ਭਾਰਤ ਬਰਿਕਸ ਦਾ ਘੇਰਾ ਵਧਾਉਣ ਦਾ ਹਾਮੀ: ਮੋਦੀ

ਭਾਰਤ ਬਰਿਕਸ ਦਾ ਘੇਰਾ ਵਧਾਉਣ ਦਾ ਹਾਮੀ: ਮੋਦੀ

ਪੰਜ ਮੁਲਕੀ ਸਮੂਹ ਨੂੰ ਭਵਿੱਖੀ ਚੁਣੌਤੀਆਂ ਦੇ ਟਾਕਰੇ ਲਈ ਤਿਆਰ ਰੱਖਣ ਦੀ ਵਕਾਲਤ
ਜੋਹੈੱਨਸਬਰਗ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜ ਮੁਲਕੀ ਸਮੂਹ ਬਰਿਕਸ ਨੂੰ ‘ਭਵਿੱਖ ਲਈ ਤਿਆਰ-ਬਰ-ਤਿਆਰ’ ਰੱਖਣ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ੍ਹਾਂ ਮੈਂਬਰ ਮੁਲਕਾਂ ਦੇ ਸਮਾਜਾਂ ਨੂੰ ਭਵਿੱਖੀ ਚੁਣੌਤੀਆਂ ਦੇ ਟਾਕਰੇ ਲਈ ਤਿਆਰ ਰਹਿਣਾ ਹੋਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਹਿਮਤੀ ਨਾਲ ਸਮੂਹ ਦਾ ਘੇਰਾ ਵਧਾਉਣਾ ਹੋਵੇ ਤਾਂ ਭਾਰਤ ਇਸ ਦੀ ਪੂਰੀ ਹਮਾਇਤ ਕਰੇਗਾ। ਉਨ੍ਹਾਂ ਨੇ ਪੁਲਾੜ ਖੋਜ ਸਣੇ ਵੱਖ-ਵੱਖ ਖੇਤਰਾਂ ’ਚ ਗਰੁੱਪ ਮੈਂਬਰਾਂ ਵਿਚਾਲੇ ਸਹਿਯੋਗ ਦਾ ਘੇਰਾ ਹੋਰ ਵਧਾਉਣ ਲਈ ਪੰਜ ਸੁਝਾਅ ਵੀ ਦਿੱਤੇ।

ਗਰੁੱਪ ਦੇ ਸਾਲਾਨਾ ਸਿਖਰ ਸੰਮੇਲਨ ’ਚ ਬਰਿਕਸ ਦਾ ਵਿਸਥਾਰ ਮੁੱਖ ਵਿਸ਼ਾ ਹੈ ਕਿਉਂਕਿ ਸਾਊਦੀ ਅਰਬ, ਸੰਯੁਕਤ ਅਰਬ ਅਮੀਰਾਤ (ਯੂਏਈ) ਅਤੇ ਅਰਜਨਟੀਨਾ ਸਣੇ ਲਗਪਗ 23 ਦੇਸ਼ਾਂ ਨੇ ਮੈਂਬਰਸ਼ਿਪ ਲਈ ਅਪਲਾਈ ਕੀਤਾ ਹੈ। ਬਰਿਕਸ (ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ) ਆਗੂਆਂ, ਜਿਨ੍ਹਾਂ ਵਿਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਵੀ ਸ਼ਾਮਲ ਸਨ, ਦੀ ਸਾਲਾਨਾ ਸਿਖਰ ਵਾਰਤਾ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਆਸ ਜਤਾਈ ਕਿ ਅਫਰੀਕੀ ਸੰਘ ਨੂੰ ਜੀ-20 ਦਾ ਸਥਾਈ ਮੈਂਬਰ ਬਣਾਉਣ ਦੀ ਭਾਰਤ ਦੀ ਤਜਵੀਜ਼ ਦੀ ਬਰਿਕਸ ਮੈਂਬਰ ਮੁਲਕਾਂ ਵੱਲੋਂ ਹਮਾਇਤ ਕੀਤੀ ਜਾਵੇਗੀ।

ਸ੍ਰੀ ਮੋਦੀ ਨੇ ਕਿਹਾ, ‘‘ਬਰਿਕਸ ਨੂੰ ਭਵਿੱਖ ਲਈ ਤਿਆਰ ਕਰਨ ਵਾਸਤੇ ਸਾਨੂੰ ਆਪਣੇ ਸਮਾਜਾਂ ਨੂੰ ਭਵਿੱਖੀ ਚੁਣੌਤੀਆਂ ਦੇ ਟਾਕਰੇ ਲਈ ਤਿਆਰ ਕਰਨਾ ਹੋਵੇਗਾ।’’ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਜੀ-20 ਦੀ ਆਪਣੀ ਪ੍ਰਧਾਨਗੀ ਹੇਠ ਆਲਮੀ ਦੱਖਣ ਦੇ ਮੁਲਕਾਂ ਨੂੰ ‘ਸਿਖਰਲੀ ਤਰਜੀਹ’ ਦਿੱਤੀ ਹੈ। ਉਨ੍ਹਾਂ ਕਿਹਾ ਕਿ ਭਾਰਤ ਬਰਿਕਸ ਦਾ ਘੇਰਾ ਵਧਾਉਣ ਦੀ ਮੁਕੰਮਲ ਰੂਪ ਵਿੱਚ ਹਮਾਇਤ ਕਰੇਗਾ ਤੇ ਸਹਿਮਤੀ ਅਧਾਰਿਤ ਤਜਵੀਜ਼ ਨੂੰ ਅੱਗੇ ਲਿਜਾਣ ਦੀ ਇਸ ਪੇਸ਼ਕਦਮੀ ਦਾ ਸਵਾਗਤ ਕਰਦਾ ਹੈ। ਸ੍ਰੀ ਮੋਦੀ ਨੇ ਕਿਹਾ ਕਿ ਪਿਛਲੇ ਦੋ ਦਹਾਕਿਆਂ ਵਿਚ ਬਰਿਕਸ ਦਾ ਲੰਮਾ ਤੇ ਸ਼ਾਨਦਾਰ ਸਫ਼ਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮੂਹ ਦਾ ਨਿਊ ਡਿਵੈਲਪਮੈਂਟ ਬੈਂਕ ਆਲਮੀ ਦੱਖਣ ਵਿੱਚ ਵਿਕਾਸ ਸਰਗਰਮੀਆਂ ਨੂੰ ਜਾਰੀ ਰੱਖਣ ’ਚ ਅਹਿਮ ਭੂਮਿਕਾ ਨਿਭਾ ਰਿਹਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਨੇ ਰੇਲਵੇ ਰਿਸਰਚ ਨੈੱਟਵਰਕ ਤੇ ਐੱਮਐੱਸਐੱਮਈ’ਜ਼ ਤੇ ਸਟਾਰਟ-ਅੱਪਸ ਵਿੱਚ ਸਹਿਯੋਗ ਜਿਹੇ ਖੇਤਰਾਂ ਵਿਚ ਉਪਰਾਲੇ ਸੁਝਾਏ ਹਨ ਤੇ ਇਨ੍ਹਾਂ ਖੇਤਰਾਂ ਵਿਚ ਅਹਿਮ ਤਰੱਕੀ ਹੋਈ ਹੈ।

ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਕ ਟਵੀਟ ਵਿੱਚ ਕਿਹਾ ਕਿ ਦੱਖਣੀ ਅਫਰੀਕਾ ਦੇ ਰਾਸ਼ਟਰਪਤੀ ਸਾਇਰਿਲ ਰਾਮਫੋਸਾ ਨਾਲ ਉਨ੍ਹਾਂ ਦੀ ਬੈਠਕ ਸ਼ਾਨਦਾਰ ਰਹੀ ਤੇ ਇਸ ਦੌਰਾਨ ਦੋਵਾਂ ਆਗੂਆਂ ਨੇ ਦੁਵੱਲੇ ਰਿਸ਼ਤਿਆਂ ਤੇ ਆਲਮੀ ਦੱਖਣ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰਨ ਲਈ ਮਿਲ ਦੇ ਕੰਮ ਕਰਨ ਦੀ ਲੋੜ ’ਤੇ ਜ਼ੋਰ ਦਿੱਤਾ। ਬਰਿਕਸ ਸਿਖਰ ਵਾਰਤਾ ਤੋਂ ਪਹਿਲਾਂ ਹੋਈ ਇਸ ਮੀਟਿੰਗ ਉਪਰੰਤ ਸ੍ਰੀ ਮੋਦੀ ਨੇ ਟਵੀਟ ਕੀਤਾ, ‘‘ਰਾਸ਼ਟਰਪਤੀ ਸਾਇਰਿਲ ਰਾਮਫੋਸਾ ਨਾਲ ਹੋਈ ਬੈਠਕ ਸ਼ਾਨਦਾਰ ਰਹੀ।’’ ਉਨ੍ਹਾਂ ਬੈਠਕ ਦੀਆਂ ਕੁਝ ਤਸਵੀਰਾਂ ਸਾਂਝਿਆਂ ਕਰਦਿਆਂ ਕਿਹਾ, ‘‘ਅਸੀਂ ਕਈ ਮੁੱਦਿਆਂ ’ਤੇ ਚਰਚਾ ਕੀਤੀ, ਜੋ ਭਾਰਤ-ਦੱਖਣੀ ਅਫ਼ਰੀਕਾ ਰਿਸ਼ਤਿਆਂ ਨੂੰ ਮਜ਼ਬੂਤ ਕਰਨ ਵੱਲ ਕੇਂਦਰਿਤ ਸੀ। ਸਾਡੀ ਵਿਚਾਰ ਚਰਚਾ ਵਿੱਚ ਵਪਾਰ, ਰੱਖਿਆ ਤੇ ਨਿਵੇਸ਼ ਜਿਹੇ ਮੁੱਦਿਆਂ ਨੂੰ ਤਰਜੀਹ ਦਿੱਤੀ ਗਈ। ਅਸੀਂ ਆਲਮੀ ਦੱਖਣ ਦੀ ਆਵਾਜ਼ ਨੂੰ ਮਜ਼ਬੂਤ ਕਰਨ ਲਈ ਮਿਲ ਕੇ ਕੰਮ ਕਰਦੇ ਰਹਾਂਗੇ।’’ਕੋਵਿਡ ਮਹਾਮਾਰੀ ਕਰਕੇ ਇਹ ਪਹਿਲੀ ਬਰਿਕਸ ਸਿਖਰ ਵਾਰਤਾ ਹੈ, ਜੋ ਵਿਅਕਤੀਗਤ ਰੂਪ ਵਿੱਚ ਹੋ ਰਹੀ ਹੈ। ਇਸ ਤੋਂ ਪਹਿਲਾਂ ਸਮੂਹ ਦੀਆਂ ਪਿਛਲੀਆਂ ਤਿੰਨ ਬੈਠਕਾਂ ਵਰਚੁਅਲ ਰੂਪ ਵਿੱਚ ਹੋਈਆਂ ਹਨ।

ਸ੍ਰੀ ਮੋਦੀ, ਜੋ ਦੱਖਣੀ ਅਫ਼ਰੀਕਾ ਤੇ ਯੂਨਾਨ ਦੀ ਤਿੰਨ ਰੋਜ਼ਾ ਫੇਰੀ ’ਤੇ ਹਨ, ਰਾਸ਼ਟਰਪਤੀ ਰਾਮਫੋਸਾ ਦੇ ਸੱਦੇ ’ਤੇ 15ਵੀਂ ਬਰਿਕਸ ਸਿਖਰ ਵਾਰਤਾ ਵਿੱਚ ਸ਼ਾਮਲ ਹੋਣ ਲਈ ਮੰਗਲਵਾਰ ਨੂੰ ਦੱਖਣੀ ਅਫ਼ਰੀਕਾ ਪੁੱਜੇ ਸਨ।