ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ…

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ…

ਸੁਖਪਾਲ ਸਿੰਘ ਗਿੱਲ

ਧੀ ਜਦੋਂ ਸੋਝੀ ਸੰਭਾਲਣ ਲੱਗਦੀ ਤਾਂ ਮਾਂ ਵੱਲੋਂ ਉਸ ਨੂੰ ਸਿਖਾਂਦਰੂ ਬਣਾਉਣ ਲਈ ਘਰ ਵਿੱਚ ਹੀ ਸਿਖਲਾਈ ਦੇਣੀ ਸ਼ੁਰੂ ਕਰ ਦਿੱਤੀ ਜਾਂਦੀ। ਇਸ ਤਰ੍ਹਾਂ ਰੋਜ਼ਾਨਾ ਦੇ ਜੀਵਨ ਦੇ ਨਾਲ-ਨਾਲ ਹੀ ਉਹ ਆਸਾਨੀ ਨਾਲ ਸਭ ਕੁਝ ਸਿੱਖ ਜਾਂਦੀ ਸੀ। ਪਰਿਵਾਰਾਂ ਵਿੱਚ ਧੀਆਂ ਦੇ ਔਰਤ ਬਣਨ ਦੇ ਸਮੇਂ ਤੱਕ ਸਮਾਜੀਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪੜਾਅ ਆਉਂਦੇ ਸਨ। ਕਸੀਦਾ ਕੱਢਣਾ ਅਤੇ ਹੋਰ ਕਈ ਤਰ੍ਹਾਂ ਦੇ ਕਲਾਕਾਰੀ ਨਾਲ ਸਬੰਧਿਤ ਕੰਮ ਉਨ੍ਹਾਂ ਨੂੰ ਰੋਜ਼ਾਨਾ ਪਰਿਵਾਰਾਂ ਵਿੱਚ ਮਿਲ ਜਾਂਦੇ ਸਨ। ਪਹਿਲਾਂ ਦੇ ਸਮੇਂ ਵਿੱਚ ਔਰਤ ਦਾ ਘਰ ਦੇ ਕੰਮਾਂ ਵਿੱਚ ਮਾਹਰ ਹੋਣਾ ਹੀ ਉਸ ਦਾ ਸਮਾਜੀਕਰਨ ਸਮਝਿਆ ਜਾਂਦਾ ਸੀ। ਇਸ ਤਰ੍ਹਾਂ ਸ਼ੁਰੂਆਤੀ ਦੌਰ ਵਿੱਚ ਫੁਲਕਾਰੀ ਔਰਤ ਦੇ ਸਮਾਜੀਕਰਨ ਦੀ ਬੁਨਿਆਦ ਬਣੀ।

ਫੁਲਕਾਰੀ ਨਾਮ ਤੋਂ ਹੀ ਸਪੱਸ਼ਟ ਹੈ ਕਿ ਫੁੱਲਾਂ ਦੀ ਕਾਰੀਗਰੀ। ਵਿਆਕਰਨ ਦੇ ਤੌਰ ’ਤੇ ਫੁੱਲ+ਕਾਰੀ ਮੰਨਿਆ ਜਾਂਦਾ ਹੈ। ਜਿਸ ਦਾ ਭਾਵ ਫੁੱਲਾਂ ਦੇ ਕੰਮ ਦੀ ਕਲਾਕਾਰੀ ਹੈ। ਪੰਜਾਬੀ ਸੱਭਿਆਚਾਰ ਅਤੇ ਜੀਵਨ ਜਾਚ ਨਾਲ ਜਿਸਮ ਰੂਹ ਦਾ ਸੁਮੇਲ ਰੱਖਦੀ ਫੁਲਕਾਰੀ ਦਾ ਆਰੰਭ ਪੰਜਾਬ ਦੀਆਂ ਔਰਤਾਂ ਵਿੱਚ ਪੰਦਰਵੀਂ ਸਦੀ ਵਿੱਚ ਸ਼ੁਰੂ ਹੋਣਾ ਮੰਨਿਆ ਜਾਂਦਾ ਹੈ। ਫੁਲਕਾਰੀ ਆਪਣੀ ਬੁੱਕਲ ਵਿੱਚ ਹੁਨਰ ਦੀ ਪੇਸ਼ਕਾਰੀ ਸਾਂਭੀ ਬੈਠੀ ਹੈ। ਇਸ ਨੂੰ ਲੋਕ ਕਢਾਈ ਦੇ ਤੌਰ ’ਤੇ ਵੀ ਮੰਨਿਆ ਜਾਂਦਾ ਹੈ। ਇਸ ਵਿੱਚ ਲੋਕਾਂ ਦਾ ਜੀਵਨ ਤੇ ਰਸਮ ਰਿਵਾਜ ਸਿਰਜੇ ਜਾਂਦੇ ਹਨ। ਬਹੁਤੇ ਕਬੀਲਿਆਂ ਵਿੱਚ ਫੁਲਕਾਰੀ ਪ੍ਰਚੱਲਿਤ ਰਹੀ, ਪਰ ਪੰਜਾਬ ਨੇ ਵੱਖਰੀ ਪਹਿਚਾਣ ਬਣਾਈ। ਪੰਜਾਬ ਵਿੱਚ ਜਿਵੇਂ ਦੁੱਧ ਵੇਚਣ ਨੂੰ ਮਾੜਾ ਮੰਨਿਆ ਜਾਂਦਾ ਸੀ, ਉਸੇ ਤਰ੍ਹਾਂ ਹੀ ਫੁਲਕਾਰੀ ਨੂੰ ਵੀ ਵੇਚਿਆ ਨਹੀਂ ਜਾਂਦਾ ਸੀ। ਬਲਕਿ ਘਰ ਵਿੱਚ ਗਹਿਣਾ ਬਣਾ ਕੇ ਸਾਂਭਿਆ ਜਾਂਦਾ ਸੀ। ਅਜੌਕੇ ਸਮੇਂ ਫੁਲਕਾਰੀ ਦੀ ਚਮਕ-ਦਮਕ ਬਦਲਵੇਂ ਰੂਪ ਵਿੱਚ ਮਿਲਦੀ ਹੈ, ਪਰ ਹੱਥੀਂ ਹੁਨਰ ਤੋਂ ਬਿਨਾਂ ਇਹ ਆਪਣਾ ਮੂਲ ਰੂਪ ਪਛਾੜ ਲੈਂਦੀ ਹੈ।

ਫੁਲਕਾਰੀ ਕੱਪੜੇ ਦੇ ਫੁੱਲਾਂ ਦੀ ਕਸੀਦਾਕਾਰੀ ਸੀ, ਪਰ ਪੁਰਾਤਨ ਪੰਜਾਬ ਵਿੱਚ ਫੁਲਕਾਰੀ ਨੇ ਕਈ ਰੂਪ ਬਣਾ ਲਏ ਜਿਸ ਨੇ ਪੰਜਾਬੀ ਸੱਭਿਆਚਾਰ ਨੂੰ ਵੰਨ-ਸੁਵੰਨੇ ਰੂਪ ਵਿੱਚ ਪੇਸ਼ ਕੀਤਾ। ਫੁਲਕਾਰੀ ਦੀ ਤਿਲ ਪੱਤਰੀ ਕਿਸਮ ਵਿਆਹ ਦੇ ਸਮੇਂ ਲਾਗ ਵਿੱਚ ਦਿੱਤੀ ਜਾਂਦੀ ਸੀ। ਚੋਪ ਕਿਸਮ ਦੀ ਫੁਲਕਾਰੀ ਲੜਕੀ ਦੇ ਵਿਆਹ ਸਮੇਂ ਨਾਨੀ ਆਪਣੀ ਦੋਹਤੀ ਨੂੰ ਸੌਗਾਤ ਵਜੋਂ ਦਿੰਦੀ ਸੀ ਜਿਸ ਦਾ ਆਕਾਰ ਵੱਡਾ ਹੁੰਦਾ ਸੀ। ਸੁੱਭਰ ਕਿਸਮ ਦੀ ਫੁਲਕਾਰੀ ਫੇਰਿਆਂ ਵੇਲੇ ਕੁੜੀ ਉੱਪਰ ਦਿੱਤੀ ਜਾਂਦੀ ਸੀ। ਨੀਲਕ ਕਿਸਮ ਦੀ ਫੁਲਕਾਰੀ ਖੱਦਰ ਉੱਤੇ ਗੂੜ੍ਹੇ ਰੰਗ ਨਾਲ ਕੱਢੀ ਜਾਂਦੀ ਸੀ। ਇਹ ਕੁੜੀ ਦੇ ਦਾਜ ਲਈ ਜ਼ਰੂਰੀ ਹੁੰਦੀ ਸੀ। ਛਮਾਸ ਫੁਲਕਾਰੀ ਸ਼ੀਸ਼ੇ ਦੇ ਗੋਲ ਟੁਕੜਿਆਂ ਨਾਲ ਜੜੀ ਹੁੰਦੀ ਸੀ। ਘੁੰਗਟਬਾਗ ਫੁਲਕਾਰੀ ਸਿਰ ਦੇ ਉਤਲੇ ਹਿੱਸੇ ’ਤੇ ਤਿਕੋਣੀ ਕਢਾਈ ਵਾਲੀ ਹੁੰਦੀ ਸੀ। ਬਾਗ਼ ਬਹੁਤ ਮਿਹਨਤ ਨਾਲ ਤਿਆਰ ਕੀਤੀ ਜਾਣ ਵਾਲੀ ਫੁਲਕਾਰੀ ਸੀ। ਇਸ ’ਤੇ ਵੀ ਤਿਕੋਣੀ ਕਢਾਈ ਹੁੰਦੀ ਸੀ। ਇਸ ਦੀ ਕਢਾਈ ਬਹੁਤ ਸੰਘਣੀ ਹੁੰਦੀ ਹੈ। ਇਸ ਤੋਂ ਇਲਾਵਾ ਵੱਖ-ਵੱਖ ਖਿਤਿਆਂ ਵਿੱਚ ਵੱਖ ਵੱਖ ਕਿਸਮਾਂ ਦੇ ਨਾਮ ਵੀ ਹਨ, ਪਰ ਸਾਰਿਆਂ ਦਾ ਮੁੱਖ ਨਿਸ਼ਾਨਾ ਫੁੱਲਾਂ ਦੀ ਚਿਤਕਾਰੀ ਹੀ ਹੈ।

ਫੁਲਕਾਰੀ ਸ਼ਗਨ ਅਤੇ ਸ਼ੁਭ ਕੰਮ ਦਾ ਪ੍ਰਤੀਕ ਹੁੰਦੀ ਸੀ। ਅੱਜ ਡੋਲੀ ਵਾਲੀ ਕਾਰ ਉੱਤੇ ਵੀ ਫੁਲਕਾਰੀ ਦੇਖੀ ਜਾਂਦੀ ਹੈ। ਵਿਆਹ ਵਾਲੇ ਮੁੰਡੇ ਦੇ ਸ਼ਗਨ ਦੇ ਪ੍ਰਤੀਕ ਵਜੋਂ ਮੱਥਾ ਟੇਕਣ ਜਾਣ ਸਮੇਂ ਭੈਣਾਂ ਵੱਲੋਂ ਫੁਲਕਾਰੀ ਸਿਰ ਉੱਤੇ ਤਾਣੀ ਜਾਂਦੀ ਸੀ। ਇਸ ਸਮੇਂ ਦੀ ਵੰਨਗੀ ਹੈ:

ਫੁਲਕਾਰੀ ਮੇਰੀ ਮਾਂ ਨੇ ਕੱਢੀ,

ਵੀਰਾ ਤੇਰੇ ’ਤੇ ਤਾਣੀ

ਚੰਦ ਵਰਗੀ ਭਾਬੋ ਵੀਰਾ,

ਕੱਲ੍ਹ ਨੂੰ ਵਿਆਹ ਕੇ ਲਿਆਉਣੀ

ਗਿੱਧੇ ਨਾਲ ਗੂੜ੍ਹਾ ਸਬੰਧ ਰੱਖਦੀ ਫੁਲਕਾਰੀ ਹੱਥੀਂ ਕਿਰਤ ਦਾ ਸ਼ਿੰਗਾਰ ਮੰਨੀ ਜਾਂਦੀ ਹੈ। ਅੱਜ ਮਸ਼ੀਨੀ ਯੁੱਗ ਵਿੱਚ ਫੁਲਕਾਰੀ ਦੀ ਉਹ ਗੱਲ ਨਹੀਂ ਰਹੀ। ਫੁਲਕਾਰੀ ਤ੍ਰਿੰਝਣ ਵਾਂਗ ਹੀ ਕੁੜੀਆਂ ਦੇ ਸਮੂਹ ਵਿੱਚ ਵੀ ਕੱਢੀ ਜਾਂਦੀ ਸੀ। ਉਸ ਸਮੇਂ ਭਾਈਚਾਰਕ ਏਕਤਾ ਵੀ ਹੁੰਦੀ ਸੀ। ਦਾਜ ਦੀ ਤਿਆਰੀ ਵੀ ਫੁਲਕਾਰੀ ਹੀ ਹੁੰਦੀ ਸੀ। ਇਹ ਕੁੜੀਆਂ ਦੇ ਸੁਹੱਪਣ ਨੂੰ ਦੂਣਾਂ ਵੀ ਕਰਦੀ ਹੈ। ਫੁਲਕਾਰੀ ਦੇ ਵੇਲ, ਬੂਟਿਆਂ ਤੇ ਚਿੱਤਰਾਂ ਤੋਂ ਲੋਕ ਬੋਲੀ ਆਪ ਮੁਹਾਰੇ ਹੀ ਉੱਭਰ ਜਾਂਦੀ ਹੈ:

ਹੁਸਨ ਗੋਰੀ ਦਾ ਚੋ-ਚੋ ਪੈਂਦਾ,

ਜਿਉਂ ਮਾਖਿਓ ਮਖਿਆਰੀ ਦਾ

ਨੈਣ ਗੋਰੀ ਦੇ ਕੱਜਲਾ ਪਾਇਆ,

ਡਾਢਾ ਰੰਗ ਫੁਲਕਾਰੀ ਦਾ

ਫੁਲਕਾਰੀ ਪੀੜ੍ਹੀ ਦਰ ਪੀੜ੍ਹੀ ਚੱਲਦੀ ਹੈ। ਇਹ ਬੇਬੇ ਦੇ ਸੰਦੂਕਾਂ ਦਾ ਸ਼ਿੰਗਾਰ ਅੱਜ ਵੀ ਬਣੀ ਹੋਈ ਹੈ। ਇੱਕ ਪੀੜ੍ਹੀ ਦੂਜੀ ਪੀੜ੍ਹੀ ਲਈ ਸੌਗਾਤ ਵਿੱਚ ਫੁਲਕਾਰੀ ਛੱਡ ਜਾਂਦੀ ਹੈ। ਅਜੋਕੇ ਸਮੇਂ ਫੁਲਕਾਰੀ ਨੂੰ ਆਪਣੇ ਰੰਗਾਂ- ਢੰਗਾਂ ਨਾਲ ਵਰਤਿਆ ਜਾਂਦਾ ਹੈ। ਕਈ ਪਾਰਖੂ ਅੱਜ ਵੀ ਪੁਰਾਤਨ ਫੁਲਕਾਰੀ ਸਾਂਭੀ ਬੈਠੇ ਹਨ। ਕਈ ਘਰਾਂ ਨੂੰ ਇਸ ਦੀ ਕੀਮਤ ਦਾ ਬਹੁਤਾ ਗਿਆਨ ਵੀ ਨਹੀਂ ਹੈ। ਫੁਲਕਾਰੀ ਦੇ ਤੋਹਫ਼ੇ ਘਰਾਣਿਆਂ ਦੀ ਵੱਖਰੀ ਪਹਿਚਾਣ ਕਰਵਾਉਂਦੇ ਹਨ। ਮੁਟਿਆਰਾਂ ਦੇ ਅਰਮਾਨ ਅੱਜ ਵੀ ਇਸ ਫੁਲਕਾਰੀ ਵਿੱਚ ਦੇਖੇ ਜਾ ਸਕਦੇ ਹਨ। ਔਰਤ ਲਈ ਘਰ, ਮੰਦਰ ਅਤੇ ਫੁਲਕਾਰੀ ਇਸ ਦੀ ਮਾਲਾ ਸਮਝੀ ਜਾਂਦੀ ਸੀ। ਪੰਜਾਬਣ ਦੇ ਸੁਹੱਪਣ ਨੂੰ ਕੱਜਣ ਲਈ ਇਹ ਅੱਜ ਵੀ ਸੋਨੇ ’ਤੇ ਸੁਹਾਗੇ ਦਾ ਰੂਪ ਮੰਨੀ ਜਾਂਦੀ ਹੈ।

ਅੰਮ੍ਰਿਤਾ ਪ੍ਰੀਤਮ ਨੇ ਫੁਲਕਾਰੀ ਨੂੰ ਆਪਣੀ ਰਚਨਾ ਵਿੱਚ ਪਿਰੋਅ ਕੇ ਇਸ ਨੂੰ ਅੱਜ ਵੀ ਤਰੋਤਾਜ਼ਾ ਰੱਖਿਆ ਹੋਇਆ ਹੈ:

ਚਾਨਣ ਦੀ ਫੁਲਕਾਰੀ ਤੋਪਾ ਕੌਣ ਭਰੇ,

ਅੰਬਰ ਦਾ ਇੱਕ ਆਲਾ

ਸੂਰਜ ਬਾਲ ਦਿਆਂ

ਮਨ ਦੀ ਉੱਚੀ ਮੰਮਟੀ ਦੀਵਾ ਕੌਣ ਧਰੇ

ਆਜ਼ਾਦੀ ਤੋਂ ਬਾਅਦ ਪੰਜਾਬੀਆਂ ਨਾਲ ਫੁਲਕਾਰੀ ਦਾ ਰੰਗ ਫਿੱਕਾ ਜ਼ਰੂਰ ਪਿਆ ਹੈ। ਇਸ ਦਾ ਕਾਰਨ ਤਕਨੀਕੀ ਤਰੱਕੀ ਸਮਝੀ ਜਾਂਦੀ ਹੈ। ਫੁਲਕਾਰੀ ਅੱਜ ਵੀ ਦਿਖਾਵੇ ਵਾਲੇ ਯੁੱਗ ਵਿੱਚ ਕਿਤੇ ਵੱਧ ਹਕੀਕੀ ਲੱਗਦੀ ਹੈ ਅਤੇ ਪੰਜਾਬ ਦੀ ਧੀ ਪੰਜਾਬਣ ਹੋਣ ਦਾ ਮਾਣ ਫੁਲਕਾਰੀ ਜ਼ਰੀਏ ਅੱਜ ਵੀ ਦਿੰਦੀ ਹੈ:

ਮੈਂ ਜੱਟੀ ਪੰਜਾਬ ਦੀ, ਮੇਰੇ ਗਜ਼-ਗਜ਼ ਲੰਬੇ ਕੇਸ

ਮੇਰੇ ਸਿਰ ਫੁਲਕਾਰੀ ਸੋਂਹਦੀ ਤੇ ਸੂਹਾ-ਸੂਹਾ ਵੇਸ

ਅੱਜ ਇੱਕ ਵੰਨਗੀ ਦੇ ਤੌਰ ’ਤੇ ਫੁਲਕਾਰੀ ਦੇਖੀ

ਜਾਂਦੀ ਹੈ, ਪਰ ਹਕੀਕਤ ਵਿੱਚ ਇਹ ਅੱਜ ਦੀ ਪੀੜ੍ਹੀ

ਦੀ ਰੂਹ ਦੀ ਆਵਾਜ਼ ਨਹੀਂ ਬਣਦੀ। ਇਸੇ ਲਈ

ਅੱਜ ਇਹ ਵੰਨਗੀ ਵੀ ਕੁੜੀਆਂ ਦੇ ਪਾੜੇ ਵਿੱਚੋਂ ਗੁੰਮ ਗਈ ਲੱਗਦੀ ਹੈ:

ਦਿਆਂ ਲੱਖ ਫੁਲਕਾਰੀਆਂ ਜਿੱਥੇ ਧੀ ਦਾ ਆਦਰ ਹੋ

ਸ਼ਾਲਾ! ਪੰਜਾਬ ਦੇ ਵਿਰਸੇ ਵਿੱਚੋਂ ਗੁੰਮ ਹੋਈਆਂ ਚੀਜ਼ਾਂ ਅਤੇ ਖ਼ਾਸ ਤੌਰ ’ਤੇ ਫੁਲਕਾਰੀ ਮੁੜ ਤੋਂ ਪੰਜਾਬ ਦੀ ਰੂਹ ਬਣ ਸਕੇ।