ਰੱਖੜੀ ’ਤੇ ਵਿਸ਼ੇਸ਼ – ਭੈਣਾਂ ਵਰਗਾ ਸਾਕ ਨਾ ਕੋਈ…

ਰੱਖੜੀ ’ਤੇ ਵਿਸ਼ੇਸ਼ – ਭੈਣਾਂ ਵਰਗਾ ਸਾਕ ਨਾ ਕੋਈ…

ਡਾ. ਚਰਨਜੀਤ ਕੌਰ

ਗਲੋਬਲੀ ਦੌਰ ਵਿਚ ਪੰਜਾਬੀ ਸੱਭਿਆਚਾਰ ਦੇ ਰਸਮਾਂ-ਰਿਵਾਜਾਂ ਦੇ ਨਾਲ-ਨਾਲ ਪੰਜਾਬੀ ਲੋਕਾਂ ਦੇ ਰਿਸ਼ਤਾ-ਨਾਤਾ ਪ੍ਰਬੰਧ ਵਿਚ ਵੀ ਵੱਡੀਆਂ ਤ੍ਰੇੜਾਂ, ਤਿੜਕਣਾਂ ਪੈਦਾ ਹੋ ਰਹੀਆਂ ਹਨ। ਪੰਜਾਬੀਆਂ ਵਿਚ ਮੋਹ, ਪਿਆਰ ਤੇ ਇੱਜ਼ਤ-ਵਿਸ਼ਵਾਸ ਦੇ ਰਿਸ਼ਤੇ ਪਦਾਰਥਵਾਦੀ ਰਿਸ਼ਤਿਆਂ ਵਿਚ ਬਦਲ ਰਹੇ ਹਨ। ਪਰਿਵਾਰਕ ਰਿਸ਼ਤਿਆਂ ਵਿਚ ਪੈਦਾ ਹੋਏ ਸਵਾਰਥਾਂ ਨੇ ਪੰਜਾਬੀ ਸੱਭਿਆਚਾਰ ਦੀ ਰਿਸ਼ਤਾ-ਨਾਤਾ ਪ੍ਰਣਾਲੀ ਨੂੰ ਖੇਰੂੰ-ਖੇਰੂੰ ਕਰ ਦਿੱਤਾ ਹੈ। ਪਦਾਰਥਕ ਸੁੱਖਾਂ ਦੀ ਪ੍ਰਾਪਤੀ ਲਈ ਭਰਾ ਭਰਾ ਨੂੰ ਕਤਲ ਕਰ ਰਿਹਾ ਹੈ। ਪੁੱਤ, ਪਿਉ ਨੂੰ ਕਤਲ ਕਰ ਰਿਹਾ ਹੈ। ਧੀਆਂ-ਭੈਣਾਂ ਨਾਲ ਜਬਰ ਜਨਾਹ ਕੀਤੇ ਜਾ ਰਹੇ ਹਨ। ਪੰਜਾਬੀ ਸੱਭਿਆਚਾਰ ਦੀ ਕੇਂਦਰੀ ਕਦਰ ਪ੍ਰਣਾਲੀ ‘ਕਿਰਤ ਕਰੋ, ਵੰਡ ਛਕੋ’ ਵੀ ਪੰਜਾਬੀ ਜੀਵਨ ਵਿਚੋਂ ਮਨਫ਼ੀ ਹੋ ਗਈ ਹੈ। ਕਿਸੇ ਵੀ ਜਾਇਜ਼/ਨਾਜਾਇਜ਼ ਤਰੀਕੇ ਨਾਲ ਪਦਾਰਥ ਇਕੱਠੇ ਕੀਤੇ ਜਾ ਰਹੇ ਹਨ। ਸਾਂਝੇ ਪਰਿਵਾਰ ਦੀ ਥਾਂ ਇਕਹਿਰੇ ਪਰਿਵਾਰ ਹੋਂਦ ਵਿਚ ਆ ਰਹੇ ਹਨ, ਜਿਨ੍ਹਾਂ ਵਿਚ ਬਜ਼ੁਰਗਾਂ ਦੀ ਹਾਲਤ ਬਹੁਤ ਤਰਸਯੋਗ ਹੋ ਗਈ ਹੈ। ਮਾਪਿਆਂ ਦਾ ਸਨਮਾਨ ਖ਼ਤਮ ਹੋ ਗਿਆ, ਬੱਚੇ ਆਪਹੁਦਰੇ ਹੋਣ ਲੱਗੇ ਹਨ। ਸਾਰੇ ਨਿੱਘ ਤੇ ਮਿਠਾਸ ਵਾਲੇ ਰਿਸ਼ਤਿਆਂ ਦਾ ਬਦਲ ‘ਅੰਕਲ ਆਂਟੀ’ ਆ ਗਿਆ।
ਰਿਸ਼ਤਾ-ਨਾਤਾ ਪ੍ਰਬੰਧ ਵਿਚ ਭੈਣ ਤੇ ਭਰਾ ਦਾ ਪਿਆਰ ਅਸੀਮਤ ਹੁੰਦਾ ਹੈ। ਇਸ ਪਿਆਰ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੀ ਨਹੀਂ ਸਗੋਂ ਅਤਿ ਕਠਿਨ ਵੀ ਹੈ। ਭੈਣ-ਭਰਾ ਦੇ ਰਿਸ਼ਤੇ ਨੂੰ ਦੁਨੀਆ ਦੇ ਹਰੇਕ ਕੋਨੇ ਵਿਚ ਬੜੀ ਮਹੱਤਤਾ ਦਿੱਤੀ ਜਾਂਦੀ ਹੈ। ਭੈਣ-ਭਰਾ ਦੇ ਇਸ ਰਿਸ਼ਤੇ ਦੀ ਮਹੱਤਤਾ ਨੂੰ ਦਰਸਾਉਣ ਲਈ ਇਸ ਨੂੰ ਇਕ ਤਿਉਹਾਰ ਦਾ ਨਾਂਅ ਦਿੱਤਾ ਗਿਆ ਹੈ, ਜਿਸ ਨੂੰ ਪੰਜਾਬੀ ਭਾਸ਼ਾ ਵਿਚ ਰੱਖੜੀ ਦਾ ਤਿਉਹਾਰ ਅਤੇ ਹਿੰਦੀ ਭਾਸ਼ਾ ਵਿਚ ਰਕਸ਼ਾ ਬੰਧਨ ਕਿਹਾ ਜਾਂਦਾ ਹੈ।


ਰੱਖੜੀ ਦਾ ਤਿਉਹਾਰ ਉੱਤਰੀ, ਪੱਛਮੀ ਤੇ ਕੇਂਦਰੀ ਭਾਰਤ ਅਤੇ ਨਿਪਾਲ ਦਾ ਪ੍ਰਮੁੱਖ ਤਿਉਹਾਰ ਹੈ। ਇਹ ਤਿਉਹਾਰ ਸਾਉਣ ਮਹੀਨੇ ਦੇ ਆਖ਼ਰੀ ਦਿਨ ਪੁੰਨਿਆਂ ਜਾਂ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਇਹ ਤਿਉਹਾਰ ਅੰਗਰੇਜ਼ੀ ਕੈਲੰਡਰ ਦੇ ਅਗਸਤ ਮਹੀਨੇ ਵਿਚ ਆਉਂਦਾ ਹੈ। ਰੱਖੜੀ ਸ਼ਬਦ ਦੋ ਸ਼ਬਦਾਂ ਦੇ ਮੇਲ ਨਾਲ ਬਣਦਾ ਹੈ, ਰੱਖ-ੜੀ। ਰੱਖ ਤੋਂ ਭਾਵ ਹੈ-ਸੁਰੱਖਿਆ ਜਾਂ ਮਹਿਫੂਜ਼ ਅਤੇ ੜੀ ਤੋਂ ਭਾਵ ਹੈ-ਕਰਨ। ਰੱਖਣ ਵਾਲਾ ਜਾਂ ਵਾਲੀ। ਇਸ ਤਰ੍ਹਾਂ ਰੱਖੜੀ ਸ਼ਬਦ ਦਾ ਅਰਥ ਬਣਦਾ ਹੈ ਸੁਰੱਖਿਆ ਕਰਨ ਵਾਲੀ ਜਾਂ ਮਹਿਫੂਜ਼ ਰੱਖਣ ਵਾਲੀ। ਵੀਰ ਭੈਣਾਂ ਦੀ ਰੱਖਿਆ ਕਰਨ ਜਾਂ ਕਹਿ ਲਓ ਰੱਖੜੀ ਬੰਨ੍ਹਾਂ ਕੇ ਵੀਰ ਭੈਣਾਂ ਦੀ ਕਿਸੇ ਔਕੜ ਸਮੇਂ ਰੱਖਿਆ ਕਰਨ ਜਾਂ ਕੰਮ ਆਉਣ ਲਈ ਬਚਨਬੱਧ ਹੋ ਜਾਂਦੇ ਹਨ। ਇਹ ਵੀ ਧਾਰਨਾ ਹੈ ਕਿ ਭੈਣਾਂ ਇਸ ਮੌਕੇ ਭਰਾਵਾਂ ਦੀ ਸੁੱਖ ਮੰਗਦੀਆਂ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕਰਦੀਆਂ ਨੇ ਤੇ ਭਰਾਵਾਂ ਦੀ ਉਮਰ ਦਰਾਜ ਹੋ ਜਾਂਦੀ ਹੈ। ਭੈਣ ਭਰਾਵਾਂ ਦਾ ਇਕ ਦੂਜੇ ਨੂੰ ਮਿਲਣ ਦਾ ਸਬੱਬ ਬਣ ਜਾਂਦਾ ਹੈ ਇਹ ਤਿਉਹਾਰ।
ਹਰੇਕ ਤਿਉਹਾਰ ਦੇ ਪਿੱਛੇ ਕੋਈ ਨਾ ਕੋਈ ਇਤਿਹਾਸਕ ਘਟਨਾ ਜ਼ਰੂਰ ਹੁੰਦੀ ਹੈ। ਰੱਖੜੀ ਦੇ ਤਿਉਹਾਰ ਨਾਲ ਮੇਵਾੜ ਦੀ ਰਾਣੀ ਕਰਮਵਤੀ ਦੀ ਕਹਾਣੀ ਜੁੜੀ ਹੋਈ ਹੈ। ਕਰਮਵਤੀ ਨੇ ਬਹਾਦਰ ਸ਼ਾਹ ਦੇ ਹਮਲੇ ਤੋਂ ਬਚਣ ਲਈ ਮੁਗ਼ਲ ਬਾਦਸ਼ਾਹ ਹਮਾਯੂੰ ਨੂੰ ਆਪਣੀ ਤੇ ਆਪਣੇ ਰਾਜ ਦੀ ਸੁਰੱਖਿਆ ਲਈ ਰੱਖੜੀ ਭੇਜੀ ਸੀ। ਹਮਾਯੂੰ ਨੇ ਮੁਸਲਮਾਨ ਹੁੰਦਿਆਂ ਹੋਇਆਂ ਵੀ ਉਸ ਰੱਖੜੀ ਦੀ ਲਾਜ ਰੱਖੀ। ਮੁਗ਼ਲ ਬਾਦਸ਼ਾਹ ਹਮਾਯੂੰ ਨੇ ਬਹਾਦਰ ਸ਼ਾਹ ਵਿਰੁੱਧ ਯੁੱਧ ਕਰ ਕੇ ਰਾਣੀ ਕਰਮਵਤੀ ਅਤੇ ਉਸ ਦੇ ਰਾਜ ਦੀ ਰੱਖਿਆ ਕੀਤੀ ਸੀ। ਮਹਾਂਭਾਰਤ ਵਿਚ ਵੀ ਰੱਖੜੀ ਦਾ ਜ਼ਿਕਰ ਆਉਂਦਾ ਹੈ।
ਅੱਜ ਦੇ ਯੁੱਗ ਵਿਚ ਕਹਿ ਲਓ, ਭੈਣ-ਭਰਾ ਦਾ ਪਾਕਿ ਪਵਿੱਤਰ ਰਿਸ਼ਤਾ ਵੀ ਤਿੜਕ ਗਿਆ ਹੈ। ਭੈਣ-ਭਰਾ ਇਕ ਮਾਂ-ਪਿਓ ਦੇ ਜਾਏ ਹੁੰਦੇ ਹਨ। ਇਨ੍ਹਾਂ ਦੀ ਮੁਢਲੀ ਮਾਨਸਿਕਤਾ, ਸਮਾਜਿਕਤਾ, ਆਰਥਿਕਤਾ ਆਦਿ ਦਾ ਆਧਾਰ ਇਕੋ ਹੁੰਦਾ ਹੈ। ਭੈਣ-ਭਰਾ ਦੇ ਪਿਆਰ ਦਾ ਜਨਮ, ਭੈਣ-ਭਰਾ ਦੇ ਜਨਮ ਤੋਂ ਹੀ ਆਰੰਭ ਹੋ ਜਾਂਦਾ ਹੈ। ਭੈਣ ਮਨ ਹੀ ਮਨ ਵਿਚ ਰੱਬ ਪਾਸ ਅਰਜੋਈਆਂ ਕਰਦੀ ਹੋਈ ਆਪਣੀ ਦਿਲੀ ਲੋਚਾ ਦਾ ਪ੍ਰਗਟਾਵਾ ਇਸ ਤਰ੍ਹਾਂ ਕਰਦੀ ਹੈ –
‘ਵੀਰਾਂ ਵਾਲੀਆਂ ਦੇ ਨਖ਼ਰੇ ਬਥੇਰੇ,
ਇਕੱਲਿਆਂ ਦੀ ਪੁੱਛ ਕੋਈ ਨਾ।’
ਕਈ ਤਿੱਥਾਂ ਤਿਉਹਾਰਾਂ ’ਤੇ ਭੈਣਾਂ ਆਪਣੇ ਵੀਰ ਪਾਸੋਂ ਮਾਣ-ਤਾਣ ਨਾਲ ਵੀ ਮੋਹ ਦੀਕਸ਼ਾ ਮੰਗ ਲੈਂਦੀਆਂ ਹਨ। ਆਧੁਨਿਕ ਸਮੇਂ ਵਿਚ ਤਬਦੀਲੀਆਂ ਪਦਾਰਥਕ ਰੁਚੀਆਂ ਦੇ ਪ੍ਰਭਾਵ ਅਧੀਨ ਭੈਣ-ਭਰਾ ਦੇ ਆਪਸੀ ਪਿਆਰ ਤੇ ਕੁਝ ਤ੍ਰੇੜਾਂ ਸੌੜੇ ਹਿਤ ਦੀ ਭਾਵਨਾ ਸਦਕਾ ਪਸਰ ਰਹੀਆਂ ਹਨ। ਇਸ ਕਰਕੇ ਲੋਕ ਮਾਨਸਿਕਤਾ ਵਿਚੋਂ ਇਹ ਬੋਲ ਭੈਣ ਦੀ ਤਹਿ ਦਿਲੋਂ ਆਵਾਜ਼ ਬਣ ਕੇ ਨਿਕਲੇ ਹਨ ਕਿ –
ਭੈਣਾਂ ਵਰਗਾ ਸਾਕ ਨਾ ਕੋਈ,
ਟੁੱਟ ਕੇ ਨਾ ਬਹਿ ਜੀਂ ਵੀਰਨਾ।
ਭੈਣ ਨੂੰ ਵੀਰ ’ਤੇ ਮਾਣ ਹੁੰਦਾ ਹੈ ਤਾਂ ਵੀਰ ਵੀ ਭੈਣ ਨੂੰ ਤੱਤੀ ਵਾਅ ਨਹੀਂ ਲੱਗਣ ਦਿੰਦਾ। ਵੀਰ ਹਰ ਤਿਉਹਾਰ ’ਤੇ ਸਹੁਰੇ ਵਸਦੀ ਭੈਣ ਨੂੰ ਸੰਧਾਰਾ ਦੇ ਕੇ ਆਉਂਦਾ ਹੈ। ਉਹ ਵੀਰ ਦੀ ਹਰ ਖ਼ੁਸ਼ੀ ’ਚ ਵਾਰੇ ਵਾਰੇ ਜਾਂਦੀ ਹੈ। ਭੈਣ ਭਰਾ ਦਾ ਰਿਸ਼ਤਾ ਵਧੇਰੇ ਪਾਕਿ ਅਤੇ ਨਜ਼ਦੀਕੀ ਵਾਲਾ ਹੁੰਦਾ ਹੈ। ਇਹ ਤਾਂ ਭੈਣ ਭਰਾ ਦੀ ਸਾਂਝ ਤੇ ਸਨੇਹ ਦਾ ਪਿਆਰਾ ਤਿਉਹਾਰ ਹੈ। ਇਸ ਰੱਖੜੀ ਦੀ ਕਦਰ ਕੀਮਤ ਉਨ੍ਹਾਂ ਭੈਣਾਂ ਨੂੰ ਪੁੱਛ ਕੇ ਵੇਖੋ ਜਿਨ੍ਹਾਂ ਨੂੰ ਰੱਬ ਨੇ ਵੀਰ ਦਿੱਤਾ ਹੀ ਨਾ ਹੋਵੇ ਤੇ ਉਹ ਰੱਬ ਨੂੰ ਵਾਰ ਵਾਰ ਬੇਨਤੀਆਂ ਕਰਦੀਆਂ ਰਹੀਆਂ…
ਇਕ ਵੀਰ ਦੇਈਂ ਵੇ ਰੱਬਾ,
ਸਹੁੰ ਖਾਣ ਨੂੰ ਬੜਾ ਈ ਚਿੱਤ ਕਰਦਾ।
ਪਿਛਲੇ ਸਮੇਂ ਰੱਖੜੀ ਦਾ ਮੁੱਲ ਮੋਹ ਪਿਆਰ ਨਾਲ ਪੈਂਦਾ ਸੀ। ਬੇਸ਼ੱਕ ਅੱਜ ਵੀ ਅਜਿਹੇ ਭਰਾ ਹਨ ਜੋ ਭੈਣਾਂ ਨੂੰ ਮਾਪੇ ਯਾਦ ਨਹੀਂ ਆਉਣ ਦੇਂਦੇ ਤੇ ਉਨ੍ਹਾਂ ਦੇ ਸਾਰੀ ਉਮਰ ਦੇ ਮਾਪੇ ਬਣ ਕੇ ਰਹਿੰਦੇ ਨੇ ਤੇ ਅਜਿਹੀਆਂ ਭੈਣਾਂ ਵੀ ਨੇ ਜੋ ਭਰਾਵਾਂ ਨੂੰ ਮਾਪਿਆਂ ਵਾਂਗ ਤੇ ਪੁੱਤਾਂ ਵਾਂਗ ਸਤਿਕਾਰਦੀਆਂ ਤੇ ਪਿਆਰਦੀਆਂ ਨੇ ਪਰ ਅਜਿਹੇ ਜਿਉੜੇ ਹੁਣ ਬਹੁਤ ਘੱਟ ਹਨ। ਪਿਆਰ ਦੀ ਪ੍ਰਤੀਕ ਇਸ ਰੱਖੜੀ ਨੂੰ ਬੰਨ੍ਹਣ ਦਾ ਮਨੋਰਥ ਤਾਂ ਹੀ ਪੂਰਾ ਹੋ ਸਕਦਾ ਹੈ ਜੇ ਦੋਵੇਂ ਧਿਰਾਂ ਇਕ ਦੂਜੇ ਨੂੰ ਪਿਆਰ ਸਤਿਕਾਰ ਦੇਣ ਨਹੀਂ ਤਾਂ ਮਹਿੰਗੀਆਂ ਤੇ ਖ਼ੂਬਸੂਰਤ ਰੱਖੜੀਆਂ ਦਾ ਕੋਈ ਮਹੱਤਵ ਨਹੀਂ। ਬੇਸ਼ੱਕ ਅੱਜ ਰਿਸ਼ਤਿਆਂ ਵਿਚ ਪਹਿਲਾਂ ਵਾਲਾ ਨਿੱਘ ਤੇ ਨੇੜਤਾ ਨਹੀਂ ਰਹੀ ਪਰ ਅਜੇ ਵੀ ਕੁਝ ਲੋਕ ਮੋਹ ਭਰੇ ਦਿਲ ਰੱਖਦੇ ਹਨ।