ਮੁੱਖ ਮੰਤਰੀ ਵੱਲੋਂ ਪਟਵਾਰੀਆਂ ਦੇ ਭੱਤੇ ’ਚ ਵਾਧੇ ਦਾ ਐਲਾਨ

ਮੁੱਖ ਮੰਤਰੀ ਵੱਲੋਂ ਪਟਵਾਰੀਆਂ ਦੇ ਭੱਤੇ ’ਚ ਵਾਧੇ ਦਾ ਐਲਾਨ

ਨਵ-ਨਿਯੁਕਤ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ; ‘ਤੁਸੀਂ ਕਲਮ ਚਲਾਓ, ਅਸੀਂ ਭੱਤੇ ਦਿਆਂਗੇ’
ਚੰਡੀਗੜ੍ਹ- ਮੁੱਖ ਮੰਤਰੀ ਭਗਵਾਨ ਮਾਨ ਨੇ ਅੱਜ ਪਟਵਾਰੀਆਂ ਦਾ ਸਿਖਲਾਈ ਭੱਤਾ ਵਧਾਉਣ ਦਾ ਐਲਾਨ ਕੀਤਾ ਹੈ। ਉਹ ਅੱਜ ਨਵੇਂ ਭਰਤੀ ਹੋਏ 710 ਪਟਵਾਰੀਆਂ ਨੂੰ ਨਿਯੁਕਤੀ ਪੱਤਰ ਵੰਡਣ ਸਬੰਧੀ ਕਰਵਾਏ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਆਖਿਆ ਕਿ ਪਟਵਾਰੀਆਂ ਨੂੰ ਸਿਖਲਾਈ ਭੱਤਾ ਹੁਣ ਪ੍ਰਤੀ ਮਹੀਨਾ ਪੰਜ ਹਜ਼ਾਰ ਦੀ ਬਜਾਏ 18 ਹਜ਼ਾਰ ਰੁਪਏ ਮਿਲੇਗਾ। ਪੰਜਾਬ ਸਰਕਾਰ ਅਤੇ ਪਟਵਾਰ ਯੂਨੀਅਨ ਦਰਮਿਆਨ ਪਹਿਲੀ ਸਤੰਬਰ ਤੋਂ ਚੱਲ ਰਹੇ ਟਕਰਾਅ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਨਵੇਂ ਭਰਤੀ ਹੋਏ ਪਟਵਾਰੀ ਜਿੰਨੀ ਤਨਦੇਹੀ ਨਾਲ ਲੋਕ ਹਿਤਾਂ ’ਤੇ ਡਟ ਕੇ ਪਹਿਰਾ ਦੇਣਗੇ, ਆਉਂਦੇ ਸਮੇਂ ਵਿਚ ਓਨੇ ਹੀ ਭੱਤੇ ਵਧਾਏ ਜਾਣਗੇ।

ਉਨ੍ਹਾਂ ਪ੍ਰਦਰਸ਼ਨਕਾਰੀ ਪਟਵਾਰੀਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਜਿਹੜੇ ਲੋਕਾਂ ਨੂੰ ਖੱਜਲ ਖ਼ੁਆਰ ਕਰ ਰਹੇ ਹਨ, ਉਨ੍ਹਾਂ ਅੱਗੇ ਸਰਕਾਰ ਕਿਸੇ ਕੀਮਤ ’ਤੇ ਨਹੀਂ ਝੁਕੇਗੀ। ਉਨ੍ਹਾਂ ਕਿਹਾ ਕਿ ਪ੍ਰਦਰਸ਼ਨਕਾਰੀ ਪਟਵਾਰੀ ਆਮ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਕੇ ਸਰਕਾਰ ਨੂੰ ਬਲੈਕਮੇਲ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਨਵੇਂ ਪਟਵਾਰੀ ਹੜਤਾਲ ਤੋਂ ਦੂਰ ਰਹਿਣ ਤੇ ਆਪਣੀ ਕਲਮ ਲੋਕਾਂ ਦੇ ਭਲੇ ਲਈ ਚਲਾਉਣ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਫ਼ੰਡਾਂ ਦੀ ਕੋਈ ਘਾਟ ਨਹੀਂ ਹੈ ਅਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦੀ ਭਲਾਈ ਯਕੀਨੀ ਬਣਾਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ 586 ਨਵੇਂ ਪਟਵਾਰੀਆਂ ਦੀ ਅਸਾਮੀਆਂ ਲਈ ਇਸ਼ਤਿਹਾਰ ਛੇਤੀ ਜਾਰੀ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ ਵੱਖ-ਵੱਖ ਸਰਕਾਰੀ ਮਹਿਕਮਿਆਂ ਵਿੱਚ ਨੌਜਵਾਨਾਂ ਨੂੰ 35 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਹਨ ਜਦਕਿ ਪਿਛਲੀਆਂ ਸਰਕਾਰਾਂ ਵਿੱਚੋਂ ਕਿਸੇ ਨੇ ਵੀ ਇੰਨੀਆਂ ਨੌਕਰੀਆਂ ਖ਼ਾਸ ਤੌਰ ਉੱਤੇ ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿੱਚ ਨਹੀਂ ਦਿੱਤੀਆਂ। ਉਨ੍ਹਾਂ ਕਿਹਾ ਕਿ ਹਰੇਕ ਮੁਲਾਜ਼ਮ ਦੀ ਜਾਇਜ਼ ਮੰਗ ਨੂੰ ਪੂਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਿੱਖਿਆ ਇਨਕਲਾਬ ਦੇ ਯੁੱਗ ਦੀ ਸ਼ੁਰੂਆਤ ਕਰਦਿਆਂ 68 ਕਰੋੜ ਰੁਪਏ ਦਾ ਬਜਟ ਪਹਿਲਾਂ ਹੀ ਸਕੂਲ ਆਫ਼ ਐਮੀਨੈਂਸ ਦੇ ਨਿਰਮਾਣ ਲਈ ਜਾਰੀ ਕਰ ਦਿੱਤਾ ਗਿਆ ਹੈ ਅਤੇ ਪਹਿਲਾ ਸਕੂਲ 13 ਸਤੰਬਰ ਨੂੰ ਲੋਕਾਂ ਨੂੰ ਸਮਰਪਿਤ ਕੀਤਾ ਜਾਵੇਗਾ। ਮਾਨ ਨੇ ਕਿਹਾ ਕਿ ਆਮ ਆਦਮੀ ਕਲੀਨਿਕ ਪੰਜਾਬ ਵਿੱਚ ਸਿਹਤ ਸੰਭਾਲ ਸਿਸਟਮ ਦੀ ਕਾਇਆ-ਕਲਪ ਕਰਨ ਲਈ ਕੰਮ ਕਰ ਰਹੇ ਹਨ ਅਤੇ ਹੁਣ ਤੱਕ 50 ਲੱਖ ਤੋਂ ਵੱਧ ਮਰੀਜ਼ ਇਨ੍ਹਾਂ ਕਲੀਨਿਕਾਂ ਜ਼ਰੀਏ ਮੁਫ਼ਤ ਦਵਾਈਆਂ ਤੇ ਕਲੀਨੀਕਲ ਟੈਸਟਾਂ ਦੀ ਸਹੂਲਤ ਲੈ ਚੁੱਕੇ ਹਨ।