ਸਨਾਤਨ ਧਰਮ ਬਾਰੇ ਆਪਣਾ ਸਟੈਂਡ ਸਪੱਸ਼ਟ ਕਰੇ ਅੰਨਾ ਡੀਐੱਮਕੇ: ਉਦੈਨਿਧੀ ਸਟਾਲਿਨ

ਸਨਾਤਨ ਧਰਮ ਬਾਰੇ ਆਪਣਾ ਸਟੈਂਡ ਸਪੱਸ਼ਟ ਕਰੇ ਅੰਨਾ ਡੀਐੱਮਕੇ: ਉਦੈਨਿਧੀ ਸਟਾਲਿਨ

ਚੇਨੱਈ- ਡੀਐੱਮਕੇ ਆਗੂ ਅਤੇ ਤਾਮਿਲ ਨਾਡੂ ਦੇ ਯੁਵਾ ਭਲਾਈ ਮੰਤਰੀ ਉਦੈਨਿਧੀ ਸਟਾਲਿਨ ਨੇ ਅੱਜ ਪ੍ਰਮੁੱਖ ਵਿਰੋਧੀ ਪਾਰਟੀ ਅੰਨਾ ਡੀਐੱਮਕੇ ਨੂੰ ਸਨਾਤਨ ਧਰਮ ਬਾਰੇ ਆਪਣਾ ਸਟੈਂਡ ਸਪੱਸ਼ਟ ਕਰਨ ਲਈ ਕਿਹਾ ਹੈ ਕਿਉਂਕਿ ਸਾਬਕਾ ਮੁੱਖ ਮੰਤਰੀ ਅਤੇ ਦ੍ਰਾਵਿੜੀਅਨ ਵਿਚਾਰਧਾਰਾ ਵਾਲੇ ਸੀ.ਐੱਨ. ਅੰਨਾਦੁਰਾਈ ਨੇ ਇਸ ਦਾ ਸਖ਼ਤ ਵਿਰੋਧ ਕੀਤਾ ਸੀ। ਉਦੈਨਿਧੀ ਨੇ ਕਿਹਾ ਕਿ ਉਨ੍ਹਾਂ ਨੇ ਸਨਾਤਨ ਨੂੰ ਲੈ ਕੇ ਅਜਿਹਾ ਕੁਝ ਵੀ ਨਹੀਂ ਕਿਹਾ ਹੈ, ਜਿਹੜਾ ਕਿ ਪੇਰੀਆਰ ਈ ਵੀ ਰਾਮਾਸਾਮੀ, ਬੀਆਰ ਅੰਬੇਡਕਰ ਅਤੇ ਅੰਨਾਦੁਰਾਈ ਨੇ ਨਾ ਕਿਹਾ ਹੋਵੇ। ਡੀਐੱਮਕੇ ਆਗੂ ਨੇ ਕਿਹਾ ਕਿ ਸਨਾਤਨ ਨੂੰ ਲੈ ਕੇ ਉਨ੍ਹਾਂ ਦੇ ਵਿਚਾਰ ਸਿਰਫ ਅਜਿਹੀਆਂ ਸ਼ਖ਼ਸੀਅਤਾਂ ਦੀ ਸੁਧਾਰਵਾਦੀ, ਸਮਾਜਿਕ ਨਿਆਂ ਵਾਲੀ ਵਿਚਾਰਧਾਰਾ ਨੂੰ ਦਰਸਾਉਂਦੇ ਹਨ। ਉਨ੍ਹਾਂ ਭਾਜਪਾ ’ਤੇ ਫ਼ਰਜ਼ੀ ਖ਼ਬਰਾਂ ਫੈਲਾਉਣ ਦਾ ਦੋਸ਼ ਲਾਉਂਦੇ ਹੋਏ ਕਿਹਾ ਕਿ ਉਹ ਤਾਮਿਲ ਨਾਡੂ ਦੀ ਪ੍ਰਮੁੱਖ ਵਿਰੋਧੀ ਪਾਰਟੀ ਅਤੇ ਭਾਜਪਾ ਦੀ ਸਹਿਯੋਗੀ ਅੰਨਾ ਡੀਐੱਮਕੇ ਦਾ ਸਨਾਤਨ ਨੂੰ ਲੈ ਕੇ ਰੁ਼ਖ ਜਾਣਨਾ ਚਾਹੁੰਦੇ ਹਨ। ਉਦੈਨਿਧੀ ਸਟਾਲਿਨ ਨੇ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ, ‘‘ਉਨ੍ਹਾਂ ਦੀ ਪਾਰਟੀ ਦੇ ਨਾਮ ਵਿੱਚ ਅੰਨਾ ਦਾ ਨਾਮ ਹੈ ਅਤੇ ਅੰਨਾ ਤੋਂ ਜ਼ਿਆਦਾ ਸਨਾਤਨ ਖ਼ਿਲਾਫ ਕਿਸੇ ਨੇ ਨਹੀਂ ਬੋਲਿਆ ਅਤੇ ਮੈਂ ਇਸ ਨੂੰ ਲੈ ਕੇ ਅੰਨਾ ਡੀਐੱਮਕੇ ਦਾ ਰੁਖ਼ ਜਾਣਨਾ ਚਾਹੁੰਦਾ ਹਾਂ, ਜੇਕਰ ਤੁਸੀਂ ਅੰਨਾ ਡੀਐੱਮਕੇ ਆਗੂਆਂ ਨੂੰ ਮਿਲਦੇ ਹੋ ਤਾਂ ਕ੍ਰਿਪਾ ਕਰ ਕੇ ਉਨ੍ਹਾਂ ਦੇ ਵਿਚਾਰ ਪੁੱਛੋ।’’