ਮਨੀਪੁਰ: ਦੋ ਧਿਰਾਂ ਵਿੱਚ ਗੋਲੀਬਾਰੀ ’ਚ ਇਕ ਹਲਾਕ

ਮਨੀਪੁਰ: ਦੋ ਧਿਰਾਂ ਵਿੱਚ ਗੋਲੀਬਾਰੀ ’ਚ ਇਕ ਹਲਾਕ

ਇੰਫਾਲ- ਬਿਸ਼ਨੂਪੁਰ ਜ਼ਿਲ੍ਹੇ ਦੇ ਨਰੈਣਸੇਨਾ ਵਿਚ ਦੋ ਧਿਰਾਂ ਵਿਚਾਲੇ ਹੋਈ ਫਾੲਿਰਿੰਗ ਵਿੱਚ ਇਕ ਵਿਅਕਤੀ ਹਲਾਕ ਤੇ ਦੂਜਾ ਜ਼ਖ਼ਮੀ ਹੋ ਗਿਆ। ਅਧਿਕਾਰੀਆਂ ਨੇ ਕਿਹਾ ਕਿ ਅਚਾਨਕ ਬੰਬ ਫਟਣ ਨਾਲ ਰਾਹਤ ਕੈਂਪ ਵਿੱਚ ਰਹਿ ਰਹੇ ਪਿੰਡ ਦੇ ਡਿਫੈਂਸ ਵਾਲੰਟੀਅਰ ਦੀ ਮੌਤ ਹੋ ਗਈ। ਇਸ ਦੌਰਾਨ ਇਕ ਵਿਅਕਤੀ ਦੇ ਮੋਢੇ ’ਤੇ ਗੋਲੀ ਲੱਗੀ। ਉਸ ਨੂੰ ਇੰਫਾਲ ਦੇ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਦੀ ਹਾਲਤ ਸਥਿਰ ਹੈ। ਉਧਰ ਵੱਖਰੇ ਅਪਰੇਸ਼ਨਾਂ ਵਿੱਚ ਵੱਖ-ਵੱਖ ਜਥੇਬੰਦੀਆਂ ਨਾਲ ਸਬੰਧਤ ਚਾਰ ਦਹਿਸ਼ਤਗਰਦਾਂ ਨੂੰ ਹਥਿਆਰਾਂ ਤੇ ਗੋਲੀ-ਸਿੱਕੇ ਨਾਲ ਗ੍ਰਿਫ਼ਤਾਰ ਕੀਤਾ ਗਿਆ ਹੈ। ਤਲਾਸ਼ੀ ਮੁਹਿੰਮ ਦੌਰਾਨ ਪੁਲੀਸ ਟੀਮਾਂ ਨੇ ਐੱਨਐੱਸਸੀਐੱਨ (ਆਈਐੱਮ) ਤੇ ਪੀਪਲਜ਼ ਲਿਬਰੇਸ਼ਨ ਆਰਮੀ (ਪੀਐੱਲਏ) ਦੇ ਇਕ ਇਕ ਦਹਿਸ਼ਤਗਰਦ ਅਤੇ ਇੰਫਾਲ ਪੂਰਬੀ ਤੇ ਬਿਸ਼ਨੂਪੁਰ ਜ਼ਿਲ੍ਹਿਆਂ ਤੋਂ ਕਾਂਗਲੇਈਪਾਕ ਕਮਿਊਨਿਸਟ ਪਾਰਟੀ (ਕੇਸੀਪੀ) (ਲੰਮਯਾਂਬਾ ਖੁਮਾਨ ਧੜੇ) ਦੇ ਦੋ ਸਹਾਇਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲੀਸ ਨੇ ਇਨ੍ਹਾਂ ਕੋਲੋਂ ਛੇ ਹਥਿਆਰ, ਪੰਜ ਗੋਲੀਆਂ ਤੇ ਦੋ ਬੰਬ ਬਰਾਮਦ ਕੀਤੇ ਹਨ।

ਉਧਰ ਕਾਂਗਰਸ ਵਿਧਾਇਕਾਂ ਵੱੱਲੋਂ ਪਾਏ ਰੌਲੇ-ਰੱਪੇ ਮਗਰੋਂ ਅੱਜ ਮਨੀਪੁਰ ਅਸੈਂਬਲੀ ਦੇ ਇਕ ਦਿਨਾ ਸੈਸ਼ਨ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਕਾਂਗਰਸੀ ਵਿਧਾਇਕ ਸੈਸ਼ਨ ਦੀ ਮਿਆਦ ਵਧਾ ਕੇ ਪੰਜ ਦਿਨ ਕੀਤੇ ਜਾਣ ਦੀ ਮੰਗ ਕਰ ਰਹੇ ਸਨ। ਸਾਬਕਾ ਮੁੱਖ ਮੰਤਰੀ ਓਕਰਾਮ ਇਬੋਬੀ ਸਿੰਘ ਨੇ ਕਿਹਾ ਕਿ ਨਸਲੀ ਹਿੰਸਾ ਦੇ ਝੰਬੇ ਮਨੀਪੁਰ ਦੇ ਮੌਜੂਦਾ ਹਾਲਾਤ ਬਾਰੇ ਚਰਚਾ ਕਰਨ ਨੂੰ ਲੈ ਕੇ ਇਕ ਦਿਨ ਕਾਫੀ ਨਹੀਂ ਹੈ। ਉਂਜ ਇਕ ਰੋਜ਼ਾ ਸੈਸ਼ਨ ਦੌਰਾਨ ਦਸ ਕੁੱਕੀ ਵਿਧਾਇਕ ਗੈਰਹਾਜ਼ਰ ਰਹੇ। ਸਦਨ ਦੀ ਕਾਰਵਾਈ 11 ਵਜੇ ਸ਼ੁਰੂ ਹੋਈ ਤੇ ਨਸਲੀ ਹਿੰਸਾ ਵਿੱਚ ਮਾਰੇ ਗਏ ਲੋਕਾਂ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ। ਮੁੱਖ ਮੰਤਰੀ ਬੀਰੇਨ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਰੇ ਵੱਖਰੇਵਿਆਂ ਨੂੰ ਸੰਵਾਦ ਜ਼ਰੀਏ ਮੁਖਾਤਿਬ ਹੋਇਆ ਜਾਵੇਗਾ। ਸਦਨ ਨੇ ਚੰਦਰਯਾਨ-3 ਮਿਸ਼ਨ ਦੀ ਸਫ਼ਲਤਾ ਦੀ ਸ਼ਲਾਘਾ ਕੀਤੀ ਤੇ ਮਨੀਪੁਰ ਨਾਲ ਸਬੰਧਤ ਵਿਗਿਆਨੀ ਤੇ ਇਸਰੋ ਟੀਮ ’ਚ ਸ਼ਾਮਲ ਐੱਨ. ਰਘੂ ਸਿੰਘ ਨੂੰ ਵਧਾਈ ਦਿੱਤੀ।