ਹਿਮਾਚਲ: ਬੱਦਲ ਫਟਣ ਕਾਰਨ ਫਸੇ 50 ਤੋਂ ਵੱਧ ਲੋਕ ਬਚਾਏ

ਹਿਮਾਚਲ: ਬੱਦਲ ਫਟਣ ਕਾਰਨ ਫਸੇ 50 ਤੋਂ ਵੱਧ ਲੋਕ ਬਚਾਏ

ਸ਼ਿਮਲਾ- ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਵਿੱਚ ਬੱਦਲ ਫਟਣ ਤੋਂ ਬਾਅਦ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨਡੀਆਰਐੱਫ) ਵੱਲੋਂ ਅੱਜ 50 ਤੋਂ ਵੱਧ ਲੋਕਾਂ ਨੂੰ ਬਚਾਅ ਲਿਆ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਸ਼ੇਹਨੂ ਗੌਨੀ ਪਿੰਡ ’ਚ ਬੀਤੇ ਦਿਨ ਬੱਦਲ ਫਟਣ ਮਗਰੋਂ ਢਿੱਗਾਂ ਡਿੱਗਣ ਕਾਰਨ ਕਈ ਸੜਕਾਂ ਜਾਮ ਹੋ ਗਈਆਂ ਸਨ। ਅਧਿਕਾਰੀਆਂ ਨੇ ਦੱਸਿਆ ਕਿ ਐੱਨਡੀਆਰਐੱਫ ਦੀ ਟੀਮ 15 ਕਿਲੋਮੀਟਰ ਪੈਦਲ ਚੱਲ ਕੇ ਫਸੇ ਲੋਕਾਂ ਨੂੰ ਬਚਾਉਣ ਪਹੁੰਚੀ ਅਤੇ 15 ਬੱਚਿਆਂ ਸਮੇਤ ਸਾਰੇ ਲੋਕਾਂ ਨੂੰ ਸੁਰੱਖਿਅਤ ਸਥਾਨ ’ਤੇ ਪਹੁੰਚਾ ਦਿੱਤਾ। ਇਸੇ ਤਰ੍ਹਾਂ ਇੱਕ ਹੋਰ ਘਟਨਾ ਵਿੱਚ ਬਲਾਦ ਨਦੀ ’ਚ ਪਾਣੀ ਦੇ ਤੇਜ਼ ਵਹਾਅ ਕਾਰਨ ਸਨਅਤੀ ਬੱਦੀ ਖੇਤਰ ਅਤੇ ਪਿੰਜੌਰ ਨੂੰ ਜੋੜਨ ਵਾਲਾ ਬੱਦੀ ਸਥਿਤ ਮਰਾਂਵਾਲਾ ਪੁਲ ਅੱਜ ਢਹਿ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਬੱਦੀ ਦੇ ਪੁਲੀਸ ਸੁਪਰਡੈਂਟ ਮੋਹਿਤ ਚਾਵਲਾ ਨੇ ਦੱਸਿਆ, ‘‘ਮਰਾਂਵਾਲਾ ਪੁਲ ਢਹਿ ਗਿਆ ਹੈ ਅਤੇ ਕਾਲਕਾ-ਕਾਲੂਝੰਡਾ-ਬਰੋਟੀਵਾਲਾ ਰੋਡ ਰਾਹੀਂ ਆਵਾਜਾਈ ਮੋੜ ਦਿੱਤੀ ਗਈ ਹੈ।’’ ਉਨ੍ਹਾਂ ਕਿਹਾ, ‘‘ਅਸੀਂ ਮੁਹਾਲੀ ਅਤੇ ਰੂਪਨਗਰ ਦੇ ਐੱਸਪੀ ਅਤੇ ਪੰਚਕੂਲਾ ਦੇ ਡੀਸੀਪੀ ਨੂੰ ਚੰਡੀਗੜ੍ਹ ਤੋਂ ਬੱਦੀ ਵਾਇਆ ਸਿਸਵਾਂ ਅਤੇ ਮਰਾਂਵਾਲਾ ਤੋਂ ਸਿਸਵਾਂ ਤੱਕ ਭਾਰੀ ਵਾਹਨਾਂ ਦਾ ਦਾਖਲਾ ਰੋਕਣ ਲਈ ਪੱਤਰ ਲਿਖਿਆ ਹੈ। ਬੱਦੀ ਵਿੱਚ ਮੀਂਹ ਕਾਰਨ ਪੁਲ ਨੁਕਸਾਨੇ ਗਏ ਹਨ ਅਤੇ ਆਵਾਜਾਈ ਨੂੰ ਬਦਲਵੇਂ ਰਸਤਿਆਂ ਰਾਹੀਂ ਕੱਢਿਆ ਜਾ ਰਿਹਾ ਹੈ।’’

ਇਸ ਦੌਰਾਨ ਬੀਤੀ ਰਾਤ ਬੱਦੀ ਦੇ ਬਰੋਟੀਵਾਲਾ ਇਲਾਕੇ ਵਿੱਚ ਇੱਕ ਔਰਤ ਟਿਪਰਾ ਨਾਲੇ ’ਚ ਵਹਿ ਗਈ। ਪੁਲੀਸ ਵੱਲੋਂ ਉਸ ਦੀ ਭਾਲ ਕੀਤੀ ਜਾ ਰਹੀ ਹੈ। ਸੂਬੇ ਵਿੱਚ ਭਾਰੀ ਮੀਂਹ ਕਾਰਨ 709 ਸੜਕਾਂ ਬੰਦ ਹਨ। ਹਿਮਾਚਲ ਪ੍ਰਦੇਸ਼ ਵਿੱਚ 24 ਜੂਨ ਤੋਂ ਮੌਨਸੂਨ ਸ਼ੁਰੂ ਹੋਣ ਤੋਂ ਲੈ ਕੇ 24 ਅਗਸਤ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ ਵਿੱਚ 242 ਲੋਕਾਂ ਦੀ ਜਾਨ ਜਾ ਚੁੱਕੀ ਹੈ। ਜਾਣਕਾਰੀ ਅਨੁਸਾਰ ਹਿਮਾਚਲ ਦੇ ਕੁੱਝ ਇਲਾਕਿਆਂ ਵਿੱਚ ਅੱਜ ਵੀ ਹਲਕਾ ਮੀਂਹ ਪਿਆ।