ਉਲਟੀ ਵਾੜ ਖੇਤ ਕਉ ਖਾਈ

ਸ੍ਰ. ਗੁਰਚਰਨਜੀਤ ਸਿੰਘ ਲਾਂਬਾ

ਕਰਤਾ ਪੁਰਖ ਦਾ ਨਿਜ਼ਾਮ ਸੱਚ, ਹੱਕ, ਨਿਆਂ ਅਤੇ ਸਾਂਝੀਵਾਲਤਾ ਦੇ ਸੁਨਹਿਰੀ ਅਸੂਲਾਂ ਅਨੁਸਾਰ ‘ਸਾਧ ਸਮੂਹ ਪ੍ਰਸੰਨ ਫਿਰੈ ਜਗਿ’ ਅਨੁਸਾਰ ਇਸ ਸੰਸਾਰ ਦੇ ਚਮਨ ਨੂੰ ਖੇੜੇਮਈ ਬਣਾਉਣਾ ਹੈ। ਪਰ ਸਮੇਂ ਸਮੇਂ ਸ਼ੈਤਾਨ ਅਤੇ ਸ਼ੈਤਾਨੀ ਸ਼ਕਤੀਆਂ ਇਸ ਵਿਚ ਆਪਣਾ ਉਪੱਦਰ ਜਾਰੀ ਰੱਖਦੀਆਂ ਹਨ। ਅੱਜ ਤੋਂ 500 ਸਾਲ ਪਹਿਲਾਂ ਵੀ ਸੰਸਾਰ ਦੀ ਹਾਲਤ ਇੰਨੀ ਤਰਸਮਈ ਸੀ ਕਿ ਸਾਰੀ ਧਰਤੀ ਤਰਾਹੀ-ਤਰਾਹੀ ਕਰ ਉਠੀ। ਇਸ ਹਾਲਤ ਦਾ ਕੁਝ ਕੁ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਵਿਚ ਵੀ ਕੀਤਾ। ਰਾਜੇ ਸੀਹ ਮੁਕਦਮ ਕੁਤੇ॥ ਅਤੇ ਗੁਰਬਾਣੀ ਦੀ ਕੁੰਜੀ ਤੇ ਵਿਆਖਿਆਕਾਰੀ ਭਾਈ ਗੁਰਦਾਸ ਜੀ ਨੇ ਤਾਂ ਇਸ ਨੂੰ ਵਿਸਥਾਰ ਨਾਲ ਅੰਕਿਤ ਕੀਤਾ :
ਕਲਿ ਆਈ ਕੁਤੇ ਮੁਹੀ ਖਾਜੁ
ਹੋਇਆ ਮੁਰਦਾਰ ਗੁਸਾਈ।
ਰਾਜੇ ਪਾਪੁ ਕਮਾਂਵਦੇ ਉਲਟੀ
ਵਾੜ ਖੇਤ ਕਉ ਖਾਈ।
ਪਰਜਾ ਅੰਧੀ ਗਿਆਨ ਬਿਨੁ
ਕੂੜ ਕੁਸਤੁ ਮੁਖਹੁ ਆਲਾਈ।
ਚੇਲੇ ਸਾਜ ਵਜਾਇਦੇ ਨਚਨਿ
ਗੁਰੂ ਬਹੁਤੁ ਬਿਧਿ ਭਾਈ।
ਚੇਲੇ ਬੈਠਨਿ ਘਰਾਂ ਵਿਚਿ
ਗੁਰਿ ਉਠਿ ਘਰੀਂ ਤਿਨਾੜੇ ਜਾਈ।
ਕਾਜੀ ਹੋਏ ਰਿਸਵਤੀ ਵਢੀ
ਲੈ ਕੈ ਹਕੁ ਗਵਾਈ।
ਇਸਤ੍ਰੀ ਪੁਰਖੈ ਦਾਮਿ
ਹਿਤੁ ਭਾਵੈ ਆਇ ਕਿਥਾਊਂ ਜਾਈ।
ਵਰਤਿਆ ਪਾਪੁ ਸਭਸਿ ਜਗਿ ਮਾਂਹੀ॥੩੦॥
ਇਸ ਹਾਲਾਤ ਵਿਚ ਜਦੋਂ ਰਾਜੇ ਸ਼ੀਹ ਅਤੇ ਸਰਕਾਰੀ ਅਹੁਦੇਦਾਰ ਇਸ ਤਰ੍ਹਾਂ ਪੇਸ਼ ਆਉਣ ਲੱਗ ਪਏ ਤਾਂ ਆਮ ਖਲਕਤ ਲਈ ਆਸ ਤੇ ਇਨਸਾਫ਼ ਲਈ ਅਦਾਲਤ ਤੇ ਅਦਾਲਤੀ ਹੀ ਰਹਿ ਗਏ ਪਰ ਇਸ ਭਿ੍ਰਸ਼ਟਾਚਾਰੀ ਨਿਜ਼ਾਮ ਨੇ ਉਨ੍ਹਾਂ ਨੂੰ ਵੀ ਆਪਣੇ ਆਗੋਸ਼ ਵਿਚ ਲੈ ਕੇ ਇਨਸਾਫ਼ ਦੇ ਦਰਵਾਜ਼ੇ ਬੰਦ ਕਰ ਦਿੱਤੇ। ‘ਥੰਮੇ ਕੋਇ ਨ ਸਾਧੁ ਬਿਨੁ ਸਾਧੁ ਨ ਦਿਸੈ ਜਗਿ ਵਿਚ ਕੋਆ। ਗੁਰਮੁਖਿ ਕਲਿ ਵਿਚ ਪਰਗਟ ਹੋਆ’ ਦੇ ਵਾਕ ਅਨੁਸਾਰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਹੋਇਆ। ਉਨ੍ਹਾਂ ਨੇ ਕਰਮ-ਕਾਂਡ, ਵਿੰਗ-ਵਲੇਵੇਂ, ਰਸਮੋ-ਰਿਵਾਜ਼, ਬੋਲੀਆਂ, ਮੁਲਕੀ ਹੱਦਬੰਦੀਆਂ ਨੂੰ ਤੋੜ ਕੇ ਸਾਰੀ ਮਾਨਵਤਾ ਨੂੰ ਬਹੁਤ ਸਿੱਧੇ ਤੇ ਸਪਸ਼ਟ ਲਫ਼ਜ਼ਾਂ ਵਿਚ ਕਰਤਾ ਪੁਰਖ ਦੀ ਉਪਾਸਨਾ ਤੇ ਉਸਦੀ ਕਿਰਤ ਨਾਲ ਪਿਆਰ ਦਾ ਸੰਦੇਸ਼ ਦਿੱਤਾ। ਕਿਸੇ ਧਾਰਮਿਕ ਵਿਅਕਤੀ ਦਾ ਆਮ ਜ਼ਿੰਦਗੀ ਵਿਚ ਆਚਰਣ ਤੇ ਉਸ ਦੇ ਧਾਰਮਿਕ ਜੀਵਨ ਦੇ ਆਚਰਣ ਦੀ ਇਕਸਾਰਤਾ ਹੀ ਸਹੀ ਇਨਸਾਨੀ ਫਰਜ਼ ਸੀ, ਇਸ ਲਈ ਉਨ੍ਹਾਂ ਨੇ ਇਨਸਾਨੀਅਤ ਲਈ ਮੁਢਲੀ ਸ਼ਰਤ ਰੱਖੀ ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸੁ ਗਾਇ॥
ਗੁਰੂ ਨਾਨਕ ਸਾਹਿਬ ਵਲੋਂ ਆਰੰਭੀ ਇਸ ਸੰਘਰਸ਼ਮਈ ਲਹਿਰ ਵਿਚ ਗੁਰੂ ਅਰਜਨ ਦੇਵ ਜੀ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਆਪਣੀ ਆਹੁਤੀ ਦੇਣੀ ਪਈ। ਇਥੇ ਹੀ ਬੱਸ ਨਹੀਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸਰਬੰਸ ਕੁਰਬਾਨ ਕਰਕੇ ਇਸ ਅਦੁੱਤੀ ਇਤਿਹਾਸ ਦੀ ਰਚਨਾ ਕੀਤੀ। ਪਰ ਇਹ ਜਦੋ-ਜਹਿਦ ਤੇ ਅਕਾਲੀ ਲਹਿਰ ਗੁਰੂ ਸਾਹਿਬ ਦੇ ਨਾਲ ਹੀ ਸਮਾਪਤ ਨਾ ਹੋ ਜਾਏ ਇਸ ਲਈ ਗੁਰੂ ਜੀ ਨੇ ਇਸ ਨੂੰ ਸਦੀਵਤਾ ਅਤੇ ਨਿਰੰਤਰਤਾ ਪ੍ਰਦਾਨ ਕਰਨ ਲਈ ਇਸ ਦਾ ਪਰਚਮ ਗੁਰੂ ਪੰਥ ਨੂੰ ਦਿੱਤਾ। ਪਿਛੇ ਤਿੰਨ ਸੌ ਸਾਲ ਦੇ ਵਕਫੇ ਦੌਰਾਨ ਇਸ ਗੁਰਮਤਿ ਦੇ ਗਾਡੀ ਰਾਹ ’ਤੇ ਪੰਥ ਸ਼ਾਨਾਂਮੱਤੇ ਤਰੀਕੇ ਨਾਲ ਤੁਰਿਆ। ਅਠਾਰ੍ਹਵੀਂ ਸਦੀ ਵਿਚ ਜ਼ਾਲਮ ਰਾਜ ਦੀਆਂ ਜੜ੍ਹਾਂ ਪੁੱਟਣ ਦੇ ਨਾਲ-ਨਾਲ ਅਣਸੁਣੇ ਤੇ ਅਕਹਿ ਤਰੀਕਿਆਂ ਨਾਲ ਸ਼ਹਾਦਤਾਂ ਦਾ ਸਾਹਮਣਾ ਨਵਜਾਤ ਗੁਰੂ ਪੰਥ ਨੇ ਕੀਤਾ ਅਤੇ ਅਕਾਲੀ ਪਰਚਮ ਨੂੰ ਆਲਮੀ ਮਾਨਤਾ ਪ੍ਰਦਾਨ ਕਰਾਈ। ਇਸ ਅਕਾਲੀ ਲਹਿਰ ਨੇ ਪਿਛਲੀ ਸਦੀ ਦੇ ਦੌਰਾਨ ਗੁਰਦੁਆਰਾ ਸੁਧਾਰ ਲਹਿਰ ਦੇ ਦੌਰਾਨ ਹੱਕ ਅਤੇ ਇਨਸਾਫ਼ ਦੀ ਆਵਾਜ਼ ਨੂੰ ਬੁਲੰਦ ਕੀਤਾ। ਅਕਾਲੀ ਨਾਮ ਹੀ ਕੁਰਬਾਨੀ, ਇਨਸਾਫ਼, ਹੱਕ ਅਤੇ ਇਮਾਨਦਾਰੀ ਦਾ ਬਦਲ ਪ੍ਰਚਲਿਤ ਹੋ ਗਿਆ।
ਇਸ ਦੇ ਬਾਅਦ 1947 ਵਿਚ ਦੇਸ਼ ਨੂੰ ਅਜ਼ਾਦੀ ਮਿਲੀ। ਆਮ ਜਨਤਾ ਨੇ ਹੱਕ, ਇਨਸਾਫ਼, ਬਰਾਬਰੀ ਦੇ ਸੁਪਨੇ ਸੰਜੋਏ ਸਨ, ਜੋ ਭਿ੍ਰਸ਼ਟਾਚਾਰ ਦੇ ਇਕ ਦੇ ਬਾਅਦ ਇਕ ਸਕੈਂਡਲਾਂ ਨੇ ਚਕਨਾਚੂਰ ਕਰ ਦਿੱਤੇ। ਮਾਸਟਰ ਤਾਰਾ ਸਿੰਘ ਨੇ ਆਪਣੇ ਅਖੀਰਲੇ ਇੰਟਰਵਿਊ ਵਿਚ ਸਟੇਟਸਮੈਨ ਦੇ ਡੀ.ਪੀ. ਕੁਮਾਰ ਨੂੰ ਇਸ ਅਫਸੋਸਨਾਕ ਹਾਲਾਤ ’ਤੇ ਦੁਖੀ ਹੋ ਕੇ ਕਿਹਾ ਕਿ ਮੈਂ ਕਦੇ ਭਵਿੱਖਬਾਣੀ ਨਹੀਂ ਕੀਤੀ ਪਰ ਅੱਜ ਮੈਂ ਦੋ ਗੱਲਾਂ ਕਹਿ ਰਿਹਾ ਹਾਂ ਤੇ ਜੋ ਸਮਾਂ ਦੱਸੇਗਾ ਕਿ ਸਹੀ ਹੋਣਗੀਆਂ। ਪਹਿਲੀ ਗੱਲ ਪ੍ਰਤਾਪ ਸਿੰਘ ਕੈਰੋਂ ਦਾ ਪਤਨ ਅਤੇ ਦੂਸਰੀ ‘ਕੁਰੱਪਸ਼ਨ’ ਕਾਂਗਰਸ ਦੇ ਖਾਤਮੇ ਦਾ ਕਾਰਨ ਬਣੇਗੀ।
ਸਮੇਂ ਦੇ ਕਾਲ ਚੱਕਰ ਨਾਲ ਕਾਂਗਰਸ ਨੇ ਆਪਣੇ ਪੰਜਾਹ ਸਾਲਾ ਕਾਰਜ ਕਾਲ ਦੌਰਾਨ ਭਿ੍ਰਸ਼ਟਾਚਾਰ ਨੂੰ ਨਾ ਕੇਵਲ ਸੰਸਥਾਗਤ ਅਤੇ ਸੰਗਠਨਾਤਮਕ ਰੂਪ ਹੀ ਪ੍ਰਦਾਨ ਕੀਤਾ ਬਲਕਿ ਦੂਸਰੀਆਂ ਸਾਰੀਆਂ ਰਾਜਸੀ ਪਾਰਟੀਆਂ ਨੂੰ ਵੀ ਇਸ ਰੰਗ ਵਿਚ ਰੰਗ ਲਿਆ। ਹੁਣ ਕੋਈ ਰਾਜਸੀ ਆਗੂ ਨਹੀਂ ਕਹਿ ਸਕਦਾ ਕਿ ਇਸ ਦੀ ਕਮੀਜ਼ ਮੇਰੇ ਨਾੋਂ ਜ਼ਿਆਦਾ ਸਫ਼ੇਦ ਕਿਉ ਹੈ?
ਕਿਹਾ ਜਾਂਦਾ ਹੈ ਕਿ ਇਕ ਵਾਰ ਸਰਦਾਰ ਬਹਾਦੁਰ ਮਹਿਤਾਬ ਸਿੰਘ ’ਤੇ ਇਹ ਇਲਜ਼ਾਮ ਲੱਗਾ ਕਿ ਉਨ੍ਹਾਂ ਨੇ ਸ਼ੋ੍ਰਮਣੀ ਅਕਾਲੀ ਦਲ ਲਈ ਘੋੜਿਆਂ ਦੀ ਖਰੀਦ ਵਿਚ ਪੰਜਾਹ ਹਜ਼ਾਰ ਰੁਪਏ ਗਬਨ ਕੀਤੇ ਹਨ। ਸਰਦਾਰ ਸਾਹਿਬ ਨੇ ਕਿਹਾ ਕਿ ਕੁੱਲ ਖਰੀਦ ਪੰਦਰਾਂ ਹਜ਼ਾਰ ਰੁਪਏ ਦੀ ਹੋਈ ਹੈ ਤੇ ਇਲਜ਼ਾਮ ਹੈ ਕਿ ਮੈਂ ਪੰਜਾਹ ਹਜ਼ਾਰ ਰੁਪਏ ਖਾ ਗਿਆ ਹਾਂ, ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿਣਾ।
ਮੀਟਿੰਗ ਵਿਚ ਇਕ ਸਿਆਣੇ, ਜਥੇਦਾਰ ਨੇ ਕਿਹਾ ਕਿ ਚੱਲੋ ਝਗੜਾ ਕਿਉ ਪਾਉਣਾ ਹੈ, ਵੋਟਾਂ ਪਵਾ ਲਉ ਕਿ ਖਾਧੇ ਹਨ ਕਿ ਨਹੀਂ। ਸਰਦਾਰ ਬਹਾਦੁਰ ਮਹਿਤਾਬ ਸਿੰਘ ਮੈਦਾਨ ਤੋਂ ਬਾਹਰ ਹੋ ਗਏ।
ਹੁਣ ਸ਼ਾਹਸਵਾਰ ਕੋਈ ਵੀ ਅਤੇ ਕਿਸੇ ਵੀ ਪਾਰਟੀ ਦਾ ਹੋਵੇ ਜਦੋਂ ਫੈਸਲਾ ਅਦਾਲਤ ਦੀ ਬਜਾਏ ਵੋਟਾਂ ਨਾਲ ਹੋਣਾ ਹੈ, ਤਾਂ ਕੀ ਫਿਰ ਅਸੀਂ ਉਸੇ ਪੰਜ ਸੌ ਸਾਲ ਪਹਿਲਾਂ ਵਾਲੀ ਹਾਲਤ ਵਿਚ ਨਹੀਂ ਪਹੁੰਚ ਗਏ?
ਇਸ ਸਾਰੇ ਹਾਲਾਤ ਵਿਚ ਦੂਸਰੀਆਂ ਪਾਰਟੀਆਂ ਦੀਆਂ ਤਾਂ ਦੁਨਿਆਵੀ ਸਾਖ ’ਤੇ ਹੀ ਫ਼ਰਕ ਪਏਗਾ ਪਰ ਧਰਮ ਅਤੇ ਪੰਥ ਦੇ ਨਾਮ ’ਤੇ ਬਣੀ ਅਕਾਲੀ ਪਾਰਟੀ ਵਿਚ ਆਈ ਗਿਰਾਵਟ ਨਾ ਕੇਵਲ ਧਰਮ ਅਤੇ ਵਿਸ਼ਵਾਸ ਦੀ ਸਾਖ ’ਤੇ ਹੀ ਸੱਟ ਮਾਰੇਗੀ ਬਲਕਿ ਦੀਨ ਅਤੇ ਦੁਨੀ ਦੋਹਾਂ ਦਾ ਹੀ ਨੂਕਸਾਨ ਕਰੇਗੀ।
ਇੰਦਰਾ ਗਾਂਧੀ ਨੂੰ ਜਦੋਂ ਭਿ੍ਰਸ਼ਟਾਚਾਰ ਦੇ ਦੋਸ਼ਾਂ ਤਹਿਤ ਅਦਾਲਤ ਵਲੋਂ ਸਜ਼ਾ ਦਿੱਤੀ ਗਈ ਤਾਂ ਕਾਂਗਰਸ ਪ੍ਰਧਾਨ ਨੇ ‘ਇੰਡੀਆ ਇੰਦਰਾ ਹੈ-ਇੰਦਰਾ ਇੰਡੀਆ ਹੈ’ ਦਾ ਨਾਅਰਾ ਦਿੱਤਾ। ਅੱਜ ਉਸੇ ਕਾਂਗਰਸੀ ਪ੍ਰੰਪਰਾ ਦਾ ਅਕਾਲੀ ਦਲ ਵਿਚ ਸਮਾਵੇਸ਼ ਕਰਾ ਕੇ ‘ਬਾਦਲ ਪੰਥ ਹੈ-ਪੰਥ ਬਾਦਲ ਹੈ’ ਦਾ ਨਾਅਰਾ ਦਿੱਤਾ ਜਾ ਰਿਹਾ ਹੈ।
ਜੇ ਸ੍ਰ. ਬਾਦਲ ਇਹ ਦੱਸਣਾ ਚਾਹੁੰਦੇ ਹਨ ਕਿ ਉਹ ਨਿਰਦੋਸ਼ ਅਤੇ ਪਾਕ ਸਾਫ਼ ਹਨ ਤੇ ਉਨ੍ਹਾਂ ’ਤੇ ਇਹ ਸਾਰੀ ਕਾਰਵਾਈ ਉਨ੍ਹਾਂ ਦੇ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਹੋਣ ਕਰਕੇ ਕੀਤੀ ਜਾ ਰਹੀ ਹੈ ਤਾਂ ਉਹ ਸ੍ਰੀ ਅਕਾਲ ਤਖਤ ਸਾਹਿਬ ’ਤੇ ਪੇਸ਼ ਹੋ ਕੇ ਇਸ ਗੱਲ ਦਾ ਐਲਾਨ ਕਰਨ ਤੇ ਫਿਰ ਭਾਵੇਂ ਇਸ ਲੜਾਈ ਨੂੰ ਪੰਥਕ ਮੁੱਦਾ ਬਣਾ ਕੇ ਲੜਿਆ ਜਾਏ ਨਹੀਂ ਤਾਂ ਇਸ ਲੜਾਈ ਨੂੰ ਨਿੱਜੀ ਅਤੇ ਰਾਜਨੀਤਕ ਧਰਾਤਲ ’ਤੇ ਹੀ ਲੜਿਆ ਜਾਵੇ ਤੇ ਇਸ ਨੂੰ ਪੰਥ ਜਾਂ ਪੰਥਕ ਮੁੱਦੇ ਦਾ ਸਰੂਪ ਨਾ ਪ੍ਰਦਾਨ ਕੀਤਾ ਜਾਏ।