ਸਤਲੁਜ ’ਚ ਪਾਣੀ ਘਟਿਆ, ਲੋਕਾਂ ਦੀਆਂ ਮੁਸ਼ਕਲਾਂ ਵਧੀਆਂ

ਸਤਲੁਜ ’ਚ ਪਾਣੀ ਘਟਿਆ, ਲੋਕਾਂ ਦੀਆਂ ਮੁਸ਼ਕਲਾਂ ਵਧੀਆਂ

ਪਿੰਡਾਂ ’ਚ 10-10 ਫੁੱਟ ਭਰਿਆ ਪਾਣੀ; ਲੋਕ ਛੱਤਾਂ ’ਤੇ ਰਾਤਾਂ ਕੱਟਣ ਲਈ ਮਜਬੂਰ
ਫ਼ਿਰੋਜ਼ਪੁਰ- ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਘਟਣ ਤੋਂ ਬਾਅਦ ਵੀ ਸਰਹੱਦੀ ਪਿੰਡਾਂ ’ਚ ਮੁਸ਼ਕਿਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਲੋਕਾਂ ਦੇ ਘਰਾਂ ਤੱਕ ਜਾਂਦੇ ਰਾਹ ਟੁੱਟ ਜਾਣ ਕਾਰਨ ਰਾਹਤ ਸਮੱਗਰੀ ਪਹੁੰਚਾਉਣ ’ਚ ਪ੍ਰਸ਼ਾਸਨ ਅਤੇ ਸਮਾਜ ਸੇਵੀ ਸੰਸਥਾਵਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਨੀਵੇਂ ਇਲਾਕਿਆਂ ’ਚ ਕਈ ਥਾਵਾਂ ’ਤੇ ਅਜੇ ਵੀ ਦਸ-ਦਸ ਫੁੱਟ ਪਾਣੀ ਖੜ੍ਹਾ ਹੈ। ਦੂਰ-ਦੂਰ ਤੱਕ ਕਿਸਾਨਾਂ ਦੀਆਂ ਫ਼ਸਲਾਂ ਹੜ੍ਹ ਦੇ ਪਾਣੀ ’ਚ ਡੁੱਬੀਆਂ ਹੋਈਆਂ ਹਨ। ਇਸ ਤੋਂ ਇਲਾਵਾ ਕਈ ਦਿਨਾਂ ਤੋਂ ਘਰਾਂ ਅੰਦਰ ਖੜ੍ਹੇ ਪਾਣੀ ਕਾਰਨ ਮੱਛਰ ਵਧ ਗਿਆ ਹੈ ਤੇ ਘਰਾਂ ਦੀਆਂ ਛੱਤਾਂ ’ਤੇ ਰਾਤਾਂ ਗੁਜ਼ਾਰ ਰਹੇ ਲੋਕਾਂ ਦਾ ਜਿਊਣਾ ਦੁੱਭਰ ਹੋ ਗਿਆ ਹੈ।

ਦੂਜੇ ਪਾਸੇ ਬੀਐੱਸਐੱਫ਼ ਅਤੇ ਐੱਨਡੀਆਰਐੱਫ਼ ਦੀ ਟੀਮਾਂ ਨੇ ਅੱਜ ਵੀ ਕਈ ਦਿਨਾਂ ਤੋਂ ਘਰਾਂ ’ਚ ਕੈਦ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ। ਪਿੰਡ ਜੱਲੋ ਕੇ ਦੇ ਰਹਿਣ ਵਾਲੇ ਪਿੱਪਲ ਸਿੰਘ ਦੇ ਪਰਿਵਾਰ ਨੂੰ ਵੀ ਅੱਜ ਘਰ ਤੋਂ ਬਾਹਰ ਲਿਆਂਦਾ ਗਿਆ। ਇਸ ਪਰਿਵਾਰ ’ਚ ਚਾਰ ਸਾਲ ਦੀ ਇੱਕ ਬੱਚੀ ਅਤੇ ਚਾਰ ਮਹੀਨਿਆਂ ਦਾ ਇੱਕ ਬੱਚਾ ਵੀ ਸ਼ਾਮਲ ਸੀ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਰੀਬ ਪੰਜਾਹ ਪਿੰਡਾਂ ’ਚੋਂ ਹੁਣ ਤੱਕ ਸੈਂਕੜੇ ਬਜ਼ੁਰਗਾਂ, ਗਰਭਵਤੀ ਮਹਿਲਾਵਾਂ ਅਤੇ ਛੋਟੇ ਬੱਚਿਆਂ ਨੂੰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਹਲਕਾ ਵਿਧਾਇਕ ਰਣਬੀਰ ਭੁੱਲਰ ਅਤੇ ਡਿਪਟੀ ਕਮਿਸ਼ਨਰ ਨੇ ਬਿਨਾਂ ਕਿਸੇ ਭੇਦਭਾਵ ਤੋਂ ਲੋਕਾਂ ਦੀ ਸੇਵਾ ਕਰ ਰਹੀਆਂ ਧਾਰਮਿਕ ਸੰਸਥਾਵਾਂ ਦਾ ਧੰਨਵਾਦ ਕੀਤਾ ਹੈ।