ਭਾਰਤ ਵਿੱਚ ਜਮਹੂਰੀ ਢਾਂਚੇ ਦਾ ਗਲਾ ਘੁਟੇ ਜਾਣ ਤੋਂ ਯੂਰਪੀ ਸੰਘ ਵੀ ਚਿੰਤਤ: ਰਾਹੁਲ

ਭਾਰਤ ਵਿੱਚ ਜਮਹੂਰੀ ਢਾਂਚੇ ਦਾ ਗਲਾ ਘੁਟੇ ਜਾਣ ਤੋਂ ਯੂਰਪੀ ਸੰਘ ਵੀ ਚਿੰਤਤ: ਰਾਹੁਲ

ਰੂਸ-ਯੂਕਰੇਨ ਝਗੜੇ ਬਾਰੇ ਮੋਦੀ ਸਰਕਾਰ ਦੇ ਸਟੈਂਡ ਨਾਲ ਜਤਾਈ ਸਹਿਮਤੀ
ਲੰਡਨ- ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਰਤ ਦੀਆਂ ਜਮਹੂਰੀ ਸੰਸਥਾਵਾਂ ’ਤੇ ‘ਪੂਰੇ ਜ਼ੋਰ ਨਾਲ ਹਮਲੇ’ ਹੋ ਰਹੇ ਹਨ ਤੇ ਦੇਸ਼ ਦੇ ਜਮਹੂਰੀ ਢਾਂਚੇ ਦਾ ‘ਗ਼ਲਾ ਘੁੱਟਣ’ ਤੋਂ ਯੂਰਪੀ ਸੰਘ ਦੇ ਮੁਲਕ ਵੀ ਫਿਕਰਮੰਦ ਹਨ। ਤਿੰਨ ਯੂਰਪੀ ਮੁਲਕਾਂ ਦੇ ਦੌਰੇ ’ਤੇ ਆਏ ਗਾਂਧੀ ਨੇ ਬ੍ਰਸੱਲਜ਼ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰੂਸ-ਯੂਕਰੇਨ ਝਗੜੇ ਸਣੇ ਹੋਰ ਕਈ ਵਿਸ਼ਿਆਂ ਨੂੰ ਮੁਖਾਤਿਬ ਹੁੰਦਿਆਂ ਕਿਹਾ ਕਿ ਵਿਰੋਧੀ ਧਿਰ ਇਸ ਮੁੱਦੇ ’ਤੇ ਸਰਕਾਰ ਦੇ ਮੌਜੂਦਾ ਸਟੈਂਡ ਨਾਲ ਸਹਿਮਤ ਹੈ। ਭਾਰਤ ਦੀ ਮੇਜ਼ਬਾਨੀ ਵਿਚ ਹੋ ਰਹੀ ਜੀ-20 ਸਿਖਰ ਵਾਰਤਾ ਦੇ ਹਵਾਲੇ ਨਾਲ ਗਾਂਧੀ ਨੇ ਕਿਹਾ ਕਿ ਇਹ ‘ਚੰਗੀ ਚੀਜ਼’ ਹੈ, ਪਰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੂੰ ਅਜਿਹੇ ਸਮਾਗਮ ਲਈ ਸੱਦਾ ਨਾ ਦੇਣਾ ਦਰਸਾਉਂਦਾ ਹੈ ਕਿ ਸਰਕਾਰ ‘ਕਿਹੋ ਜਿਹੀ ਸੋਚ’ ਰੱਖਦੀ ਹੈ।

ਗਾਂਧੀ ਨੇ ਕਿਹਾ, ‘‘ਭਾਰਤ ਵਿੱਚ ਪੱਖਪਾਤ ਤੇ ਹਿੰਸਾ ਵਧੇ ਹਨ। ਸਾਡੇ ਦੇਸ਼ ਦੀਆਂ ਸੰਵਿਧਾਨਕ ਸੰਸਥਾਵਾਂ ’ਤੇ ‘ਪੂਰੇ ਜ਼ੋਰ ਨਾਲ ਹਮਲੇ’ ਕੀਤੇ ਜਾ ਰਹੇ ਹਨ, ਤੇ ਸਾਰਿਆਂ ਨੂੰ ਇਸ ਬਾਰੇ ਪਤਾ ਹੈ।’’ ਯੂਰਪੀ ਸੰਸਦ ਮੈਂਬਰਾਂ ਦੀ ਪ੍ਰਤੀਕਿਰਿਆ ਬਾਰੇ ਪੁੱਛਣ ’ਤੇ ਗਾਂਧੀ ਨੇ ਕਿਹਾ, ‘‘ਉਹ ਬਹੁਤ ਚਿੰਤਤ ਹਨ ਤੇ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਰਤ ਦੇ ਜਮਹੂਰੀ ਢਾਂਚੇ ਦਾ ਗਲ਼ ਘੁੱਟਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਮੈਨੂੰ ਯਕੀਨ ਹੈ, ਮੇਰਾ ਮਤਲਬ ਉਹ ਇਸ ਨੂੰ ਲੈ ਕੇ ਸਾਡੇ ਨਾਲ ਬਹੁਤ ਸਪਸ਼ਟ ਹਨ।’’