ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ‘ਜਰਨੈਲ’ ਕੁੱਕੂ ਰਾਗੀ

ਤੂੰਬੇ ਅਲਗੋਜ਼ੇ ਦੀ ਗਾਇਕੀ ਦਾ ‘ਜਰਨੈਲ’ ਕੁੱਕੂ ਰਾਗੀ

ਹਰਦਿਆਲ ਸਿੰਘ ਥੂਹੀ

ਤੂੰਬੇ ਅਲਗੋਜ਼ੇ ਦੀ ਗਾਇਕੀ ਵਿਚ ਤੂੰਬਾ ਵਾਦਕ ਦੀ ਦੂਹਰੀ ਭੂਮਿਕਾ ਹੁੰਦੀ ਹੈ, ਉਹ ਇਕੋ ਸਮੇਂ ਸਾਜ਼ੀ ਵੀ ਹੁੰਦਾ ਹੈ ਤੇ ਪਾਛੂ ਰਾਗੀ ਵੀ। ਅਜਿਹੇ ਪ੍ਰਸਿੱਧ ਤੂੰਬਾ ਵਾਦਕਾਂ ਵਿਚੋਂ ਹੀ ਇਕ ਉੱਘਾ ਤੂੰਬਾ ਵਾਦਕ ਹੈ ਕੁੱਕੂ ਰਾਗੀ ਭਾਰ ਸਿੰਘ ਪੁਰੇ ਵਾਲਾ।

ਕੁੱਕੂ ਦਾ ਅਸਲ ਨਾਂ ਜਰਨੈਲ ਸਿੰਘ ਹੈ। ਉਸ ਦਾ ਜਨਮ ਜ਼ਿਲ੍ਹਾ ਜਲੰਧਰ ਦੇ ਪਿੰਡ ਭਾਰ ਸਿੰਘ ਪੁਰੇ ਵਿਖੇ ਪਿਤਾ ਬਖਸ਼ੀਸ਼ ਸਿੰਘ ਤੇ ਮਾਤਾ ਚੰਨਣ ਕੌਰ ਦੇ ਘਰ ਉੱਨੀ ਸੌ ਉਨਾਹਟ ਵਿਚ ਹੋਇਆ। ਮਾਪਿਆਂ ਦੀਆਂ ਅੱਠ ਔਲਾਦਾਂ, ਚਾਰ ਪੁੱਤਰਾਂ ਅਤੇ ਚਾਰ ਧੀਆਂ ਵਿਚੋਂ ਉਹ ਸਭ ਤੋਂ ਛੋਟਾ ਹੈ। ਪਰਿਵਾਰ ਦਾ ਪੁਸ਼ਤੀ ਕਿੱਤਾ ਖੇਤੀਬਾੜੀ ਹੈ। ਉਸ ਨੇ ਸਕੂਲੀ ਪੜ੍ਹਾਈ ਕੇਵਲ ਪੰਜ ਜਮਾਤਾਂ ਤਕ ਹੀ ਕੀਤੀ। ਪਿੰਡ ਵਿਚ ਗੁੱਗਾ ਮਾੜੀ ਦੇ ਸਥਾਨ ’ਤੇ ਦੋ ਦਿਨ ਅਤੇ ਇਕ ਰਾਤ ਦਾ ਮੇਲਾ ਭਰਦਾ ਸੀ ਤੇ ਛਿੰਝ ਪੈਂਦੀ ਸੀ। ਇੱਥੇ ਦੂਰੋਂ ਦੂਰੋਂ ਤੂੰਬੇ ਵਾਲੇ ਗਾਇਕ ਆ ਕੇ ਅਖਾੜੇ ਲਾਉਂਦੇ ਸਨ। ਉਨ੍ਹਾਂ ਨੂੰ ਸੁਣ ਸੁਣ ਕੇ ਉਸ ਨੂੰ ਗਾਇਕੀ ਦੀ ਚੇਟਕ ਲੱਗ ਗਈ। ਘਰਦਿਆਂ ਨੇ ਏਸ ਪਾਸੇ ਤੋਂ ਰੋਕ ਕੇ ਪੜ੍ਹਾਈ ਕਰਨ ਲਈ ਕਿਹਾ, ਪਰ ਉਹ ਨਾ ਹਟਿਆ। ਵੱਡਾ ਭਰਾ ਜੋ ਮਾਸਟਰ ਲੱਗਾ ਹੋਇਆ ਸੀ ਨੇ ਕਿਹਾ ਕਿ ਜੇ ‘ਗੌਣ’ ਹੀ ਸਿੱਖਣਾ ਹੈ ਤਾਂ ‘ਢੱਡ ਸਾਰੰਗੀ’ ਦਾ ਸਿੱਖ, ਪਰ ਕੁੱਕੂ ਨੂੰ ਤਾਂ ਤੂੰਬੇ ਅਲਗੋਜ਼ੇ ਦੀ ਗਾਇਕੀ ਨਾਲ ਹੀ ਪਿਆਰ ਸੀ। ਸੋ ਹੱਠ ਕਰਕੇ ਬਾਰਾਂ ਤੇਰਾਂ ਸਾਲ ਦੀ ਉਮਰ ਵਿਚ ਹੀ ਉਹ ਆਪਣੇ ਸਮੇਂ ਦੇ ਪ੍ਰਸਿੱਧ ਰਾਗੀ ਢੱਕ ਮਜਾਰੇ ਵਾਲੇ ਅਬਾਦ ਗੁੱਜਰ ਦੇ ਚਰਨੀਂ ਜਾ ਪਿਆ। ਕਈ ਸਾਲ ਉਸਤਾਦ ਦੀ ਸੰਗਤ ਵਿਚ ਰਹਿ ਕੇ ਇਸ ਰਾਗ ਦੀਆਂ ਬਾਰੀਕੀਆਂ ਬਾਰੇ ਜਾਣਿਆ। ਹੌਲੀ ਹੌਲੀ ਉਸਤਾਦ ਦੀ ਅਗਵਾਈ ਹੇਠ ਅਖਾੜਿਆਂ ਵਿਚ ਗਾਉਣਾ ਸ਼ੁਰੂ ਕਰ ਦਿੱਤਾ। ਛੋਟੀ ਉਮਰ ਵਿਚ ਹੀ ਸਰੋਤਿਆਂ ਦਾ ਦਿਲ ਜਿੱਤਣ ਲੱਗ ਪਿਆ ਅਤੇ ‘ਕੁੱਕੂ’ ਰਾਗੀ ਵਜੋਂ ਪਛਾਣ ਬਣਾ ਲਈ। ਬਹੁਗਿਣਤੀ ਸਰੋਤਿਆਂ ਨੂੰ ਤਾਂ ਉਸ ਦੇ ਅਸਲੀ ਨਾਂ ਜਰਨੈਲ ਸਿੰਘ ਦਾ ਪਤਾ ਹੀ ਨਹੀਂ।

ਉਸਤਾਦ ਅਬਾਦ ਗੁੱਜਰ ਤੋਂ ਬਾਅਦ ਉਸ ਨੇ ਲੰਬੜਦਾਰ ਰਾਗੀ ਮਹਿੰਦਰ ਸਿੰਘ ਸਾਧਪੁਰ ਨਾਲ ਦਸ ਬਾਰਾਂ ਸਾਲ ਲਗਾਤਾਰ ਗਾਇਆ। ਦੂਰ ਦੂਰ ਤਕ ਪ੍ਰਸਿੱਧੀ ਹੋ ਗਈ। ਪ੍ਰਸਿੱਧ ਰਾਗੀ ਦਰਸ਼ਨ ਸਿੰਘ ਰਾਵਾਂ ਖੇਲਾ ਵਾਲੇ ਦਾ ਤਿੰਨ ਚਾਰ ਸਾਲ ਸਾਥ ਨਿਭਾਇਆ, ਨਾਲ ਕਾਲਾ ਰਾਗੀ ਬਾਜੜੇ ਵਾਲਾ ਸੀ। ਉਸ ਤੋਂ ਬਾਅਦ ਸੁਖਦੇਵ ਸਿੰਘ ਮੱਦੋਕੇ ਰਾਗੀ ਨਾਲ ਵੀ ਸਾਲ ਕੁ ਭਰ ਗਾਇਆ। ਉਸ ਨੇ ਬਤੌਰ ਆਗੂ ਰਾਗੀ ਵੀ ਬਹੁਤ ਸਾਰੇ ਅਖਾੜਿਆਂ ਵਿਚ ਪ੍ਰੋਗਰਾਮ ਕੀਤੇ ਹਨ। ਪਾਛੂ ਰਾਗੀ ਪੱਖੋਵਾਲੀਆ ਫੌਜੀ ਕੋਮਲ ਹੁੰਦਾ ਹੈ। ਅੱਜਕੱਲ੍ਹ ਕੁੱਕੂ ਰਾਹੋਂ ਦੇ ਨੇੜਲੇ ਪਿੰਡ ਰਾਣੇਵਾਲ ਵਾਲੇ ਸੋਹਣ ਸਿੰਘ ਦਾ ਸਾਥ ਦੇ ਰਿਹਾ ਹੈ। ਉਸ ਨਾਲ ਸਮੇਂ ਸਮੇਂ ’ਤੇ ਕਈ ਜੋੜੀ ਵਾਦਕਾਂ ਨੇ ਸਾਥ ਨਿਭਾਇਆ ਹੈ, ਜਿਨ੍ਹਾਂ ਵਿਚ ਪ੍ਰੀਤੂ ਮੇਰੋਂ, ਪਰਗਣ ਰਾਮੂਚੱਕ, ਸਿਮਰੂ ਭੂਖੜੀ ਨੇੜੇ ਬੰਗਾ, ਦਿਲਬਰ ਕਰਨਾਣਾ ਨੇੜੇ ਬੰਗਾ ਆਦਿ ਸ਼ਾਮਲ ਹਨ।

ਕੁੱਕੂ ਨੇ ਆਪਣੇ ਸਾਥੀਆਂ ਨਾਲ ਬਹੁਤ ਸਾਰੇ ਦੂਰ ਨੇੜੇ ਦੇ ਮੇਲਿਆਂ ’ਤੇ ਲਗਾਤਾਰ ਸਾਲਾਂ ਬੱਧੀ ਅਖਾੜੇ ਲਾਏ ਹਨ। ਇਨ੍ਹਾਂ ਵਿਚ ਨੰਦਪੁਰ ਕਲੌੜ, ਗੰਗੂ ਦਾ ਕੋਟ, ਮੰਡਾਲੀ, ਛਪਾਰ, ਜਗਰਾਵਾਂ ਦੀ ਰੋਸ਼ਨੀ, ਤਖਤੂਪੁਰਾ ਅਤੇ ਜਰਗ ਆਦਿ ਪ੍ਰਸਿੱਧ ਮੇਲੇ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਸ਼ੰਕਰ ਦੀ ਛਿੰਝ, ਸ਼ਰੀਂਹ ਦੀ ਛਿੰਝ, ਰੂਪੋਵਾਲ ਦੀ ਛਿੰਝ, ਨੂਰ ਮਹਿਲ ਦੀ ਛਿੰਝ ਆਦਿ ਦੇ ਨਾਲ ਨਾਲ ਇਲਾਕੇ ਦੇ ਪਿੰਡਾਂ ਵਿਚ ਪੀਰਾਂ ਫਕੀਰਾਂ ਦੀਆਂ ਦਰਗਾਹਾਂ ’ਤੇ ਲੱਗਦੇ ਉਰਸਾਂ ਅਤੇ ਮੇਲਿਆਂ ਵਿਚ ਵੀ ਇਹ ਬਿਨਾਂ ਨਾਗਾ ਹਾਜ਼ਰੀ ਲੁਆਉਂਦੇ ਰਹੇ ਹਨ ਅਤੇ ਇਹ ਸਿਲਸਿਲਾ ਲਗਾਤਾਰ ਜਾਰੀ ਹੈ। ਮਾਰਚ 2022 ਵਿਚ ਜਰਗ ਦੇ ਮੇਲੇ ’ਤੇ ਮੈਂ ਉਸ ਨੂੰ ਮਿਲਿਆ ਸੀ, ਜਿੱਥੇ ਉਸ ਨੇ ਦੋ ਤਿੰਨ ਰੰਗ ਸੁਣਾਏ ਸਨ। ਇਸ ਤੋਂ ਇਲਾਵਾ ਇਸ ਰਾਗ ਦੇ ਰਸੀਏ ਬਹੁਤ ਸਾਰੇ ਵਿਅਕਤੀ ਆਪਣੇ ਨਿੱਜੀ ਪ੍ਰੋਗਰਾਮਾਂ ’ਤੇ ਵੀ ਇਨ੍ਹਾਂ ਨੂੰ ਬੁਲਾਉਂਦੇ ਹਨ, ਖਾਸ ਤੌਰ ’ਤੇ ਜਿਹੜੇ ਪਰਵਾਸੀ ਪੰਜਾਬੀ ਬਾਹਰੋਂ ਆਪਣੇ ਪਿੰਡਾਂ ਵਿਚ ਗੇੜਾ ਮਾਰਨ ਆਉਂਦੇ ਹਨ।

ਕੁੱਕੂ ਦੇ ਕਈ ਪੂਰੀਆਂ ‘ਲੜੀਆਂ’ ਕੰਠ ਹਨ, ਜਿਵੇਂ ਪੂਰਨ, ਕੌਲਾਂ, ਮਿਰਜ਼ਾ, ਜੈਮਲ ਫੱਤਾ ਆਦਿ। ਇਨ੍ਹਾਂ ਤੋਂ ਇਲਾਵਾ ਬਹੁਤ ਸਾਰੇ ‘ਰੰਗ’ ਵੀ ਉਸ ਨੂੰ ਯਾਦ ਹਨ। ਸਮੇਂ ਅਨੁਸਾਰ ਉਹ ਸਰੋਤਿਆਂ ਦੀ ਰੂਹ ਰਾਜ਼ੀ ਕਰਨ ਦੀ ਸਮਰੱਥਾ ਰੱਖਦਾ ਹੈ। ਉਸ ਦੇ ਕੁਝ ਧਾਰਮਿਕ ਰਚਨਾਵਾਂ ਵੀ ਯਾਦ ਹਨ, ਜੋ ਜ਼ਰੂਰਤ ਪੈਣ ’ਤੇ ਗਾ ਲਈਆਂ ਜਾਂਦੀਆਂ ਹਨ। ਇਹ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਦੀ ਸ਼ਹੀਦੀ ਅਤੇ ਸ਼ਹੀਦ ਭਾਈ ਤਾਰੂ ਸਿੰਘ ਦੇ ਜੀਵਨ ਨਾਲ ਸਬੰਧਤ ਹਨ। ਸੋਹਣੀ ਅਤੇ ਸੱਸੀ ਦੀਆਂ ਲੋਕ ਗਾਥਾਵਾਂ ਨਾਲ ਸਬੰਧਤ ਦੋ ਨਮੂਨੇ ਪੇਸ਼ ਹਨ:

* ਪੜ੍ਹ ਬਿਸਮਿਲਾ ਬੂਟਿਆਂ ਵਿਚੋਂ,

ਸੋਹਣੀ ਘੜਾ ਉਠਾ ਲਿਆ।

ਕੱਚੇ ਪੱਕੇ ਦੀ ਸਾਰ ਨਾ ਜਾਣੇ,

ਬੇਖ਼ਬਰੀ ਹੱਥ ਪਾ ਲਿਆ।

ਲੈ ਕੇ ਆਣ ਕਿਨਾਰੇ ਖੜ੍ਹ ਗਈ,

ਛਾਤੀ ਨਾਲ ਲਗਾ ਲਿਆ।

ਪਾਰ ਝਨਾਂ ਤੋਂ ਲੈ ਚੱਲ ਮੈਨੂੰ,

ਘੜਿਆ ਕਰਮਾ ਵਾਲਿਆ।

ਹੱਥ ਕੱਚੇ ਨੂੰ ਪਾਇਆ,

ਸੋਹਣੀ ਨੇ ਮਨ ਵਿਚ ਰੱਬ ਧਿਆਇਆ।

ਘੜੇ ’ਚੋਂ ਏਹੀ ਆਵਾਜ਼ਾਂ ਆਈਆਂ,

ਨੀਂ ਨੇਹੁੰ ਲਾਵੀਂ ਨਾ।

ਪਾਵੀਂ ਨਾ ਝਨਾਂ ਦੇ ਵਿਚ ਸੋਹਣੀਏ,

ਨੀਂ ਪੈਰ ਪਾਵੀਂ ਨਾ। (ਸੋਹਣੀ)

* ਲੱਗੀ ਵਾਲੇ ਨਾ ਕਦੇ ਵੀ ਅੱਖ ਲਾਉਂਦੇ,

ਤੇਰੀ ਕਿਵੇਂ ਅੱਖ ਲੱਗ ਗਈ।

ਏਸ ਇਸ਼ਕ ਦੇ ਉਲਟੇ ਪੁਆੜੇ ਨੀਂ ਧੀਏ।

ਕੀਤੇ ਜ਼ਿਕਰੀਏ ਦੇ ਦੋ ਫਾੜੇ ਨੀਂ ਧੀਏ।

ਸ਼ਾਹ ਮਨਸੂਰ ਵਰਗੇ ਸੂਲੀ ਉੱਤੇ ਚਾੜ੍ਹੇ ਨੀਂ ਧੀਏ।

ਸ਼ੇਖ ਸਨਿਆਨ ਕੱਢਦਾ ਸੈਂਸੀਆਂ ਦੇ ਹਾੜ੍ਹੇ ਨੀਂ ਧੀਏ।

ਭਰਿਆ ਮਾਸ ਦਾ ਪਿਆਲਾ।

ਲਾਇਆ ਲੂਣ ਤੇ ਮਸਾਲਾ।

ਭੇਦ ਇਸ਼ਕ ਦਾ ਨਿਰਾਲਾ।

ਫਰਵਰੀ 2018 ਵਿਚ ਪੰਜਾਬ ਕਲਾ ਪ੍ਰੀਸ਼ਦ ਵੱਲੋਂ ਕਰਵਾਏ ਗਏ ਡਾ. ਐੱਮ.ਐੱਸ. ਰੰਧਾਵਾ ਕਲਾ ਤੇ ਸਾਹਿਤ ਉਤਸਵ ਸਮੇਂ ਕੁੱਕੂ ਦੇ ਗਰੁੱਪ ਨੂੰ ਪੰਜਾਬ ਕਲਾ ਭਵਨ ਚੰਡੀਗੜ੍ਹ ਵਿਖੇ ਆਪਣੀ ਪੇਸ਼ਕਾਰੀ ਦੇਣ ਦਾ ਮੌਕਾ ਮਿਲਿਆ। ਸਰੋਤਿਆਂ ਨੇ ਇਨ੍ਹਾਂ ਦੀ ਗਾਇਕੀ ਦਾ ਖ਼ੂਬ ਆਨੰਦ ਮਾਣਿਆ। ਸਮੇਂ ਦੇ ਅਨੁਸਾਰ ਜਰਨੈਲ ਸਿੰਘ ਦਾ ਵਿਆਹ ਹੋਇਆ। ਨੇੜਲੇ ਪਿੰਡ ਮੋਰੋਂ ਦੇ ਕਰਮ ਸਿੰਘ ਦੀ ਧੀ ਬਲਬੀਰ ਕੌਰ ਉਸ ਦੀ ਜੀਵਨ ਸਾਥਣ ਬਣੀ। ਇਸ ਜੋੜੀ ਦੇ ਘਰ ਇਕ ਧੀ ਅਤੇ ਇਕ ਪੁੱਤਰ ਨੇ ਜਨਮ ਲਿਆ। ਜਰਨੈਲ ਸਿੰਘ ਨੂੰ ਜਦੋਂ ਵੀ ਸਾਥੀਆਂ ਵੱਲੋਂ ਕਿਸੇ ਪ੍ਰੋਗਰਾਮ ’ਤੇ ਜਾਣ ਦਾ ਸੁਨੇਹਾ ਆਉਂਦਾ ਹੈ ਤਾਂ ਉਹ ਆਪਣਾ ਤੂੰਬਾ ਚੁੱਕ ਉੱਥੇ ਪਹੁੰਚ ਜਾਂਦਾ ਹੈ। ਸ਼ਾਲਾ! ਉਹ ਇਸ ਗਾਇਕੀ ਦੇ ਚਿਰਾਗ ਨੂੰ ਜਗਦਾ ਰੱਖਣ ਲਈ ਆਪਣਾ ਯੋਗਦਾਨ ਪਾਉਂਦਾ ਰਹੇ।