ਦਿੱਲੀ ਿਵੱਚ ਜੀ-20 ਸਿਖਰ ਸੰਮੇਲਨ ਅੱਜ ਤੋਂ

ਦਿੱਲੀ ਿਵੱਚ ਜੀ-20 ਸਿਖਰ ਸੰਮੇਲਨ ਅੱਜ ਤੋਂ

ਭਾਰਤ ਵੱਲੋਂ ਪ੍ਰਸਤਾਵਿਤ ਐਲਾਨਨਾਮਾ ਗਲੋਬਲ ਸਾਊਥ ਦੀ ਆਵਾਜ਼ ਕਰਾਰ
ਨਵੀਂ ਦਿੱਲੀ- ਆਲਮੀ ਆਗੂਆਂ ਦੇ ਭਲਕੇ ਤੋਂ ਸ਼ੁਰੂ ਹੋਣ ਜਾ ਰਹੇ ਜੀ-20 ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਇਥੇ ਪੁੱਜਣ ਦਰਮਿਆਨ ਮੇਜ਼ਬਾਨ ਭਾਰਤ ਨੇ ਕਿਹਾ ਹੈ ਕਿ ਨਿਊ ਦਿੱਲੀ ਲੀਡਰਜ਼ ਡੈਕਲਾਰੇਸ਼ਨ ’ਚ ਗਲੋਬਲ ਸਾਊਥ ਦੀ ਆਵਾਜ਼ ਝਲਕੇਗੀ। ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਜ਼ਾਹਿਰ ਕੀਤਾ ਕਿ ਇਹ ਸੰਮੇਲਨ ਮਨੁੱਖਤਾ ਕੇਂਦਰਿਤ ਤੇ ਇਕਸਾਰ ਵਿਕਾਸ ’ਚ ਨਵਾਂ ਰਾਹ ਖੋਲ੍ਹੇਗਾ। ਰੂਸ-ਯੂਕਰੇਨ ਜੰਗ ਅਤੇ ਜਲਵਾਯੂ ਨਾਲ ਸਬੰਧਤ ਵਿਵਾਦਤ ਮੁੱਦਿਆਂ ਦਾ ਜ਼ਿਕਰ ਕੀਤੇ ਬਿਨਾਂ ਭਾਰਤ ਦੇ ਸਿਖਰਲੇ ਜੀ-20 ਅਧਿਕਾਰੀਆਂ ਨੇ ਸਿਖਰ ਸੰਮੇਲਨ ਤੋਂ ਪਹਿਲਾਂ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਐਲਾਨਾਮਾ ਤਕਰੀਬਨ ਤਿਆਰ ਹੈ ਅਤੇ ਉਹ ਆਸਵੰਦ ਹਨ ਕਿ ਇਹ ਸਰਬਸੰਮਤੀ ਨਾਲ ਜਾਰੀ ਹੋਵੇਗਾ। ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾੲਿਡਨ, ਬਰਤਾਨੀਆ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਚੀਨ ਦੇ ਪ੍ਰਧਾਨ ਮੰਤਰੀ ਲੀ ਕਿਆਂਗ, ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ, ਇਟਲੀ ਦੀ ਪ੍ਰਧਾਨ ਮੰਤਰੀ ਜੌਰਜੀਆ ਮੈਲੋਨੀ, ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੇਜ਼, ਕੌਮਾਂਤਰੀ ਮੁਦਰਾ ਕੋਸ਼ (ਆਈਐੱਮਐੱਫ) ਮੁਖੀ ਕ੍ਰਿਸਟਲੀਨਾ ਜੌਰਜੀਵਾ ਉਨ੍ਹਾਂ ਅਹਿਮ ਲੋਕਾਂ ’ਚ ਸ਼ਾਮਲ ਹਨ, ਜੋ ਜੀ-20 ਸਿਖਰ ਸੰਮੇਲਨ ਲਈ ਅੱਜ ਦਿੱਲੀ ਪਹੁੰਚ ਗਏ ਹਨ। ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਸੰਮੇਲਨ ’ਚੋਂ ਗ਼ੈਰ-ਹਾਜ਼ਰ ਰਹਿਣਗੇ। ਆਲਮੀ ਨੇਤਾਵਾਂ ਦਾ ਸਵਾਗਤ ਵੱਖ ਵੱਖ ਮੰਡਲੀਆਂ ਵੱਲੋਂ ਰਵਾਇਤੀ ਨ੍ਰਿਤ ਪੇਸ਼ ਕਰਕੇ ਕੀਤਾ ਗਿਆ ਹੈ ਅਤੇ ਆਈਐੱਮਐੱਫ ਮੁਖੀ ਜੌਰਜੀਵਾ ਨੇ ਹਵਾਈ ਅੱਡੇ ’ਤੇ ਸੰਗੀਤ ਦੀ ਧੁਨ ’ਤੇ ਨ੍ਰਿਤ ਵੀ ਕੀਤਾ। ਕੇਂਦਰੀ ਮੰਤਰੀਆਂ ਸ਼ੋਭਾ ਕਰੰਦਲਾਜੇ ਤੇ ਦਰਸ਼ਨਾ ਜਰਦੋਸ਼ ਨੇ ਕ੍ਰਮਵਵਾਰ ਮੈਲੋਨੀ ਤੇ ਸ਼ੇਖ ਹਸੀਨਾ ਦਾ ਸਵਾਗਤ ਕੀਤਾ। ਸੂਨਕ ਦਾ ਸਵਾਗਤ ਕੇਂਦਰੀ ਮੰਤਰੀ ਅਸ਼ਵਨੀ ਚੌਬੇ ਜਦਕਿ ਅਰਜਨਟੀਨਾ ਦੇ ਰਾਸ਼ਟਰਪਤੀ ਅਲਬਰਟੋ ਫਰਨਾਂਡੇਜ਼ ਦਾ ਸਵਾਗਤ ਕੇਂਦਰੀ ਮੰਤਰੀ ਫੱਗਨ ਸਿੰਘ ਕੁਲਸਤੇ ਨੇ ਕੀਤਾ। ਇਸੇ ਤਰ੍ਹਾਂ ਕਰੋਮੋਰੋਸ ਦੇ ਰਾਸ਼ਟਰਪਤੀ ਅਜਾਲੀ ਅਸੌਮਾਨੀ, ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲੈਵਰੋਵ, ਓਮਾਨ ਦੇ ਉੱਪ ਪ੍ਰਧਾਨ ਮੰਤਰੀ ਸੱਯਦ ਫਾਹਦ ਬਿਨ ਮਹਿਮੂਦ ਅਲ ਸਈਦ, ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਐਂਟੋਨੀਓ ਗੁਟੇਰੇਜ਼, ਜਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ, ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਇਰਲ ਰਾਮਫੋਸਾ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ ਵਿਡੋਡੋ ਅਤੇ ਤੁਰਕੀ ਦੇ ਰਾਸ਼ਟਰਪਤੀ ਤਈਅਪ ਅਰਦੌਗਾਂ ਦਾ ਵੀ ਭਾਰਤ ਪਹੁੰਚਣ ’ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਸੰਮੇਲਨ ’ਚ ਹਿੱਸਾ ਲੈਣ ਲਈ ਮਿਸਰ ਦੇ ਰਾਸ਼ਟਰਪਤੀ ਅਬਦਲ ਅਲ-ਸਿਸੀ, ਦੱਖਣੀ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯਿਓਲ, ਆਸਟਰੇਲੀਆ ਦੇ ਪ੍ਰਧਾਨ ਮਤਰੀ ਐਂਥਨੀ ਅਲਬਾਨੀਜ਼ ਅਤੇ ਸੰਯੁਕਤ ਅਰਬ ਅਮੀਰਾਤ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਏਦ ਅਲ ਨਾਹਿਆਨ ਵੀ ਭਾਰਤ ਪਹੁੰਚ ਗਏ ਹਨ।


ਕੌਮੀ ਰਾਜਧਾਨੀ ਖਾਸ ਕਰਕੇ ਨਵੀਂ ਦਿੱਲੀ ਜ਼ਿਲ੍ਹੇ ’ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੰਮੇਲਨ ਵਾਲੀ ਥਾਂ ਭਾਰਤ ਮੰਡਪਮ ’ਚ ਪੁਲੀਸ, ਨੀਮ ਫ਼ੌਜੀ ਬਲਾਂ ਅਤੇ ਹੋਰ ਏਜੰਸੀਆਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਹੈ। ਵਿਦੇਸ਼ ਸਕੱਤਰ ਵਿਨੈ ਕਵਾਤਰਾ ਨੇ ਯੂਕਰੇੇਨ ਸੰਘਰਸ਼ ਬਾਰੇ ਇਕ ਸਵਾਲ ਦੇ ਜਵਾਬ ਿਵੱਚ ਕਿਹਾ ਕਿ ਭਾਰਤ ਆਸ ਕਰਦਾ ਹੈ ਕਿ ਜੀ-20 ਮੁਲਕਾਂ ਦੇ ਸਾਰੇ ਮੈਂਬਰ ਸਹਿਮਤੀ ਨਾਲ ਅੱਗੇ ਵਧਣਗੇ। ਜੀ-20 ਗਰੁੱਪ ’ਚ ਅਫ਼ਰੀਕਨ ਯੂਨੀਅਨ ਨੂੰ ਸ਼ਾਮਲ ਕੀਤੇ ਜਾਣ ਬਾਰੇ ਕਵਾਤਰਾ ਨੇ ਕਿਹਾ ਕਿ ਸੰਮੇਲਨ ’ਚ ਇਸ ਬਾਰੇ ਕੋਈ ਢੁੱਕਵਾਂ ਫ਼ੈਸਲਾ ਲਿਆ ਜਾਵੇਗਾ। ਭਾਰਤ ਦੇ ਜੀ-20 ਸ਼ੇਰਪਾ ਅਮਿਤਾਭ ਕਾਂਤ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗਲੋਬਲ ਸਾਊਥ ਦੇ ਵੱਡੇ ਹਮਾੲਿਤੀ ਹਨ ਅਤੇ ਉਨ੍ਹਾਂ ਸਾਰੇ ਆਗੂਆਂ ਨੂੰ ਲਿਖਿਆ ਹੈ ਕਿ ਅਫ਼ਰੀਕਨ ਯੂਨੀਅਨ ਨੂੰ ਜੀ-20 ’ਚ ਸ਼ਾਮਲ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਇਸ ਦਾ ਹਾਂ-ਪੱਖੀ ਹੁੰਗਾਰਾ ਮਿਲਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜੀ-20 ਦੀ ਭਾਰਤ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਰਜ ਮੁਖੀ ਅਤੇ ਫ਼ੈਸਲਾਕੁੰਨ ਹੋਣ ਦੇ ਦ੍ਰਿਸ਼ਟੀਕੋਣ ’ਤੇ ਖਰੀ ਉਤਰੀ ਹੈ। ਕਾਂਤ ਨੇ ਕਿਹਾ ਕਿ ‘ਨਿਊ ਦਿੱਲੀ ਲੀਡਰਜ਼ ਡੈਕਲਾਰੇਸ਼ਨ’ ਗਲੋਬਲ ਸਾਊਥ ਅਤੇ ਵਿਕਾਸਸ਼ੀਲ ਮੁਲਕਾਂ ਦੀ ਆਵਾਜ਼ ਬਣੇਗਾ। ਉਨ੍ਹਾਂ ਕਿਹਾ ਕਿ ਦੇਸ਼ ਭਰ ਦੇ 60 ਸ਼ਹਿਰਾਂ ’ਚ ਜੀ-20 ਨਾਲ ਸਬੰਧਤ 220 ਤੋਂ ਜ਼ਿਆਦਾ ਮੀਟਿੰਗਾਂ ਹੋਈਆਂ ਹਨ ਜਿਨ੍ਹਾਂ ਨਾਲ ਭਾਰਤ ਦੀ ਵਿਭਿੰਨਤਾ ਅਤੇ ਸੰਘੀ ਢਾਂਚੇ ਦੀ ਝਲਕ ਮਿਲਦੀ ਹੈ। ਯੂਕਰੇਨ ਸੰਘਰਸ਼ ’ਤੇ ਮੱਤਭੇਦਾਂ ਨੂੰ ਲੈ ਕੇ ਸੰਮੇਲਨ ਦੌਰਾਨ ਕਿਸੇ ਐਲਾਨਨਾਮੇ ’ਤੇ ਪੁੱਜਣ ਬਾਰੇ ਪੁੱਛੇ ਜਾਣ ’ਤੇ ਯੂਰੋਪੀ ਕਾਊਂਸਿਲ ਦੇ ਪ੍ਰਧਾਨ ਚਾਰਲਸ ਮਿਸ਼ੇਲ ਨੇ ਕਿਹਾ ਕਿ ਇਸ ’ਤੇ ਅਜੇ ਚਰਚਾ ਜਾਰੀ ਹੈ। ਰੂਸੀ ਵਿਦੇਸ਼ ਮੰਤਰਾਲੇ ਨੇ ਦਾਅਵਾ ਕੀਤਾ ਕਿ ਜੀ-7 ਮੁਲਕਾਂ ਦਾ ਗਰੁੱਪ ਭਾਰਤ ’ਤੇ ਦਬਾਅ ਪਾ ਰਿਹਾ ਹੈ ਕਿ ਜੀ-20 ਸਿਖਰ ਸੰਮੇਲਨ ਦੇ ਅੰਤਿਮ ਦਸਤਾਵੇਜ਼ ’ਚ ਯੂਕਰੇਨ ਦੇ ਹਾਲਾਤ ਦਾ ਇਕਪਾਸੜ ਜ਼ਿਕਰ ਕੀਤਾ ਜਾਵੇ।