ਮੌਜਾਂ ਹੀ ਮੌਜਾਂ: ‘ਪਾਵਰਫੁੱਲ’ ਕਿਸਾਨਾਂ ਨੂੰ ਖੇਤਾਂ ਲਈ 24 ਘੰਟੇ ਸਪਲਾਈ..!

ਮੌਜਾਂ ਹੀ ਮੌਜਾਂ: ‘ਪਾਵਰਫੁੱਲ’ ਕਿਸਾਨਾਂ ਨੂੰ ਖੇਤਾਂ ਲਈ 24 ਘੰਟੇ ਸਪਲਾਈ..!

ਨੌਂ ਹਜ਼ਾਰ ਰਸੂਖਵਾਨ ਕਿਸਾਨਾਂ ਵੱਲੋਂ ਸਾਲਾਨਾ 100 ਕਰੋੜ ਦਾ ਰਗੜਾ
ਚੰਡੀਗੜ੍ਹ- ਪੰਜਾਬ ਦੇ ਕਰੀਬ ਨੌ ਹਜ਼ਾਰ ਰਸੂਖਵਾਨ ਕਿਸਾਨਾਂ ਨੂੰ ਮੌਜਾਂ ਹੀ ਮੌਜਾਂ ਹਨ। ਇਨ੍ਹਾਂ ਨੂੰ ਖੇਤੀ ਸੈਕਟਰ ਲਈ 24 ਘੰਟੇ ਬਿਜਲੀ ਮਿਲ ਰਹੀ ਹੈ। ਸਮੁੱਚੇ ਪੰਜਾਬ ’ਚ ਖੇਤੀ ਸੈਕਟਰ ਨੂੰ ਝੋਨੇ ਦੇ ਸੀਜ਼ਨ ’ਚ ਬਿਜਲੀ ਅੱਠ ਘੰਟੇ ਮਿਲਦੀ ਹੈ ਪਰ ਇਨ੍ਹਾਂ ਨੌ ਹਜ਼ਾਰ ਕਿਸਾਨਾਂ ਨੂੰ ਦਿਨ-ਰਾਤ ਬਿਜਲੀ ਮਿਲਦੀ ਹੈ। ਪਾਵਰਕੌਮ ਕੋਲ ਇੰਨੀ ਤਾਕਤ ਨਹੀਂ ਜਾਪਦੀ ਕਿ ਉਹ ਇਨ੍ਹਾਂ ‘ਪਾਵਰਫੁੱਲ’ ਕਿਸਾਨਾਂ ਨੂੰ ਹੱਥ ਪਾ ਸਕੇ। ਇਨ੍ਹਾਂ ਕਿਸਾਨਾਂ ਦੀਆਂ ਖੇਤੀ ਮੋਟਰਾਂ ਸ਼ਹਿਰੀ ਫੀਡਰਾਂ ਜਾਂ 24 ਘੰਟੇ ਬਿਜਲੀ ਸਪਲਾਈ ਵਾਲੇ ਫੀਡਰਾਂ ਨਾਲ ਜੁੜੀਆਂ ਹੋਈਆਂ ਹਨ।

ਪਾਵਰਕੌਮ ਨੇ ਅੰਦਾਜ਼ਾ ਲਾਇਆ ਹੈ ਕਿ ਇਨ੍ਹਾਂ ਨੌ ਹਜ਼ਾਰ ਖੇਤੀ ਮੋਟਰਾਂ ਕਾਰਨ ਸਾਲਾਨਾ ਕਰੀਬ 100 ਕਰੋੜ ਦੀ ਬਿਜਲੀ ਚੋਰੀ ਹੋ ਰਹੀ ਹੈ। ਅਧਿਕਾਰਤ ਤੌਰ ’ਤੇ ਇਨ੍ਹਾਂ ਖੇਤੀ ਮੋਟਰਾਂ ਨੂੰ ਸਿਰਫ਼ ਅੱਠ ਘੰਟੇ ਬਿਜਲੀ ਸਪਲਾਈ ਮਿਲਣੀ ਚਾਹੀਦੀ ਹੈ ਪਰ ਇਨ੍ਹਾਂ ਕਿਸਾਨਾਂ ’ਤੇ ਸਿਆਸੀ ਹੱਥ ਹੋਣ ਕਰ ਕੇ ਖੇਤੀ ਮੋਟਰਾਂ ਦਿਨ-ਰਾਤ ਚੱਲ ਰਹੀਆਂ ਹਨ। ਇਕੱਲੇ ਤਰਨ ਤਾਰਨ ਜ਼ਿਲ੍ਹੇ ਵਿਚ ਹੀ ਕਰੀਬ ਪੰਜ ਹਜ਼ਾਰ ਮੋਟਰਾਂ ਹਨ, ਜਿਨ੍ਹਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਅਧਿਕਾਰੀ ਆਖਦੇ ਹਨ ਕਿ ਜਦੋਂ ਪੰਜਾਬ ਵਿਚ 2010-11 ਵਿਚ ਖੇਤੀ ਫੀਡਰਾਂ ਨੂੰ ਅਲੱਗ ਕੀਤਾ ਗਿਆ ਸੀ ਤਾਂ ਇਨ੍ਹਾਂ ਰਸੂਖਵਾਨਾਂ ਕਿਸਾਨਾਂ ਦੀਆਂ ਖੇਤੀ ਮੋਟਰਾਂ ਨੂੰ ਖੇਤੀ ਫੀਡਰਾਂ ਨਾਲ ਜੋੜਨ ਨਹੀਂ ਦਿੱਤਾ ਗਿਆ ਸੀ। ਅਕਾਲੀ-ਭਾਜਪਾ ਗੱਠਜੋੜ ਦੀ ਸਰਕਾਰ ਸਮੇਂ ਪਾਵਰਕੌਮ ਦੇ ਅਧਿਕਾਰੀ ਇਨ੍ਹਾਂ ਰਸੂਖਵਾਨਾਂ ਅੱਗੇ ਨਿਹੱਥੇ ਹੋ ਗਏ ਸਨ। ਪਾਵਰਕੌਮ ਦੇ ਅਧਿਕਾਰੀਆਂ ਅਨੁਸਾਰ ਉਨ੍ਹਾਂ ਨੇ ਜਦੋਂ ਵੀ ਇਨ੍ਹਾਂ ਖੇਤੀ ਮੋਟਰਾਂ ਨੂੰ 24 ਘੰਟੇ ਸਪਲਾਈ ਨਾਲੋਂ ਕੱਟ ਕੇ ਖੇਤੀ ਫੀਡਰਾਂ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਤਾਂ ਸਿਆਸਤਦਾਨ ਅੜਿੱਕਾ ਬਣ ਗਏ। ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਦਾ ਹਲਕਾ ਪੱਟੀ ਇਸ ਮਾਮਲੇ ਵਿਚ ਸਭ ਤੋਂ ਅੱਗੇ ਹੈ। ਇਨ੍ਹਾਂ ਰਸੂਖਵਾਨ ਕਿਸਾਨਾਂ ਦੀ ਪਿੱਠ ’ਤੇ ਅੱਜ ਵੀ ਮੌਕੇ ਦੇ ਸਿਆਸਤਦਾਨ ਖੜ੍ਹੇ ਹਨ, ਜਿਸ ਕਰ ਕੇ ਅਧਿਕਾਰੀ ਅੱਜ ਵੀ ਬੇਵੱਸ ਹਨ। ਇਸੇ ਤਰ੍ਹਾਂ ਕੰਡੀ ਖੇਤਰ ਵਿਚ ਵੀ ਅਜਿਹਾ ਚੱਲ ਰਿਹਾ ਹੈ। ਖਰੜ ਅਤੇ ਜ਼ੀਰਕਪੁਰ ਦੇ ਆਸ ਪਾਸ ਵੀ ਅਜਿਹਾ ਹੀ ਮਾਹੌਲ ਹੈ। ਬਾਘਾ ਪੁਰਾਣਾ ਹਲਕੇ ’ਚ ਵੀ 24 ਘੰਟੇ ਬਿਜਲੀ ਸਪਲਾਈ ਨਾਲ ਖੇਤੀ ਮੋਟਰਾਂ ਜੁੜੀਆਂ ਹੋਈਆਂ ਹਨ।

ਲਹਿਰਾ ਮੁਹੱਬਤ ਤੋਂ ਇਲਾਵਾ ਬਠਿੰਡਾ ਜ਼ਿਲ੍ਹੇ ਦੇ ਕਸਬਾ ਫੂਲ ਵਿਚ ਵੀ ਦਰਜਨਾਂ ਖੇਤੀ ਮੋਟਰਾਂ ਨੂੰ 24 ਘੰਟੇ ਬਿਜਲੀ ਸਪਲਾਈ ਮਿਲ ਰਹੀ ਹੈ। ਪਾਵਰਕੌਮ ਵੱਲੋਂ ਅਜਿਹੇ ਕੁਨੈਕਸ਼ਨਾਂ ਦਾ ਵੇਰਵਾ ਤਿਆਰ ਕੀਤਾ ਗਿਆ ਹੈ। ਪੰਜਾਬ ਦਾ ਕੋਈ ਕੋਨਾ ਇਸ ਤੋਂ ਬਚਿਆ ਨਹੀਂ ਹੈ। ਪੰਜਾਬ ਵਿਚ ਕੁੱਲ 12 ਹਜ਼ਾਰ ਫੀਡਰ ਹਨ, ਜਿਨ੍ਹਾਂ ’ਚੋਂ 6600 ਖੇਤੀ ਫੀਡਰ ਹਨ। ਮੌਜੂਦਾ ਹਕੂਮਤ ਅੱਗੇ ਇਹ ਵੱਡੀ ਚੁਣੌਤੀ ਵੀ ਹੈ ਕਿ ਰਸੂਖਵਾਨਾਂ ਕਿਸਾਨਾਂ ਦੇ ਗੱਠਜੋੜ ਨੂੰ ਕਿਵੇਂ ਤੋੜਿਆ ਜਾਵੇ। ਸਰਹੱਦੀ ਖੇਤਰ ਵਿਚ ਇਸ ਤਰ੍ਹਾਂ ਦਾ ਰੁਝਾਨ ਸਭ ਤੋਂ ਜ਼ਿਆਦਾ ਹੈ। ਪੰਜਾਬ ਵਿਚ ਕਰੀਬ 14 ਲੱਖ ਖੇਤੀ ਕੁਨੈਕਸ਼ਨ ਹਨ, ਜਿਨ੍ਹਾਂ ’ਚੋਂ 9 ਹਜ਼ਾਰ ਕਿਸਾਨ ਦਿਨ ਰਾਤ ਸਪਲਾਈ ਲੈ ਰਹੇ ਹਨ ਜਦੋਂ ਕਿ ਬਾਕੀ ਕਿਸਾਨ ਆਖਦੇ ਹਨ ਕਿ ਉਨ੍ਹਾਂ ਦੀ ਕੀ ਕਸੂਰ ਹੈ।