ਸੁਖਬੀਰ ਖ਼ਿਲਾਫ਼ ਮੁੜ ਲਾਮਬੰਦ ਹੋਣ ਲੱਗੀਆਂ ਬਾਗੀ ਬੀਬੀਆਂ

ਸੁਖਬੀਰ ਖ਼ਿਲਾਫ਼ ਮੁੜ ਲਾਮਬੰਦ ਹੋਣ ਲੱਗੀਆਂ ਬਾਗੀ ਬੀਬੀਆਂ

ਹਰਗੋਬਿੰਦ ਕੌਰ ਦੀ ਨਿਯੁਕਤੀ ’ਤੇ ਪਾਰਟੀ ਅਤੇ ਬੀਬੀਆਂ ਦਰਮਿਆਨ ਤਣਾਅ ਬਰਕਰਾਰ
ਚੰਡੀਗੜ੍ਹ- ਸ਼੍ਰੋਮਣੀ ਅਕਾਲੀ ਦਲ ਦੀਆਂ ਬਾਗੀ ਬੀਬੀਆਂ ਅਤੇ ਪਾਰਟੀ ਦਰਮਿਆਨ ਮਹਿਲਾ ਵਿੰਗ ਦੀ ਨਵ ਨਿਯੁਕਤ ਪ੍ਰਧਾਨ ਹਰਗੋਬਿੰਦ ਕੌਰ ਦੀ ਨਿਯੁਕਤੀ ਨੂੰ ਲੈ ਕੇ ਬਣਿਆ ਟਕਰਾਅ ਬਰਕਰਾਰ ਹੈ। ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਾਗੀ ਬੀਬੀਆਂ ਦੇ ਧੜੇ ਦਰਮਿਆਨ 8 ਅਗਸਤ ਨੂੰ ਹੋਈ ਮੀਟਿੰਗ ਤੋਂ ਬਾਅਦ ਲਗਪਗ ਮਹੀਨੇ ਦਾ ਸਮਾਂ ਲੰਘ ਜਾਣ ’ਤੇ ਵੀ ਪਾਰਟੀ ਕੋਈ ਫੈਸਲਾ ਨਹੀਂ ਲੈ ਸਕੀ। ਬਾਗੀ ਬੀਬੀਆਂ ਨੇ ਭਵਿੱਖ ਦੀ ਰਣਨੀਤੀ ਉਲੀਕਣ ਲਈ ਇਸੇ ਹਫਤੇ ਮੀਟਿੰਗ ਕਰਨ ਦਾ ਫੈਸਲਾ ਕੀਤਾ ਹੈ। ਬਾਗੀ ਬੀਬੀਆਂ ਦੀ ਇੱਕ ਆਗੂ ਪਰਮਜੀਤ ਕੌਰ ਲਾਂਡਰਾਂ ਨੇ ਕਿਹਾ ਕਿ ਪਾਰਟੀ ਪ੍ਰਧਾਨ ਨੇ 8 ਅਗਸਤ ਦੀ ਮੀਟਿੰਗ ਦੌਰਾਨ ਪ੍ਰਧਾਨ ਦੀ ਨਿਯੁਕਤੀ ਦੇ ਮਾਮਲੇ ’ਤੇ ਪੈਦਾ ਹੋਏ ਵਿਵਾਦ ਦਾ ਨਿਬੇੜਾ ਇੱਕ ਦੋ ਹਫਤਿਆਂ ਵਿੱਚ ਕਰਨ ਦਾ ਭਰੋਸਾ ਦਿੱਤਾ ਸੀ। ਬੀਬੀ ਲਾਂਡਰਾਂ ਨੇ ਕਿਹਾ ਕਿ ਹੁਣ ਜਦੋਂ ਮੀਟਿੰਗ ਹੋਇਆਂ ਇੱਕ ਮਹੀਨੇ ਦਾ ਸਮਾਂ ਬੀਤਣ ਵਾਲਾ ਹੈ ਤਾਂ ਇਸ ਮਾਮਲੇ ’ਤੇ ਮੀਟਿੰਗ ਕਰਕੇ ਭਵਿੱਖ ਦੀ ਰਣਨੀਤੀ ਉਲੀਕੀ ਜਾਵੇਗੀ। ਉਨ੍ਹਾਂ ਕਿਹਾ ਕਿ ਟਕਸਾਲੀ ਬੀਬੀਆਂ ਨੂੰ ਨਜ਼ਰਅੰਦਾਜ਼ ਕਰਕੇ ਗੈਰ ਅਕਾਲੀ ਪਿਛੋਕੜ ਵਾਲੀ ਬੀਬੀ ਨੂੰ ਮਹਿਲਾ ਵਿੰਗ ਦੀ ਪ੍ਰਧਾਨ ਕਿਸੇ ਵੀ ਸੂਰਤ ਵਿੱਚ ਸਵੀਕਾਰ ਨਹੀਂ ਕੀਤਾ ਜਾ ਸਕਦਾ। ਜਾਣਕਾਰੀ ਅਨੁਸਾਰ ਬਾਗੀ ਬੀਬੀਆਂ ਨੇ ਆਂਗਨਬਾੜੀ ਵਰਕਰ ਯੂਨੀਅਨ ਦੀ ਪ੍ਰਧਾਨ ਬੀਬੀ ਹਰਗੋਬਿੰਦ ਕੌਰ ਨੂੰ ਪਾਰਟੀ ਦੇ ਮਹਿਲਾ ਵਿੰਗ ਦੀ ਪ੍ਰਧਾਨ ਨਿਯੁਕਤ ਕਰਨ ’ਤੇ ਪਾਰਟੀ ਪ੍ਰਧਾਨ ਖਿਲਾਫ਼ ਝੰਡਾ ਚੁੱਕਿਆ ਹੋਇਆ ਹੈ। ਇਸ ਨਿਯੁਕਤੀ ਦੇ ਵਿਰੋਧ ਵਿੱਚ 4 ਦਰਜਨ ਤੋਂ ਵਧੇਰੇ ਮਹਿਲਾ ਆਗੂ ਅਕਾਲੀ ਦਲ ਤੋਂ ਅਸਤੀਫੇ ਵੀ ਦੇ ਚੁੱਕੀਆਂ ਹਨ। ਇਨ੍ਹਾਂ ਬੀਬੀਆਂ ਨੇ ਪਿਛਲੇ ਦਿਨਾਂ ਦੌਰਾਨ ਨਵੀਂ ਦਿੱਲੀ, ਅੰਮ੍ਰਿਤਸਰ, ਲੁਧਿਆਣਾ ਅਤੇ ਹੋਰਨਾਂ ਥਾਵਾਂ ’ਤੇ ਮੀਟਿੰਗਾਂ ਕਰਕੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਸੀ। ਪਾਰਟੀ ਅੰਦਰ ਪੈਦਾ ਹੋਈ ਬਗਾਵਤ ਵਾਲੀ ਸਥਿਤੀ ਨੂੰ ਸ਼ਾਂਤ ਕਰਨ ਲਈ ਸੁਖਬੀਰ ਸਿੰਘ ਬਾਦਲ ਵੱਲੋਂ ਅਗਸਤ ਮਹੀਨੇ ਮੀਟਿੰਗ ਬੁਲਾਈ ਗਈ ਸੀ। ਇਸ ਮੀਟਿੰਗ ਤੋਂ ਬਾਅਦ ਹੁਣ ਤੱਕ ਮਹਿਲਾ ਵਿੰਗ ਦੀ ਪ੍ਰਧਾਨਗੀ ਦੇ ਮਾਮਲੇ ’ਤੇ ਉੱਠੇ ਵਿਵਾਦ ਦਾ ਕੋਈ ਹੱਲ ਨਹੀਂ ਨਿਕਲਿਆ। ਇਨ੍ਹਾਂ ਬੀਬੀਆਂ ਦਾ ਤਰਕ ਹੈ ਕਿ ਪਾਰਟੀ ਵਿੱਚ ਨਵੇਂ ਬੰਦੇ ਸ਼ਾਮਲ ਹੋਣ, ਸਵਾਗਤਯੋਗ ਹੈ, ਪਰ ਉਹ ਕਤਾਰ ਵਿੱਚ ਪਿੱਛੇ ਲੱਗਣ, ਆਪਣੀ ਯੋਗਤਾ ਸਾਬਤ ਕਰਨ ਤੇ ਅੱਗੇ ਆਉਣ। ਉਨ੍ਹਾਂ ਦੋਸ਼ ਲਾਇਆ ਕਿ ਪਾਰਟੀ ਵਿੱਚ ਮੌਕਾਪ੍ਰਸਤ ਲੋਕ, ਕੁਝ ਲੋਕਾਂ ਦੀ ਚਾਪਲੂਸੀ ਕਰਕੇ ਵਰਕਰਾਂ ਨੂੰ ਪਿੱਛੇ ਧੱਕ ਕੇ ਮੂਹਰਲੀ ਕਤਾਰ ਵਿੱਚ ਆ ਲੱਗਦੇ ਹਨ ਤੇ ਟਕਸਾਲੀ ਵਰਕਰਾਂ ਦੀ ਸਾਲਾਂ ਤੋਂ ਕੀਤੀ ਪਾਰਟੀ ਦੀ ਸੇਵਾ ਨੂੰ ਮਿੱਟੀ ਵਿੱਚ ਰੋਲ ਦਿੰਦੇ ਹਨ। ਬਾਗੀ ਬੀਬੀਆਂ ਦੀਆਂ ਗਤੀਵਿਧੀਆਂ ’ਤੇ ਬਾਦਲਾਂ ਦੇ ਸਿਆਸੀ ਵਿਰੋਧੀਆਂ ਨੇ ਵੀ ਨਜ਼ਰਾਂ ਟਿਕਾਈਆਂ ਹੋਈਆਂ ਹਨ।