ਤਿੱਬਤੀ ਵਿਦਿਆਰਥੀਆਂ ਵੱਲੋੋਂ ਚੀਨ ਖ਼ਿਲਾਫ਼ ਪ੍ਰਦਰਸ਼ਨ

ਤਿੱਬਤੀ ਵਿਦਿਆਰਥੀਆਂ ਵੱਲੋੋਂ ਚੀਨ ਖ਼ਿਲਾਫ਼ ਪ੍ਰਦਰਸ਼ਨ

ਧਰਮਸ਼ਾਲਾ- ਤਿੱਬਤੀ ਕਾਰਕੁਨਾਂ ਨੇ ਅੱਜ ਇੱਥੇ ਮੈਕਲੌਡਗੰਜ ’ਚ ਪ੍ਰਦਰਸ਼ਨ ਕਰਦਿਆਂ ਦਿੱਲੀ ’ਚ ਇਕੱਠੇ ਹੋਏ ਜੀ-20 ਦੇਸ਼ਾਂ ਦੇ ਨੇਤਾਵਾਂ ਨੂੰ ਤਿੱਬਤੀ ਸੱਭਿਆਚਾਰ ਨੂੰ ਮਿਟਾਉਣ ਦੀਆਂ ਚੀਨ ਦੀਆਂ ਕਥਿਤ ਕੋਸ਼ਿਸ਼ਾਂ ’ਤੇ ਚਰਚਾ ਕਰਨ ਦੀ ਅਪੀਲ ਕੀਤੀ। ਵਿਦਿਆਰਥੀ ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਚੀਨੀ ਸਰਕਾਰ ਉਨ੍ਹਾਂ ਦੀ ਸਿੱਖਿਆ ਪ੍ਰਣਾਲੀ ’ਤੇ ਲਗਾਤਾਰ ਹਮਲੇ ਕਰ ਕੇ ਤਿੱਬਤੀ ਸੱਭਿਆਚਾਰ ਤੇ ਪਛਾਣ ਨੂੰ ਮਿਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪ੍ਰਦਰਸ਼ਨਕਾਰੀਆਂ ਨੇ ਵਿਸ਼ਵ ਨੇਤਾਵਾਂ ਨੂੰ ਚੀਨ ਦੀਆਂ ਇਨ੍ਹਾਂ ਗਤੀਵਿਧੀਆਂ ਖ਼ਿਲਾਫ਼ ਠੋਸ ਕਦਮ ਚੁੱਕਣ ਦੀ ਅਪੀਲ ਕੀਤੀ। ‘ਸਟੂਡੈਂਟਸ ਫਾਰ ਏ ਫਰੀ ਤਿੱਬਤ’ (ਭਾਰਤ) ਦੇ ਕੌਮੀ ਨਿਰਦੇਸ਼ਕ ਤੇਨਜ਼ਿਨ ਪਸਾਂਗ ਨੇ ਕਿਹਾ ਕਿ ਚੀਨ ਨੇ ਤਿੱਬਤ ਵਿੱਚ ਬਸਤੀਵਾਦੀ ਸ਼ੈਲੀ ਦੇ ਬੋਰਡਿੰਗ ਸਕੂਲ ਸਥਾਪਤ ਕੀਤੇ ਹਨ, ਜਿੱਥੇ ਚਾਰ ਸਾਲ ਤੱਕ ਦੇ ਤਿੱਬਤੀ ਬੱਚਿਆਂ ਨੂੰ ਉਨ੍ਹਾਂ ਦੇ ਪਰਿਵਾਰਾਂ ਤੋਂ ਵੱਖ ਕਰ ਕੇ ਇਨ੍ਹਾਂ ਸਕੂਲਾਂ ਵਿੱਚ ਭੇਜਿਆ ਜਾਂਦਾ ਹੈ। ਇਸ ਨਾਲ ਉਹ ਨਾ ਸਿਰਫ਼ ਪਰਿਵਾਰਾਂ ਤੋਂ ਸਗੋਂ ਭਾਸ਼ਾ ਤੇ ਸੱਭਿਆਚਾਰ ਤੋਂ ਵੀ ਵੱਖ ਹੋ ਜਾਂਦੇ ਹਨ। ਉਨ੍ਹਾਂ ਜੀ-20 ਨੇਤਾਵਾਂ ਨੂੰ ਤਿੱਬਤ ਵਿੱਚ ਮੌਜੂੂਦਾ ਸਮੇਂ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਬਾਰੇ ਵਿਚਾਰ-ਚਰਚਾ ਕਰਨ ਦੀ ਅਪੀਲ ਕੀਤੀ ਹੈ।