ਹਰਦੀਪ ਪੁਰੀ ਵੱਲੋਂ ‘ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ’ ਦਾ ਆਗਾਜ਼

ਹਰਦੀਪ ਪੁਰੀ ਵੱਲੋਂ ‘ਮੇਰੀ ਮਾਟੀ ਮੇਰਾ ਦੇਸ਼ ਮੁਹਿੰਮ’ ਦਾ ਆਗਾਜ਼

ਅੰਮ੍ਰਿਤਸਰ ਦੇ ਹਰ ਬੂਥ, ਸ਼ਕਤੀ ਕੇਂਦਰ ਅਤੇ ਹਰ ਘਰ ਦੀ ਮਿੱਟੀ ਕੀਤੀ ਜਾਵੇਗੀ ਇਕੱਠੀ
ਅੰਮ੍ਰਿਤਸਰ : ਭਾਜਪਾ ਵੱਲੋਂ ਦੇਸ਼ ਭਰ ਵਿੱਚ ਸ਼ੁਰੂ ਕੀਤੀ ਗਈ ਮੁਹਿੰਮ ‘ਮੇਰੀ ਮਾਟੀ ਮੇਰਾ ਦੇਸ਼’ ਤਹਿਤ ਅੱਜ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਇੱਥੇ ਏਕ ਰੂਪ ਐਵੇਨਿਊ ਦੇ ਸਰਪੰਚ ਦੇ ਘਰ ਤੋਂ ਮਿੱਟੀ ਲੈ ਕੇ ਗੁਰੂ ਨਗਰੀ ਵਿੱਚ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ।
ਇਸ ਮੌਕੇ ਉਨ੍ਹਾਂ ਦੇ ਨਾਲ ਭਾਜਪਾ ਦੇ ਨਵੇਂ ਬਣੇ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੂਬਾ ਜਨਰਲ ਸਕੱਤਰ ਵਿਕਰਮਜੀਤ ਸਿੰਘ ਚੀਮਾ, ਸਾਬਕਾ ਰਾਜ ਸਭਾ ਮੈਂਬਰ ਮਲਿਕ, ਸਾਬਕਾ ਮੰਤਰੀ ਰਾਜ ਕੁਮਾਰ ਵੇਰਕਾ ਅਤੇ ਹੋਰ ਭਾਜਪਾ ਆਗੂ ਸ਼ਾਮਲ ਸਨ।
ਇਸ ਸਬੰਧ ਵਿੱਚ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਸ਼ਹਿਰ ਦੇ ਪੰਜ ਵਿਧਾਨ ਸਭਾ ਹਲਕਿਆਂ ਤੋਂ ਇਸ ਮੁਹਿੰਮ ਨੂੰ ਸ਼ੁਰੂ ਕੀਤਾ ਗਿਆ। ਇਸ ਦੀ ਸ਼ੁਰੂਆਤ ਲਈ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵਿਸ਼ੇਸ਼ ਤੌਰ ’ਤੇ ਇੱਥੇ ਪੁੱਜੇ ਸਨ।
ਕੇਂਦਰੀ ਮੰਤਰੀ ਨੇ ਦੱਸਿਆ ਕਿ ਦਿੱਲੀ ਵਿੱਚ ਬਣਨ ਵਾਲੀ ਅੰਮ੍ਰਿਤ ਵਾਟਿਕਾ ਵਾਸਤੇ ਸ਼ਹੀਦ ਪਰਿਵਾਰਾਂ ਦੇ ਘਰਾਂ ਦੀ ਮਿੱਟੀ ਲਈ ਗਈ ਹੈ। ਇਸੇ ਤਹਿਤ ਅੰਮ੍ਰਿਤਸਰ ਦੇ ਹਰ ਬੂਥ ਅਤੇ ਸ਼ਕਤੀ ਕੇਂਦਰ ਤੋਂ ਹਰ ਘਰ ਦੀ ਮਿੱਟੀ ਇਕੱਠੀ ਕੀਤੀ ਜਾਵੇਗੀ ਅਤੇ ਦਿੱਲੀ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਤਹਿਤ ਸ਼ਹੀਦ ਪਰਿਵਾਰਾਂ, ਸਮਾਜਿਕ ਸੰਸਥਾਵਾਂ, ਹਰ ਪਿੰਡ, ਵਾਰਡ, ਮੰਡਲ ਅਤੇ ਬੂਥ ਪੱਧਰ ’ਤੇ ਘਰ ਘਰ ਦਸਤਕ ਦਿੱਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 74ਵੇਂ ਜਨਮ ਦਿਨ ਮੌਕੇ ਭਾਜਪਾ ਵੱਲੋਂ ਹਫ਼ਤਾ ਭਰ ਸਮਾਗਮ ਚੱਲਣਗੇ।
ਇਸ ਮੌਕੇ ਜ਼ਿਲ੍ਹਾ ਪ੍ਰਧਾਨ ਹਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਭਾਜਪਾ ਵੱਲੋਂ ਚਾਰ ਸਤੰਬਰ ਤੋਂ ਲੈ ਕੇ 30 ਅਕਤੂਬਰ ਤੱਕ ਵੱਖ-ਵੱਖ ਪ੍ਰੋਗਰਾਮ ਕੀਤੇ ਜਾ ਰਹੇ ਹਨ।