ਸਿਖਲਾਈ ਪੂਰੀ ਕਰਨ ਵਾਲੇ ਕੈਡਿਟ ਫੌਜ ਵਿੱਚ ਸ਼ਾਮਲ

ਸਿਖਲਾਈ ਪੂਰੀ ਕਰਨ ਵਾਲੇ ਕੈਡਿਟ ਫੌਜ ਵਿੱਚ ਸ਼ਾਮਲ

ਚੇਨੱਈ (ਤਾਮਿਲ ਨਾਡੂ)- ੲਿਥੋਂ ਦੀ ਆਫਿਸਰਜ਼ ਟਰੇਨਿੰਗ ਅਕੈਡਮੀ (ੳਟੀਏ) ਵਿੱਚ ਸਥਿਤ ਪਰਮੇਸ਼ਵਰਨ ਡਰਿੱਲ ਸਕੁਏਅਰ ’ਤੇ ਕਰਵਾਈ ਗਈ ਮਿਲਟਰੀ ਪਰੇਡ ਦੌਰਾਨ ਅੱਜ ਕੈਡਿਟਾਂ ਨੂੰ ਭਾਰਤੀ ਫੌਜ ਵਿੱਚ ਸ਼ਾਮਲ ਕੀਤਾ ਗਿਆ। ਇਸ ਪਰੇਡ ਦਾ ਨਿਰੀਖਣ ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਕੀਤਾ। ਇਸ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਫੌਜ ਦੀ ਨੌਕਰੀ ਸਿਰਫ ਇਕ ਕਰੀਅਰ ਹੀ ਨਹੀਂ ਹੈ, ਸਗੋਂ ਇਹ ਦੇਸ਼ ਸੇਵਾ ਲਈ ਇਕ ਸਮਰਪਣ ਦੀ ਭਾਵਨਾ ਹੈ। ਇਨ੍ਹਾਂ ਕੈਡਿਟਾਂ ਨੇ ਸਬੰਧਤ ਕੋਰਸ ਪੂਰੇ ਕਰਨ ਮਗਰੋਂ ੳਟੀਏ ਵਿੱਚ 11 ਮਹੀਨਿਆਂ ਲਈ ਸਖ਼ਤ ਸਿਖਲਾਈ ਪੂਰੀ ਕੀਤੀ ਜਿਸ ਮਗਰੋਂ ਉਨ੍ਹਾਂ ਨੂੰ ਫੌਜ ’ਚ ਸ਼ਾਮਲ ਹੋਣ ਦਾ ਸੁਨਹਿਰੀ ਮੌਕਾ ਮਿਲਿਆ। ਇਸ ਮੌਕੇ ਆਫੀਸਰ ਕੈਡਿਟਾਂ ਵੱਲੋਂ ਕੀਤੇ ਗਏ ਮਾਰਚ ਪਾਸਟ ਨੇ ਸਰੋਤਿਆਂ ਦਾ ਮਨ ਮੋਹ ਲਿਆ। ਅਧਿਕਾਰਤ ਤੌਰ ’ਤੇ ਜਾਰੀ ਕੀਤੇ ਗਏ ਬਿਆਨ ਅਨੁਸਾਰ ਐੱਸਐੱਸਸੀ-116 ਨਾਲ ਸਬੰਧਤ 161 ਪੁਰਸ਼ ਕੈਡਿਟਾਂ ਤੇ ਐੱਸਐੱਸਸੀ (ਡਬਲਿਊ)-30 ਕੋਰਸ ਨਾਲ ਸਬੰਧਤ 36 ਮਹਿਲਾ ਕੈਡਿਟਾਂ ਨੂੰ ਭਾਰਤੀ ਫੌਜ ਦੀਆਂ ਵੱਖ ਵੱਖ ਸਰਵਿਸਿਜ਼ ’ਚ ਸ਼ਾਮਲ ਕੀਤਾ ਗਿਆ। ਇਸੇ ਦੌਰਾਨ ਭਾਰਤ ਦੇ ਮਿੱਤਰ ਦੇਸ਼ਾਂ ਨਾਲ ਸਬੰਧਤ ਚਾਰ ਪੁਰਸ਼ ਕੈਡਿਟਾਂ ਤੇ ਅੱਠ ਮਹਿਲਾ ਕੈਡਿਟਾਂ ਨੇ ਵੀ ੳਟੀਏ ਵਿੱਚ ਸਿਖਲਾਈ ਪੂਰੀ ਕੀਤੀ ਜਿਨ੍ਹਾਂ ਵਿੱਚ ਭੂਟਾਨ (6 ਮਹਿਲਾ ਕੈਡਿਟ), ਮਾਲਦੀਵਜ਼ (ਦੋ ਪੁਰਸ਼ ਕੈਡਿਟ) ਤੇ ਤਨਜ਼ਾਨੀਆ (ਦੋ ਮਹਿਲਾ ਤੇ ਦੋ ਪੁਰਸ਼ ਕੈਡਿਟ) ਸ਼ਾਮਲ ਹਨ। ਸਮਾਗਮ ਦੌਰਾਨ ਆਰਮੀ ਵਾਈਵਜ਼ ਵੈੱਲਫੇਅਰ ਐਸੋਸੀਏਸ਼ਨ ਦੀ ਪ੍ਰਧਾਨ ਅਰਚਨਾ ਪਾਂਡੇ ਨੇ ੳਟੀਏ ਵਿੱਚ ਵੀਰ ਨਾਰੀ ਗੈਲਰੀ ਦਾ ਉਦਘਾਟਨ ਕੀਤਾ।