ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਦੇਸ਼ ਭਰ ’ਚ ਸਾਂਝੇ ਸੰਘਰਸ਼ ਦਾ ਐਲਾਨ

ਕਿਸਾਨਾਂ ਤੇ ਮਜ਼ਦੂਰਾਂ ਵੱਲੋਂ ਦੇਸ਼ ਭਰ ’ਚ ਸਾਂਝੇ ਸੰਘਰਸ਼ ਦਾ ਐਲਾਨ

ਨਵੀਂ ਦਿੱਲੀ- ਇਥੋਂ ਦੇ ਤਾਲਕਟੋਰਾ ਸਟੇਡੀਅਮ ਵਿੱਚ ਅੱਜ ਸੰਯੁਕਤ ਕਿਸਾਨ ਮੋਰਚਾ ਤੇ ਜੁਆਇੰਟ ਫੋਰਮ ਆਫ ਸੈਂਟਰਲ ਟਰੇਡ ਯੂਨੀਅਨਜ਼ ਵੱਲੋਂ ਕੁੱਲ ਹਿੰਦ ਮਜ਼ਦੂਰ ਕਿਸਾਨ ਜੁਆਇੰਟ ਕਾਨਫਰੰਸ ਕਰਵਾਈ ਗਈ। ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਦੇ ਪ੍ਰਧਾਨ ਡਾ. ਦਰਸ਼ਨ ਪਾਲ ਨੇ ਕਿਹਾ ਕਿ ਇਹ ਇਤਿਹਾਸਕ ਪਲ ਹੈ ਕਿ ਕਿਸਾਨ ਤੇ ਮਜ਼ਦੂਰ ਹੱਕਾਂ ਲਈ ਇਕੱਠੇ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਨੇ ਅਜਿਹਾ ਮਾਹੌਲ ਸਿਰਜ ਦਿੱਤਾ ਹੈ ਕਿ ਫਾਸ਼ੀਵਾਦੀ ਤਾਕਤਾਂ ਕਿਸਾਨਾਂ ਤੇ ਮਜ਼ਦੂਰਾਂ ਦੇ ਸਾਂਝੇ ਅੰਦੋਲਨ ਅੱਗੇ ਗੋਡੇ ਟੇਕ ਦੇਣਗੀਆਂ। ਉਨ੍ਹਾਂ ਕਿਹਾ ਕਿ ਭਗਤ ਸਿੰਘ ਤੇ ਸਾਥੀਆਂ ਦੇ ਸੁਫਨੇ ਪੂਰੇ ਕਰਨ ਲਈ ਵੱਡੇ ਅੰਦੋਲਨਾਂ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵਾਂਗ ਹੀ ਦੂਜੀਆਂ ਸਿਆਸੀ ਧਿਰਾਂ ਨੂੰ ਵੀ ਤਾੜਨਾ ਹੈ ਕਿ ਸੱਤਾ ਵਿੱਚ ਆ ਕੇ ਉਹ ਵੀ ਕਾਰਪੋਰੇਟ ਪੱਖੀ ਨੀਤੀਆਂ ਵੱਲ ਨਾ ਝੁੱਕ ਜਾਣ ਨਹੀਂ ਤਾਂ ਉਨ੍ਹਾਂ ਨੂੰ ਵੀ ਤਿੱਖੇ ਅੰਦੋਲਨ ਦਾ ਸੇਕ ਲੱਗ ਸਕਦਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਕਾਨਫਰੰਸ ਦੌਰਾਨ ਯੂਨਾਈਟਿਡ ਕਿਸਾਨ ਮੋਰਚਾ ਦੀ ਅਗਵਾਈ ਵਿੱਚ ਤਿੰਨ ਖੇਤੀ ਕਾਨੂੰਨਾਂ ਵਿਰੁੱਧ 13 ਮਹੀਨੇ ਚੱਲੇ ਇਤਿਹਾਸਕ ਸੰਘਰਸ਼ ਨੂੰ ਯਾਦ ਕੀਤਾ ਗਿਆ। ਕਾਨਫਰੰਸ ਨੇ ਦੇਸ਼ ਵਿਆਪੀ ਐਕਸ਼ਨ ਦਾ ਐਲਾਨ ਕੀਤਾ, ਜਿਸ ਵਿੱਚ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਕਤਲੇਆਮ ਦੀ ਯਾਦ ਵਿੱਚ ਤਿੰਨ ਅਕਤੂਬਰ ਨੂੰ ਕਾਲੇ ਦਿਵਸ ਵਜੋਂ ਮਨਾਉਣਾ ਤੇ 26 ਨਵੰਬਰ ਤੋਂ 28 ਨਵੰਬਰ ਤੱਕ ਹਰ ਸੂਬੇ ਦੀ ਰਾਜਧਾਨੀ ਵਿੱਚ ਰਾਜ ਭਵਨ ਦੇ ਸਾਹਮਣੇ ਵੱਡਾ ਸੰਘਰਸ਼ ਕਰਨਾ ਸ਼ਾਮਲ ਹੈ। ਇਸ ਮੌਕੇ ਅਸ਼ੋਕ ਸਿੰਘ (ਇੰਟਕ) ਨੇ ਦੱਸਿਆ ਕਿ ਦਸੰਬਰ 2023 ਤੇ ਜਨਵਰੀ 2024 ਵਿੱਚ ਵਿਸ਼ਾਲ ਵਿਰੋਧ ਪ੍ਰਦਰਸ਼ਨਾਂ ਦੀ ਯੋਜਨਾ ਬਣਾਈ ਗਈ ਹੈ। ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਨੂੰ ਵਾਪਸ ਲਾਗੂ ਕੀਤਾ ਜਾਵੇ ਤੇ ਸਾਰੀਆਂ ਫਸਲਾਂ ਲਈ ਫਸਲ ਬੀਮਾ ਯੋਜਨਾ ਲਾਗੂ ਕੀਤੀ ਜਾਵੇ। ਇਹ ਕਾਨਫਰੰਸ ਕੇਂਦਰ ਵੱਲੋਂ ਦਿੱਤੇ ਲਿਖਤੀ ਭਰੋਸੇ ਨੂੰ ਪੂਰਾ ਕਰਨ ਲਈ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ ਸਮੇਤ ਮੰਗਾਂ ਦਾ ਚਾਰਟਰ ਜਾਰੀ ਕਰਨ ਨਾਲ ਸਮਾਪਤ ਹੋਈ।