ਪ੍ਰਧਾਨ ਮੰਤਰੀ ਵੱਲੋਂ ਸ਼ੇਖ ਹਸੀਨਾ ਤੇ ਪ੍ਰਵਿੰਦ ਜਗਨਨਾਥ ਨਾਲ ਮੁਲਾਕਾਤ

ਪ੍ਰਧਾਨ ਮੰਤਰੀ ਵੱਲੋਂ ਸ਼ੇਖ ਹਸੀਨਾ ਤੇ ਪ੍ਰਵਿੰਦ ਜਗਨਨਾਥ ਨਾਲ ਮੁਲਾਕਾਤ

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-20 ਸਿਖਰ ਵਾਰਤਾ ਲਈ ਭਾਰਤ ਪੁੱਜੇ ਬੰਗਲਾਦੇਸ਼ ਤੇ ਮੌਰੀਸ਼ਸ ਦੇ ਆਪਣੇ ਹਮਰੁਤਬਾਵਾਂ ਕ੍ਰਮਵਾਰ ਸ਼ੇਖ ਹਸੀਨਾ ਤੇ ਪ੍ਰਵਿੰਦ ਜਗਨਨਾਥ ਨਾਲ ਅੱਜ ਵੱਖੋ ਵੱਖਰੀਆਂ ਮੁਲਾਕਾਤਾਂ ਕਰਕੇ ਦੁਵੱਲੇ ਮੁੱਦਿਆਂ ’ਤੇ ਵਿਚਾਰ ਚਰਚਾ ਕੀਤੀ। ਪੀਐੱਮਓ ਮੁਤਾਬਕ ਸ੍ਰੀ ਮੋਦੀ ਅਗਲੇ ਤਿੰਨ ਦਿਨਾਂ ਵਿੱਚ 15 ਦੁਵੱਲੀਆਂ ਮੀਟਿੰਗਾਂ ਕਰਨਗੇ। ਸ੍ਰੀ ਮੋਦੀ ਭਲਕੇ ਯੂਕੇ, ਜਪਾਨ, ਜਰਮਨੀ ਤੇ ਇਟਲੀ ਸਣੇ ਜੀ-20 ਵਾਰਤਾ ਵਿੱਚ ਸ਼ਾਮਲ ਕੁਝ ਹੋਰ ਮੁਲਕਾਂ ਦੇ ਆਗੂਆਂ ਨੂੰ ਮੁੱਖ ਸਮਾਗਮ ਤੋਂ ਇਕਪਾਸੇ ਮਿਲਣਗੇ। ਸੂਤਰਾਂ ਨੇ ਕਿਹਾ ਕਿ ਸ੍ਰੀ ਮੋਦੀ ਐਤਵਾਰ ਨੂੰ ਦੁਪਹਿਰ ਦੇ ਖਾਣੇ ਮੌਕੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨਾਲ ਗੱਲਬਾਤ ਕਰਨਗੇ।

ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨਾਲ ਬੈਠਕ ਦੌਰਾਨ ਸ੍ਰੀ ਮੋਦੀ ਨੇ ਦੁਵੱਲੇ ਸਹਿਯੋਗ ਦਾ ਘੇਰਾ ਵਧਾਉਣ ਅਤੇ ਕੁਨੈਕਟੀਵਿਟੀ ਤੇ ਕਮਰਸ਼ੀਅਲ ਲਿੰਕ ਜਿਹੇ ਮੁੁੱਦਿਆਂ ’ਤੇ ਵਿਚਾਰ ਵਟਾਂਦਰਾ ਕੀਤਾ। ਸ੍ਰੀ ਮੋਦੀ ਨੇ ਮਗਰੋਂ ਇਕ ਪੋਸਟ ਵਿੱਚ ਕਿਹਾ ਕਿ ਪੀਐੱਮ ਸ਼ੇਖ ਹਸੀਨਾ ਨਾਲ ਹੋਈ ਗੱਲਬਾਤ ‘ਉਸਾਰੂ ਤੇ ਕਾਰਗਰ’ ਰਹੀ। ਪ੍ਰਧਾਨ ਮੰਤਰੀ ਨੇ ਕਿਹਾ, ‘‘ਪਿਛਲੇ 9 ਸਾਲਾਂ ਵਿੱਚ ਭਾਰਤ-ਬੰਗਲਾਦੇਸ਼ ਦੇ ਰਿਸ਼ਤਿਆਂ ਨੇ ਬਹੁਤ ਤਰੱਕੀ ਕੀਤੀ ਹੈ। ਅਸੀਂ ਗੱਲਬਾਤ ਦੌਰਾਨ ਕੁਨੈਕਟੀਵਿਟੀ, ਕਮਰਸ਼ੀਅਲ ਲਿੰਕੇਜ ਤੇ ਹੋਰ ਕਈ ਮਸਲਿਆਂ ’ਤੇ ਵਿਚਾਰ ਵਟਾਂਦਰਾ ਕੀਤਾ।’’ ਉਧਰ ਪੀਐੱਮਓ ਨੇ ਵੀ ਐਕਸ ’ਤੇ ੲਿਕ ਪੋਸਟ ਵਿਚ ਕਿਹਾ ਕਿ ਬੈਠਕ ਦੌਰਾਨ ਦੋਵਾਂ ਧਿਰਾਂ ਨੇ ਕੁਨੈਕਟੀਵਿਟੀ, ਸਭਿਆਚਾਰ ਸਣੇ ਵੱਖ ਵੱਖ ਸੈਕਟਰਾਂ ਵਿੱਚ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਦੀ ਸਹਿਮਤੀ ਦਿੱਤੀ।’’

ਇਸ ਦੌਰਾਨ ਸ੍ਰੀ ਮੋਦੀ ਨੇ ਮੌਰੀਸ਼ਸ ਦੇ ਆਪਣੇ ਹਮਰੁਤਬਾ ਪ੍ਰਵਿੰਦ ਜਗਨਨਾਥ ਨਾਲ ਆਪਣੀ ਪਲੇਠੀ ਦੁਵੱਲੀ ਮੀਟਿੰਗ ਦੌਰਾਨ ਕਿਹਾ ਕਿ ਭਾਰਤ ਆਲਮੀ ਦੱਖਣ ਦੀ ਆਵਾਜ਼ ਨੂੰ ਕੁੱਲ ਆਲਮ ਤੱਕ ਪਹੁੰਚਾਉਣ ਲਈ ਵਚਨਬੱਧ ਹੈ। ਸ੍ਰੀ ਮੋਦੀ ਨੇ ਐਕਸ ’ਤੇ ਕਿਹਾ, ‘‘ਪ੍ਰਧਾਨ ਮੰਤਰੀ ਜਗਨਨਾਥ ਨਾਲ ਮੇਰੀ ਬੈਠਕ ਬਹੁਤ ਵਧੀਆ ਰਹੀ।

ਭਾਰਤ-ਮੌਰੀਸ਼ਸ ਸਬੰਧਾਂ ਲਈ ਇਹ ਸਾਲ ਬਹੁਤ ਖਾਸ ਹੈ ਕਿਉਂਕਿ ਅਸੀਂ ਦੋਵਾਂ ਮੁਲਕਾਂ ਦਰਮਿਆਨ ਕੂਟਨੀਤਕ ਰਿਸ਼ਤਿਆਂ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ।

ਅਸੀਂ ਬੁਨਿਆਦੀ ਢਾਂਚਾ, ਫਿਨਟੈੈੱਕ, ਸਭਿਆਚਾਰ ਤੇ ਹੋਰ ਕਈ ਖੇਤਰਾਂ ਵਿਚ ਸਹਿਯੋਗ ਬਾਰੇ ਚਰਚਾ ਕੀਤੀ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਭਾਰਤ ਆਲਮੀ ਦੱਖਣ ਦੀ ਆਵਾਜ਼ ਅੱਗੇ ਪਹੁੰਚਾਉਣ ਲਈ ਵਚਨਬੱਧ ਹੈ।’’