ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਕੰਮ ਲਿਆ ਜਾਵੇਗਾ: ਭਗਵੰਤ ਮਾਨ

ਅਧਿਆਪਕਾਂ ਤੋਂ ਸਿਰਫ਼ ਪੜ੍ਹਾਈ ਦਾ ਕੰਮ ਲਿਆ ਜਾਵੇਗਾ: ਭਗਵੰਤ ਮਾਨ

ਰਾਜ ਪੱਧਰੀ ਅਧਿਆਪਕ ਦਿਵਸ ਸਮਾਗਮ ’ਚ 80 ਅਧਿਆਪਕਾਂ ਦਾ ਕੀਤਾ ਸਨਮਾਨ
ਮੋਗਾ- ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਇੱਥੇ ਅਧਿਆਪਕ ਦਿਵਸ ਮੌਕੇ ਰੱਖੇ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਵਿੱਚ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਕੋਈ ਹੋਰ ਕੰਮ ਨਹੀਂ ਲਿਆ ਜਾਵੇਗਾ। ਸਮਾਗਮ ਦੌਰਾਨ ਮੁੱਖ ਮੰਤਰੀ ਨੇ ਸਿੱਖਿਆ ਦੇ ਖੇਤਰ ’ਚ ਅਹਿਮ ਯੋਗਦਾਨ ਪਾਉਣ ਵਾਲੇ 80 ਅਧਿਆਪਕਾਂ ਨੂੰ ਸਨਮਾਨਿਤ ਵੀ ਕੀਤਾ। ਮੁੱਖ ਮੰਤਰੀ ਨੇ ਦੀਪ ਜਗਾਉਣ ਤੋਂ ਬਾਅਦ ਭਾਰਤ ਰਤਨ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਨੂੰ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ।

ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੂਬੇ ਨੂੰ ਰੰਗਲਾ ਪੰਜਾਬ ਤੇ ਸਿੱਖਿਆ ਵਿਚ ਨੰਬਰ ਇੱਕ ਸੂਬਾ ਬਣਾਉਣ ਦਾ ਐਲਾਨ ਕਰਦਿਆਂ ਕਿਹਾ ਕਿ ਅਧਿਆਪਕਾਂ ਤੋਂ ਪੜ੍ਹਾਈ ਤੋਂ ਇਲਾਵਾ ਹੋਰ ਕੋਈ ਵਾਧੂ ਡਿਊਟੀ ਨਹੀਂ ਲਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਸਨਿਕ ਸਿਵਲ ਪ੍ਰੀਖਿਆਵਾਂ ਦੀ ਤਿਆਰੀ ਲਈ ਸੂਬੇ ਵਿੱਚ ਖੋਲ੍ਹੇ ਜਾ ਰਹੇ ਆਧੁਨਿਕ ਸਹੂਲਤਾਂ ਵਾਲੇ 8 ਕੋਚਿੰਗ ਸੈਂਟਰਾਂ ਵਿਚੋਂ ਇੱਕ ਸੈਂਟਰ ਮੋਗਾ ’ਚ ਖੋਲ੍ਹਿਆ ਜਾਵੇਗਾ। ਉਨ੍ਹਾਂ ਅਧਿਆਪਕਾਂ ਨੂੰ ਵਧਾਈ ਦਿੰਦਿਆਂ ਸੱਦਾ ਦਿੱਤਾ ਕਿ ਉੁਹ ਵਿਦਿਆਰਥੀਆਂ ਨੂੰ ਪੰਜਾਬੀ ਵਿਰਸੇ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਛੋਟੇ ਸਾਹਿਬਜ਼ਾਦਿਆਂ ਦੀ ਕੁਰਬਾਨੀ ਤੋਂ ਇਲਾਵਾ ਸ਼ਹੀਦ ਭਗਤ ਸਿੰਘ ਤੇ ਹੋਰ ਸ਼ਹੀਦਾਂ ਦੀਆਂ ਕੁਰਬਾਨੀ ਤੇ ਇਤਿਹਾਸ ਬਾਰੇ ਵੀ ਪੜ੍ਹਾਉਣ। ਉਨ੍ਹਾਂ ਅਧਿਆਪਕਾਂ ਨੂੰ ਇਹ ਵੀ ਕਿਹਾ ਕਿ ਉਹ ਵਿਦਿਆਰਥੀਆਂ ਨੂੰ ਵਾਤਾਵਰਣ ਸੰਭਾਲ, ਪਰਾਲੀ ਨਾ ਸਾੜਨ ਅਤੇ ਫਸਲਾਂ ’ਤੇ ਬੇਲੋੜੀਆਂ ਖਾਦਾਂ ਤੇ ਸਪਰੇਆਂ ਦੀ ਵਰਤੋਂ ਕਾਰਨ ਹੋਣ ਵਾਲੇ ਨੁਕਸਾਨ ਬਾਰੇ ਆਪਣੇ ਮਾਪਿਆਂ ਨੂੰ ਜਾਗਰੂਕ ਕਰਨ ਲਈ ਕਹਿਣ। ਉਨ੍ਹਾਂ ਕਿਹਾ ਕਿ ਉਹ ਖੁਦ ਅਧਿਆਪਕ ਦੇ ਪੁੱਤਰ ਹਨ। ਮਾਤਾ-ਪਿਤਾ ਤੋਂ ਬਾਅਦ ਅਧਿਆਪਕਾਂ ਨੂੰ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਦਰਕਿਨਾਰ ਕੀਤੇ ਗਏ ਅਧਿਆਪਕਾਂ ਨੂੰ ਬਣਦੇ ਹੱਕ ਤੇ ਮਾਣ-ਇੱਜ਼ਤ ਦੇਣ ਲਈ ਉਨ੍ਹਾਂ ਦੀ ਸਰਕਾਰ ਦੀਆਂ ਕੋਸ਼ਿਸ਼ਾਂ ਜਾਰੀ ਹਨ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ 12710 ਅਧਿਆਪਕ ਪੱਕੇ ਕੀਤੇ ਅਤੇ ਅਧਿਆਪਕਾਂ ਦੀ ਤਨਖਾਹ ਵਿੱਚ ਵੱਡਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਜਲਦੀ ਹੀ ਸਕੂਲਾਂ ’ਚ 8570 ਸੇਵਾਦਾਰ, 2012 ਚੌਕੀਦਾਰ ਅਤੇ 1300 ਮਾਲੀ ਤੇ ਸਕੂਲਾਂ ਦੀ ਦੇਖਰੇਖ ਲਈ ਕੈਂਪਸ ਮੈਨੇਜਰ ਭਰਤੀ ਕਰੇਗੀ। ਉਨ੍ਹਾਂ ਕਿਹਾ ਕਿ ਪਹਿਲੇ ਐਮੀਨੈਂਸ ਸਕੂਲ ਦਾ ਉਦਘਾਟਨ 13 ਸਤੰਬਰ ਨੂੰ ਅੰਮ੍ਰਿਤਸਰ ’ਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਹੁਣ ਸਰਕਾਰੀ ਸਕੂਲਾਂ ਵਿਚ ਤੱਪੜ ਨਹੀਂ ਮਿਲਣਗੇ ਸਗੋਂ ਯੂ-ਸ਼ੇਪ ਵਿਚ ਨਵਾਂ ਫਰਨੀਚਰ ਮੁਹੱਈਆ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕਈ ਸਕੂਲਾਂ ਦੀ ਨੁਹਾਰ ਬਦਲ ਵੀ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪ੍ਰਿੰਸੀਪਲਾਂ ਤੇ ਅਧਿਆਪਕਾਂ ਨੂੰ ਵਿਦੇਸ਼ਾਂ ਦੀਆਂ ਪ੍ਰਸਿੱਧ ਸਿੱਖਿਆ ਸੰਸਥਾਵਾਂ ਵਿੱਚ ਆਧੁਨਿਕ ਤਕਨੀਕਾਂ ਸਿੱਖਣ ਲਈ ਭੇਜ ਰਹੀ ਹੈ ਅਤੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਵਿਗਿਆਨਕ ਦ੍ਰਿਸ਼ਟੀਕੋਣ ਭਰਨ ਲਈ ਉਨ੍ਹਾਂ ਨੂੰ ਇਸਰੋ ਤੇ ਹੋਰ ਸੰਸਥਾਵਾਂ ਵਿੱਚ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਕਾਨਵੈਂਟ ਦੇ ਪੜ੍ਹੇ ਆਪਣੇ ਹਾਣੀਆਂ ਦਾ ਮੁਕਾਬਲਾ ਕਰਨ ਦੇ ਯੋਗ ਹੋਣਗੇ। ਉਨ੍ਹਾਂ ਦੱਸਿਆ ਕਿ ਜਪਾਨ ’ਚ ਹੋਣ ਵਾਲੇ ਸਾਇੰਸ ਮੇਲੇ ਲਈ ਭਾਰਤ ਵਿੱਚੋਂ 60 ਵਿਦਿਆਰਥੀ ਵਿਚੋਂ 6 ਵਿਦਿਆਰਥੀ ਸੂਬੇ ਦੇ ਸਰਕਾਰੀ ਸਕੂਲਾਂ ਦੇ ਹਨ ਜੋ ਪੰਜਾਬ ਲਈ ਮਾਣ ਵਾਲੀ ਗੱਲ ਹੈ।

ਇਸ ਮੌਕੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪ੍ਰੋਗਰਾਮ ਵਿੱਚ ਹਾਜ਼ਰ ਸਮੂਹ ਅਧਿਆਪਕਾਂ ਅਤੇ ਹੋਰਨਾਂ ਨੂੰ ਕਿਹਾ ਕਿ ਦੁਨੀਆ ਵਿੱਚ ਸਭ ਤੋਂ ਪਵਿੱਤਰ ਰਿਸ਼ਤਾ ਵਿਦਿਆਰਥੀ-ਅਧਿਆਪਕ ਦਾ ਹੈ। ਬੈਂਸ ਨੇ ਉਨ੍ਹਾਂ ਨੂੰ ਸਿੱਖਿਆ ਵਿਭਾਗ ਦਾ ਚਾਰਜ ਸੌਂਪਣ ਲਈ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਹਿਲਾਂ ਸਿੱਖਿਆ ਵਿਭਾਗ ਨੂੰ ਸਿਰਫ ਧਰਨਿਆਂ ਅਤੇ ਲਾਠੀਚਾਰਜ ਦਾ ਮਹਿਕਮਾ ਸਮਝਿਆ ਜਾਂਦਾ ਸੀ, ਜੋ ਪੰਜਾਬ ਦੀ ਤ੍ਰਾਸਦੀ ਹੈ। ਜਿਸ ਵਿਭਾਗ ਦੇ ਹੱਥਾਂ ਵਿੱਚ ਹਰ ਬੱਚੇ ਦਾ ਭਵਿੱਖ ਹੈ, ਉਸ ਨੂੰ ਮਹਿਜ਼ ਰੋਸ ਪ੍ਰਗਟ ਕਰਨ ਵਾਲਾ ਵਿਭਾਗ ਸਮਝਿਆ ਜਾ ਰਿਹਾ ਸੀ।
ਸਖ਼ਤ ਸੁਰੱਖਿਆ ਕਾਰਨ ਲੋਕ ਹੋਏ ਪ੍ਰੇਸ਼ਾਨ

ਮੁੱਖ ਮੰਤਰੀ ਭਗਵੰਤ ਮਾਨ ਦੀ ਆਮਦ ਕਾਰਨ ਜਿੱਥੇ ਪ੍ਰਸ਼ਾਸਨ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਉਥੇ ਆਮ ਲੋਕ ਪੂਰਾ ਦਿਨ ਖੱਜਲ ਖੁਆਰ ਹੋਏ। ਪੁਲੀਸ ਨੇ ਮੁੜ ਬਹਾਲੀ ਕੱਚੇ ਅਧਿਆਪਕ ਯੂਨੀਅਨ ਦੀਆਂ ਮਹਿਲਾਂ ਵਰਕਰਾਂ ਨੂੰ ਮੁੱਖ ਮੰਤਰੀ ਦੀ ਆਮਦ ਤੋਂ ਪਹਿਲਾਂ ਹੀ ਹਿਰਾਸਤ ਵਿਚ ਲੈ ਲਿਆ ਗਿਆ। ਇੱਥੇ ਸਮਾਗਮ ਮੋਗਾ-ਲੁਧਿਆਣਾ ਕੌਮੀ ਮਾਰਗ ਸਥਿਤ ਪੈਲੇਸ ਵਿਚ ਹੋਣ ਕਾਰਨ ਮੋਗਾ ਤੋਂ ਜਗਰਾਓਂ ਤੱਕ ਆਮ ਲੋਕਾਂ ਲਈ ਇਹ ਮਾਰਗ ਬੰਦ ਰੱਖਿਆ ਗਿਆ ਅਤੇ ਮੋਗਾ ਤੋਂ ਲੁਧਿਆਣਾ ਦਾ ਟਰੈਫ਼ਿਕ ਵਾਇਆ ਧਰਮਕੋਟ-ਸਿੱਧਵਾਂ ਬੇਟ ਤਬਦੀਲ ਕੀਤਾ ਗਿਆ। ਜ਼ਿਲ੍ਹੇ ਦੀਆਂ ਤਹਿਸੀਲਾਂ ਵਿਚਲਾ ਅਮਲਾ ਤੇ ਅਧਿਕਾਰੀ ਵੀ ਡਿਊਟੀਆਂ ਉੱਤੇ ਹੋਣ ਕਾਰਨ ਤਹਿਸੀਲਾਂ ਵਿਚ ਕੰਮ ਠੱਪ ਰਿਹਾ।
ਹੜਤਾਲੀ ਕਾਮਿਆਂ ਨੂੰ ਮੁੜ ਦਿੱਤੀ ਚਿਤਾਵਨੀ

ਮੁੱਖ ਮੰਤਰੀ ਭਗਵੰਤ ਮਾਨ ਨੇ ਪਟਵਾਰੀ, ਕਾਨੂੰਨਗੋ ਤੇ ਡੀਸੀ ਦਫ਼ਤਰੀ ਕਾਮਿਆਂ ਦੀ ਕਲਮ ਛੋੜ ਹੜਤਾਲ ਸਬੰਧੀ ਮੁੜ ਸਪੱਸ਼ਟ ਕੀਤਾ ਕਿ ਉਹ ਬੇਸ਼ੱਕ ਹੜਤਾਲ ਕਰ ਲੈਣ ਪਰ ਦੁਬਾਰਾ ਕਲਮ ਉਨ੍ਹਾਂ ਦੇ ਹੱਥਾਂ ’ਚ ਦੇਣੀ ਹੈ ਜਾਂ ਨਹੀਂ, ਇਹ ਫੈਸਲਾ ਸਰਕਾਰ ਕਰੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਬਹੁਤ ਪੜ੍ਹੇ-ਲਿਖੇ ਬੇਰੁਜ਼ਗਾਰ ਮੌਜੂਦ ਹਨ ਜੋ ਉਨ੍ਹਾਂ ਦੀਆਂ ਕਲਮਾਂ ਫੜਨ ਨੂੰ ਤਿਆਰ ਬੈਠੇ ਹਨ। ਪੰਜਾਬ ਦੇ ਲੋਕਾਂ ਦੀ ਖੱਜਲ ਖੁਆਰੀ ਨਹੀਂ ਹੋਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਟਵਾਰੀਆਂ ਵੱਲੋਂ ਪ੍ਰਾਈਵੇਟ ਵਿਅਕਤੀ ਰੱਖੇ ਜਾਣ ਕਾਰਨ ਹੀ ਬਾਇਓ ਮੀਟ੍ਰਿਕ ਹਾਜ਼ਰੀ ਲਾਜ਼ਮੀ ਕੀਤੀ ਗਈ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਿਸੇ ਵੀ ਹਾਲ ’ਚ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰੇਗੀ।