ਤਾਮਿਲਨਾਡੂ: ਰੇਲ ਦੇ ਡੱਬੇ ਵਿੱਚ ਅੱਗ ਲੱਗਣ ਕਾਰਨ ਨੌਂ ਹਲਾਕ

ਤਾਮਿਲਨਾਡੂ: ਰੇਲ ਦੇ ਡੱਬੇ ਵਿੱਚ ਅੱਗ ਲੱਗਣ ਕਾਰਨ ਨੌਂ ਹਲਾਕ

20 ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ; ਡੱਬੇ ’ਚ ਗੈਰ-ਕਾਨੂੰਨੀ ਢੰਗ ਨਾਲ ਰੱਖੇ ਗੈਸ ਸਿਲੰਡਰ ਕਾਰਨ ਲੱਗੀ ਅੱਗ
ਮਦੁਰਾਇ (ਤਾਮਿਲਨਾਡੂ) – ਤਾਮਿਲਨਾਡੂ ਦੇ ਮਦੁਰਾਇ ਰੇਲਵੇ ਸਟੇਸ਼ਨ ’ਤੇ ਖੜ੍ਹੇ ਰੇਲ ਦੇ ਡੱਬੇ ’ਚ ਅੱਜ ਤੜਕੇ ਅੱਗ ਲੱਗਣ ਕਾਰਨ ਰਾਮੇਸ਼ਵਰਮ ਜਾ ਰਹੇ ਘੱਟੋ-ਘੱਟ 9 ਸ਼ਰਧਾਲੂਆਂ ਦੀ ਮੌਤ ਹੋ ਗਈ। ਦੱਖਣੀ ਰੇਲਵੇ ਦੇ ਅਧਿਕਾਰੀ ਨੇ ਦੱਸਿਆ ਕਿ ਯਾਤਰੀ ਕੋਚ ’ਚ ਗੈਰ-ਕਾਨੂੰਨੀ ਢੰਗ ਨਾਲ ਗੈਸ ਸਿਲੰਡਰ ਲਿਆਂਦੇ ਜਾਣ ਕਾਰਨ ਇਹ ਅੱਗ ਲੱਗੀ। ਜਿਸ ਡੱਬੇ ਵਿੱਚ ਅੱਗ ਲੱਗੀ, ਉਹ ਇੱਕ ਪ੍ਰਾਈਵੇਟ ਪਾਰਟੀ ਕੋਚ (ਕਿਸੇ ਵਿਅਕਤੀ ਵੱਲੋਂ ਬੁੱਕ ਕੀਤਾ ਗਿਆ ਡੱਬਾ) ਸੀ। ਇਸ ਵਿੱਚ ਸਵਾਰ ਯਾਤਰੀ ਪਿਛਲੇ ਹਫ਼ਤੇ ਲਖਨਊ ਤੋਂ ਤੀਰਥ ਯਾਤਰਾ ’ਤੇ ਨਿਕਲੇ ਸਨ। ਜ਼ਿਆਦਾਤਰ ਯਾਤਰੀ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਅਤੇ ਇਸ ਦੇ ਆਸਪਾਸ ਦੇ ਇਲਾਕਿਆਂ ਦੇ ਨਿਵਾਸੀ ਸਨ। ਜਾਣਕਾਰੀ ਅਨੁਸਾਰ ਨੌਂ ’ਚੋਂ ਛੇ ਮ੍ਰਿਤਕਾਂ ਦੀ ਪਛਾਣ ਹੋ ਗਈ ਹੈ।

ਇੱਕ ਪੀੜਤ ਨੇ ਦੱਸਿਆ ਕਿ ਡੱਬੇ ਦਾ ਦਰਵਾਜ਼ਾ ਬੰਦ ਸੀ। ਇਸ ਨੂੰ ਤੋੜ ਕੇ ਲੋਕ ਸੁਰੱਖਿਅਤ ਸਥਾਨ ’ਤੇ ਪਹੁੰਚ ਗਏ ਅਤੇ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ। ਪਹਿਲਾਂ ਦੱਖਣੀ ਰੇਲਵੇ ਨੇ ਕਿਹਾ ਸੀ ਕਿ ਹਾਦਸੇ ਵਿੱਚ 10 ਵਿਅਕਤੀਆਂ ਦੀ ਮੌਤ ਹੋਈ ਹੈ ਪਰ ਬਾਅਦ ਵਿੱਚ 9 ਮੌਤਾਂ ਦੀ ਜਾਣਕਾਰੀ ਦਿੱਤੀ ਗਈ। ਇਸ ਦੌਰਾਨ 20 ਵਿਅਕਤੀ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ ਹੈ।

ਦੱਖਣੀ ਰੇਲਵੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਅੱਗ ਲੱਗਣ ਦੀ ਘਟਨਾ ਅੱਜ ਸਵੇਰੇ 5.15 ਵਜੇ ਵਾਪਰੀ ਅਤੇ ਮੌਕੇ ’ਤੇ ਪਹੁੰਚੇ ਫਾਇਰ ਕਰਮੀਆਂ ਨੇ ਸਵੇਰੇ 7.15 ਵਜੇ ਇਸ ’ਤੇ ਕਾਬੂ ਪਾਇਆ। ਬਿਆਨ ਅਨੁਸਾਰ, ‘‘ਇਹ ਇੱਕ ਪ੍ਰਾਈਵੇਟ ਪਾਰਟੀ ਕੋਚ ਸੀ, ਜੋ ਬੀਤੇ ਦਿਨ (25 ਅਗਸਤ) ਨਗਰਕੋਇਲ ਜੰਕਸ਼ਨ ’ਤੇ ਟਰੇਨ ਨੰਬਰ 16730 (ਪੁਨਾਲੂਰ-ਮਦੁਰਾਈ ਐਕਸਪ੍ਰੈਸ) ਨਾਲ ਜੋੜਿਆ ਗਿਆ ਸੀ। ਇਸ ਮਗਰੋਂ ਡੱਬੇ ਨੂੰ ਵੱਖ ਕਰ ਕੇ ਮਦੁਰਾਇ ਰੇਲਵੇ ਸਟੇਸ਼ਨ ’ਤੇ ਖੜ੍ਹਾ ਕੀਤਾ ਗਿਆ ਸੀ। ਡੱਬੇ ’ਚ ਯਾਤਰੀ ਗੈਰ-ਕਾਨੂੰਨੀ ਤਰੀਕੇ ਨਾਲ ਗੈਸ ਸਿਲੰਡਰ ਲੈ ਕੇ ਆਏ ਸਨ। ਉਨ੍ਹਾਂ ਦੱਸਿਆ ਕਿ ਜਦੋਂ ਡੱਬਾ ਖੜ੍ਹਾ ਸੀ ਤਾਂ ਕੁਝ ਯਾਤਰੀ ਚਾਹ/ਨਾਸ਼ਤਾ ਬਣਾਉਣ ਲਈ ਗੈਰ-ਕਾਨੂੰਨੀ ਤੌਰ ’ਤੇ ਲਿਆਂਦੇ ਗਏ ਗੈਸ ਸਿਲੰਡਰ ਦੀ ਵਰਤੋਂ ਕਰ ਰਹੇ ਸਨ, ਜਿਸ ਕਾਰਨ ਅੱਗ ਲੱਗ ਗਈ। ਇਸ ਦੌਰਾਨ ਦੱਖਣੀ ਰੇਲਵੇ ਨੇ ਕਿਹਾ ਕਿ ਭਲਕੇ 27 ਅਗਸਤ ਨੂੰ ਮਦੁਰਾਇ ਵਿੱਚ ਇੱਕ ਰੇਲ ਦੇ ਡੱਬੇ ’ਚ ਅੱਗ ਲੱਗਣ ਦੀ ਘਟਨਾ ਦੀ ਕਾਨੂੰਨੀ ਜਾਂਚ ਕੀਤੀ ਜਾਵੇਗੀ। ਬੰਗਲੂੂਰੂ ਦੇ ਦੱਖਣੀ ਸਰਕਲ ਦੇ ਰੇਲਵੇ ਸੁਰੱਖਿਆ ਕਮਿਸ਼ਨਰ ਏਐੱਮ ਚੌਧਰੀ ਭਲਕੇ ਮਦੁਰਾਇ ਸਥਿਤ ਡੀਆਰਐੱਮ ਦੇ ਕਾਨਫਰੰਸ ਹਾਲ ਵਿੱਚ ਪੁੱਛ-ਪੜਤਾਲ ਕਰਨਗੇ।