ਇਸਰੋ ਵੱਲੋਂ ਰੋਵਰ ਦੀ ਚੰਦ ’ਤੇ ਘੁੰਮਦੇ ਦੀ ਵੀਡੀਓ ਜਾਰੀ

ਇਸਰੋ ਵੱਲੋਂ ਰੋਵਰ ਦੀ ਚੰਦ ’ਤੇ ਘੁੰਮਦੇ ਦੀ ਵੀਡੀਓ ਜਾਰੀ

ਬੰਗਲੂਰੂ,-ਇਸਰੋ ਨੇ ਚੰਦਰਯਾਨ-3 ਮਿਸ਼ਨ ਦੇ ਰੋਵਰ ‘ਪ੍ਰਗਿਆਨ’ ਦੀ ਲੈਂਡਰ ‘ਵਿਕਰਮ’ ਵਿਚੋਂ ਬਾਹਰ ਨਿਕਲ ਕੇ ਚੰਦਰਮਾ ਦੀ ਸਤਹਿ ’ਤੇ ਘੁੰਮਦਿਆਂ ਦੀ ਵੀਡੀਓ ਰਿਲੀਜ਼ ਕੀਤੀ ਹੈ। ਇਹ ਵੀਡੀਓ ਲੈਂਡਰ ਦੇ ਇਮੇਜਰ ਕੈਮਰੇ ਰਾਹੀਂ ਰਿਕਾਰਡ ਕੀਤੀ ਗਈ ਹੈ। ਕੌਮੀ ਪੁਲਾੜ ਏਜੰਸੀ ਵੱਲੋਂ ‘ਐਕਸ’ ਉੱਤੇ ਪੋਸਟ ਕੀਤੀ ਇਸ ਵੀਡੀਓ ਨਾਲ ਇਕ ਸੁਨੇਹਾ ਵੀ ਪਾਇਆ ਗਿਆ, ਜਿਸ ਵਿੱਚ ਲਿਖਿਆ, ‘‘…ਚੰਦਰਯਾਨ-3 ਦਾ ਰੋਵਰ ਕਿਵੇਂ ਲੈਂਡਰ ’ਚੋਂ ਨਿਕਲ ਕੇ ਚੰਦਰਮਾ ਦੀ ਸਤਹਿ ’ਤੇ ਉੱਤਰਿਆ।’’ ਇਸਰੋ ਨੇ ਲੈਂਡਰ ਦੀ ਚੰਨ ਦੀ ਸਤਹਿ ’ਤੇ ਸਾਫਟ ਲੈਂਡਿੰਗ ਦੀ ਤਸਵੀਰ ਵੀ ਜਾਰੀ ਕੀਤੀ ਹੈ, ਜੋ ਚੰਦਰਯਾਨ-2 ਦੇ ਔਰਬਿਟਰ ਹਾਈ ਰੈਜ਼ੋਲਿਊਸ਼ਨ ਕੈਮਰੇ (ਓਐੱਚਆਰਸੀ) ਵੱਲੋਂ ਖਿੱਚੀ ਗਈ ਹੈ। ਇਸਰੋ ਨੇ ਪੋਸਟ ਵਿੱਚ ਲਿਖਿਆ, ‘‘ਚੰਦਰਯਾਨ-3 ਮਿਸ਼ਨ ਅਪਡੇਟ: ਮੈਂ ਤੇਰੀ ਜਾਸੂਸੀ ਕੀਤੀ! ਚੰਦਰਯਾਨ-2 ਔਰਬਿਟਰ ਫੋਟੋਸ਼ੂਟਸ ਚੰਦਰਯਾਨ-3 ਲੈਂਡਰ! ਚੰਦਰਯਾਨ-2 ਦਾ ਔਰਬਿਟਰ ਹਾਈ-ਰੈਜ਼ੋਲਿਊਸ਼ਨ ਕੈਮਰਾ (ਓਐੱਚਆਰਸੀ)- ਮੌਜੂਦਾ ਸਮੇਂ ਚੰਦਰਮਾ ਦੁਆਲੇ ਸਭ ਤੋਂ ਬਿਹਤਰੀਨ ਰੈਜ਼ੋਲਿਊਸ਼ਨ ਕੈਮਰਾ ਹੈ—ਨੇ 23/2³/23 ਨੂੰ ਲੈਂਡਿੰਗ ਮਗਰੋਂ ਸਪੌਟ ਕੀਤਾ।’’ ਚੰਦਰਯਾਨ-2 ਔਰਬਿਟਰ, ਜੋ 2019 ਵਿਚ ਲਾਂਚ ਕੀਤਾ ਗਿਆ ਸੀ, ਲਗਾਤਾਰ ਚੰਨ ਦੁਆਲੇ ਪੰਧ ’ਤੇ ਘੁੰਮ ਰਿਹੈ। ੲਿਸਰੋ ਮੁਖੀ ਐੱਸ.ਸੋਮਨਾਥ ਨੇ ਵੀਰਵਾਰ ਨੂੰ ਕਿਹਾ ਸੀ ਕਿ ਪ੍ਰਗਿਆਨ ਰੋਵਰ ਨਾਲ ਲੈਸ ‘ਵਿਕਰਮ’ ਲੈਂਡਰ ਬੁੱਧਵਾਰ ਨੂੰ ਚੰਨ ਦੀ ਸਤਹਿ ’ਤੇ ਠੀਕ ਉਸੇ ਥਾਂ ਲੈਂਡ ਕੀਤਾ ਸੀ, ਜਿਸ ਦੀ ਇਸ ਮੰਤਵ ਲਈ ਪਛਾਣ ਕੀਤੀ ਗਈ ਸੀ। ਲੈਂਡਿੰਗ ਦੇ ਕੁਝ ਘੰਟਿਆਂ ਮਗਰੋਂ 26 ਕਿਲੋ ਵਜ਼ਨੀ ਛੇ ਪਹੀਆਂ ਵਾਲਾ ਰੋਵਰ ਲੈਂਡਰ ਵਿਚੋਂ ਬਾਹਰ ਨਿਕਲਿਆ। ਇਸਰੋ ਨੇ ਵੀਰਵਾਰ ਨੂੰ ਕਿਹਾ ਸੀ ਕਿ ‘ਚੰਦਰਯਾਨ-3 ਮਿਸ਼ਨ ਦੀਆਂ ਸਾਰੀਆਂ ਸਰਗਰਮੀਆਂ ਸਮੇਂ ਮੁਤਾਬਕ ਹਨ। ਸਾਰੇ ਸਿਸਟਮ ਸਹੀ ਢੰਗ ਨਾਲ ਕੰਮ ਕਰ ਰਹੇ ਹਨ। ਲੈਂਡਰ ਮੌਡਿਊਲ ਦੇ ਪੇਅਲੋਡਜ਼ ਇਲਸਾ, ਰੰਭਾ ਤੇ ਚੇਸਟ ‘ਔਨ’ ਹੋ ਗਏ ਹਨ। ਰੋਵਰ ਮੋਬਿਲਟੀ ਅਪਰੇਸ਼ਨਜ਼ ਵੀ ਸ਼ੁਰੂ ਹੋ ਗਏ ਹਨ। ਪ੍ਰੋਪਲਸ਼ਨ ਮੋਡ ਵਿਚਲਾ ‘ਸ਼ੇਪ’ ਪੇਅਲੋਡ ਐਤਵਾਰ ਨੂੰ ਹੀ ‘ਔਨ’ ਹੋ ਗਿਆ ਸੀ।’’ ਭਾਰਤ ਨੇ ਮੰਗਲਵਾਰ ਨੂੰ ਚੰਨ ਦੇ ਦੱਖਣੀ ਧਰੁਵ ’ਤੇ ਲੈਂਡਰ ਮੌਡਿਊਲ ਵਿਕਰਮ ਉਤਾਰ ਕੇ ਇਤਿਹਾਸ ਸਿਰਜ ਦਿੱਤਾ ਸੀ।