ਮਨੀਪੁਰ: ਹਿੰਸਾ ’ਚ ਦੋ ਮੌਤਾਂ; ਮੇਜਰ ਸਣੇ 50 ਜ਼ਖ਼ਮੀ

ਮਨੀਪੁਰ: ਹਿੰਸਾ ’ਚ ਦੋ ਮੌਤਾਂ; ਮੇਜਰ ਸਣੇ 50 ਜ਼ਖ਼ਮੀ

ਇੰਫਾਲ- ਮਨੀਪੁਰ ਵਿੱਚ ਤੇਂਗਨੂਪਾਲ ਜ਼ਿਲ੍ਹੇ ’ਚ ਪੈਂਦੇ ਪੱਲੇਲ ਵਿੱਚ ਅੱਜ ਗੋਲੀਬਾਰੀ ਦੀਆਂ ਵੱਖ-ਵੱਖ ਘਟਨਾਵਾਂ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਆਰਮੀ ਮੇਜਰ ਸਣੇ 50 ਦੇ ਕਰੀਬ ਵਿਅਕਤੀ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਇਨ੍ਹਾਂ ਵਿਚੋਂ ਚਾਰ ਵਿਅਕਤੀ ਗੋਲੀਆਂ ਲੱਗਣ ਕਾਰਨ ਜ਼ਖ਼ਮੀ ਹੋ ਗਏ।

ਅਧਿਕਾਰੀਆਂ ਨੇ ਦੱਸਿਆ ਕਿ ਸਵੇਰੇ 6 ਵਜੇ ਦੇ ਕਰੀਬ ਪੱਲੇਲ ਵਿੱਚ ਅਣਪਛਾਤੇ ਵਿਅਕਤੀਆਂ ਦੇ ਦੋ ਸਮੂਹਾਂ ਵਿਚਾਲੇ ਗੋਲੀਬਾਰੀ ਹੋ ਗਈ, ਜਿਸ ਵਿੱਚ ਇਕ ਵਿਅਕਤੀ ਦੀ ਮੌਤ ਹੋ ਗਈ। ਇਕ ਹੋਰ ਵਿਅਕਤੀ ਜਿਸ ਦੇ ਗੋਲੀ ਲੱਗੀ ਸੀ, ਨੂੰ ਪਹਿਲਾਂ ਕਾਕਚਿੰਗ ਜੀਵਨ ਹਸਪਤਾਲ ਲਿਆਂਦਾ ਗਿਆ ਤੇ ਫਿਰ ਉੱਥੋਂ ਉਸ ਨੂੰ ਇੰਫਾਲ ਰੈਫਰ ਕਰ ਦਿੱਤਾ ਗਿਆ। ਡਾਕਟਰਾਂ ਮੁਤਾਬਕ ਇੰਫਾਲ ਵਿੱਚ ਮੈਡੀਕਲ ਵਿਗਿਆਨ ਖੇਤਰੀ ਸੰਸਥਾ (ਆਰਆਈਐੱਮਐੱਸ) ’ਚ ਦਾਖਲ ਕਰਵਾਏ ਗਏ ਇਕ ਜ਼ਖ਼ਮੀ ਵਿਅਕਤੀ ਦੀ ਹਾਲਤ ਗੰਭੀਰ ਹੈ। ਅਧਿਕਾਰੀਆਂ ਨੇ ਦੱਸਿਆ ਕਿ ਜਿਵੇਂ ਹੀ ਗੋਲੀਬਾਰੀ ਦੀ ਖ਼ਬਰ ਫੈਲੀ, ਥੌਬਲ ਤੇ ਕਾਕਚਿੰਗ ਜ਼ਿਲ੍ਹਿਆਂ ਦੀਆਂ ਵੱਖ-ਵੱਖ ਦਿਸ਼ਾਵਾਂ ’ਚੋਂ ਵੱਡੀ ਗਿਣਤੀ ਲੋਕ ਪੱਲੇਲ ਵੱਲ ਨੂੰ ਵਧਣ ਲੱਗੇ ਪਰ ਅਸਾਮ ਰਾਈਫਲਜ਼ ਦੇ ਜਵਾਨਾਂ ਨੇ ਉਨ੍ਹਾਂ ਨੂੰ ਰੋਕ ਲਿਆ। ਇਸ ਦੌਰਾਨ ਸਥਿਤੀ ਤਣਾਅਪੂਰਨ ਬਣ ਗਈ। ਅਧਿਕਾਰੀਆਂ ਨੇ ਕਿਹਾ ਕਿ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਦੇ ਦੋ ਸਮੂਹਾਂ ਵਿਚਾਲੇ ਹੋਈ ਗੋਲੀਬਾਰੀ ਵਿੱਚ ਇਕ 48 ਸਾਲਾ ਵਿਅਕਤੀ ਦੀ ਮੌਤ ਹੋ ਗਈ। ਅਸਾਮ ਰਾਈਫਲਜ਼ ਵੱਲੋਂ ਸਥਿਤੀ ਨੂੰ ਕਾਬੂ ਹੇਠ ਕਰਨ ਲਈ ਦਾਗੇ ਗਏ ਅੱਥਰੂ ਗੈਸ ਦੇ ਗੋਲਿਆਂ ਕਾਰਨ 45 ਤੋਂ ਵੱਧ ਮਹਿਲਾਵਾਂ ਵੀ ਜ਼ਖ਼ਮੀ ਹੋ ਗਈਆਂ। ਇਸ ਦੌਰਾਨ ਅਸਾਮ ਰਾਈਫਲਜ਼ ਦਾ ਇਕ ਜਵਾਨ ਵੀ ਜ਼ਖ਼ਮੀ ਹੋ ਗਿਆ। ਦੂਜੇ ਪਾਸੇ ਭੀੜ ਨੂੰ ਕਾਬੂ ਕਰਨ ਲਈ ਇੰਫਾਲ ਤੋਂ ਪੱਲੇਲ ਵੱਲ ਜਾ ਰਹੀ ਆਰਏਐੱਫ ਦੇ ਜਵਾਨਾਂ ਦੀ ਟੁੱਕੜੀ ਨੂੰ ਥੌਬਲ ’ਚ ਸਥਾਨਕ ਲੋਕਾਂ ਨੇ ਰੋਕ ਲਿਆ।