਰਾਤਰੀ ਭੋਜ ਵਿੱਚ ਜੀ20 ਆਗੂਆਂ ਤੇ ਡੈਲੀਗੇਟਾਂ ਦਾ ਸਵਾਗਤ ਕੀਤਾ

ਮੁਰਮੂ ਤੇ ਮੋਦੀ ਨੇ ਰਾਤਰੀ ਭੋਜ ਵਿੱਚ ਜੀ20 ਆਗੂਆਂ ਤੇ ਡੈਲੀਗੇਟਾਂ ਦਾ ਸਵਾਗਤ ਕੀਤਾ

ਨਵੀਂ ਦਿੱਲੀ- ਰਾਸ਼ਟਰਪਤੀ ਦਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇੱਥੇ ਸੰਮੇਲਨ ਵਾਲੀ ਥਾਂ ’ਤੇ ਭਾਰਤ ਮੰਡਪਮ ਵਿੱਚ ਸ਼ਾਨਦਾਰ ਰਾਤਰੀ ਭੋਜ ’ਚ ਜੀ20 ਦੇ ਆਗੂਆਂ ਤੇ ਡੈਲੀਗੇਟਾਂ ਦਾ ਸਵਾਗਤ ਕੀਤਾ। ਰਾਤਰੀ ਭੋਜ ਸ਼ੁਰੂ ਹੋਣ ਤੋਂ ਪਹਿਲਾਂ ਉਨ੍ਹਾਂ ਇਕ ਮੰਚ ’ਤੇ ਮਹਿਮਾਨਾਂ ਦਾ ਸਵਾਗਤ ਕੀਤਾ, ਜਿਸ ਦੇ ਪਿਛੋਕੜ ਵਿੱਚ ਬਿਹਾਰ ਦੀ ਨਾਲੰਦਾ ਯੂਨੀਵਰਸਿਟੀ ਦੇ ਪੁਰਾਤਨ ਅੰਸ਼ ਅਤੇ ਭਾਰਤ ਦੀ ਪ੍ਰਧਾਨਗੀ ਵਿੱਚ ਜੀ20 ਦੇ ਥੀਮ ‘ਵਾਸੂਧੈਵ ਕੁਟੁੰਬਕਮ – ਇਕ ਧਰਤੀ, ਇਕ ਪਰਿਵਾਰ, ਇਕ ਭਵਿੱਖ’ ਨੂੰ ਦਰਸਾਇਆ ਗਿਆ ਸੀ। ਨਾਲੰਦਾ ਯੂਨੀਵਰਸਿਟੀ ਦੇ ਪੁਰਾਤਨ ਅੰਸ਼ ਯੂਨੈਸਕੋ ਦੀ ਵਿਸ਼ਵ ਧਰੋਹਰ ਦੀ ਸੂਚੀ ਵਿੱਚ ਸ਼ਾਮਲ ਹਨ। ਇਹ ਦੁਨੀਆ ਦੀਆਂ ਸਭ ਤੋਂ ਪੁਰਾਣੀਆਂ ਯੂਨੀਵਰਸਿਟੀਆਂ ’ਚੋਂ ਇਕ ਸੀ। ਰਾਸ਼ਟਰਪਤੀ ਮੁਰਮੂ ਭਾਰਤ ਮੰਡਪਮ ਵਿੱਚ ਜੀ20 ਆਗੂਆਂ, ਕੌਮਾਂਤਰੀ ਡੈਲੀਗੇਟਾਂ ਅਤੇ ਹੋਰ ਸ਼ਖ਼ਸੀਅਤਾਂ ਲਈ ਰਸਮੀ ਰਾਤਰੀ ਭੋਜ ਦੀ ਮੇਜ਼ਬਾਨੀ ਕਰ ਰਹੇ ਸਨ। ਨਵੇਂ ਬਣੇ ਕੌਮਾਂਤਰੀ ਸੰਮੇਲਨ ਤੇ ਪ੍ਰਦਰਸ਼ਨੀ ਕੇਂਦਰ ਅਤੇ ਇਸ ਤੋਂ ਬਾਅਦ ਹਰੇ-ਭਰੇ ਲਾਅਨ ਰਾਤ ਵਿੱਚ ਰੰਗੀਨ ਰੋਸ਼ਨੀ ਨਾਲ ਰੁਸਨਾਉਂਦੇ ਨਜ਼ਰ ਆਏ ਅਤੇ ਇਸ ਦੇ ਫੁਹਾਰਿਆਂ ਤੇ ਅਤਿ-ਆਧੁਨਿਕ ਇਮਾਰਤ ਦੇ ਸਾਹਮਣੇ ਰੱਖੀ ‘ਨਟਰਾਜ’ ਦੀ ਮੂਰਤੀ ਨੇ ਰਾਤਰੀ ਭੋਜ ਵਾਲੀ ਜਗ੍ਹਾ ਨੂੰ ਹੋਰ ਵੀ ਸੁੰਦਰ ਬਣਾ ਦਿੱਤਾ।