ਰਾਜ ਸਭਾ ਦੇ ਨੌਂ ਮੈਂਬਰਾਂ ਨੇ ਸਹੁੰ ਚੁੱਕੀ

ਰਾਜ ਸਭਾ ਦੇ ਨੌਂ ਮੈਂਬਰਾਂ ਨੇ ਸਹੁੰ ਚੁੱਕੀ

ਜੈਸ਼ੰਕਰ ਦੂਜੀ ਵਾਰ ਰਾਜ ਸਭਾ ਦੇ ਮੈਂਬਰ ਬਣੇ; ਪੰਜ ਮੈਂਬਰਾਂ ਨੇ ਪਹਿਲੀ ਵਾਰ ਹਲਫ਼ ਲਿਆ
ਨਵੀਂ ਦਿੱਲੀ- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਸਮੇਤ ਨੌਂ ਸੰਸਦ ਮੈਂਬਰਾਂ ਨੇ ਅੱਜ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕ ਲਈ ਹੈ। ਰਾਜ ਸਭਾ ਸਕੱਤਰੇਤ ਵੱਲੋਂ ਜਾਰੀ ਬਿਆਨ ਅਨੁਸਾਰ ਰਾਜ ਸਭਾ ਦੇ ਚੈਂਬਰ ’ਚ ਉਪ ਰਾਸ਼ਟਰਪਤੀ ਤੇ ਰਾਜ ਸਭਾ ਦੇ ਚੇਅਰਮੈਨ ਜਗਦੀਪ ਧਨਖੜ ਨੇ ਮੈਂਬਰਾਂ ਨੂੰ ਸਹੁੰ ਚੁਕਵਾਈ। ਜੈਸ਼ੰਕਰ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ। ਰਾਜ ਸਭਾ ਦੇ ਮੈਂਬਰ ਵਜੋਂ ਇਹ ਉਨ੍ਹਾਂ ਦਾ ਦੂਜਾ ਕਾਰਜਕਾਲ ਹੈ। ਉਹ ਪਹਿਲੀ ਵਾਰ ਸਾਲ 2019 ’ਚ ਚੁਣੇ ਗਏ ਸਨ।

ਜੈਸ਼ੰਕਰ ਤੋਂ ਇਲਾਵਾ ਰਾਜ ਸਭਾ ਦੇ ਮੈਂਬਰ ਵਜੋਂ ਸਹੁੰ ਚੁੱਕਣ ਵਾਲੇ ਭਾਜਪਾ ਦੇ ਮੈਂਬਰਾਂ ’ਚ ਬਾਬੂ ਭਾਈ ਜੇਸਾਂਗਭਾਈ ਦੇਸਾਈ (ਗੁਜਰਾਤ), ਕੇਸਰੀਦੇਵ ਸਿੰਘ ਦਿਗਵਿਜੈ ਸਿੰਘ ਝਾਲਾ (ਗੁਜਰਾਤ) ਅਤੇ ਨਾਗੇਂਦਰ ਰੇਅ (ਪੱਛਮੀ ਬੰਗਾਲ) ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਟੀਐੱਮਸੀ ਦੇ ਪੰਜ ਮੈਂਬਰਾਂ ਡੈਰੇਕ ਓ’ਬ੍ਰਾਇਨ, ਡੋਲਾ ਸੇਨ, ਸੁਖੇਂਦੂ ਸ਼ੇਖਰ ਰੇਅ, ਪ੍ਰਕਾਸ਼ ਚਿਕ ਬਾਰਾਇਕ ਅਤੇ ਸਮੀਰੁਲ ਇਸਲਾਮ ਸ਼ਾਮਲ ਹਨ। ਇਨ੍ਹਾਂ ’ਚੋਂ ਨਾਗੇਂਦਰ ਰੇਅ, ਕਾਸ਼ ਚਿਕ ਬਾਰਾਇਕ, ਸਮੀਰੁਲ ਇਸਲਾਮ, ਕੇਸਰੀਦੇਵ ਸਿੰਘ ਦਿਗਵਿਜੈ ਸਿੰਘ ਝਾਲਾ ਤੇ ਬਾਬੂਭਾਈ ਜੇਸਾਂਗਭਾਈ ਦੇਸਾਈ ਪਹਿਲੀ ਵਾਰ ਰਾਜ ਸਭਾ ਮੈਂਬਰ ਚੁਣੇ ਗਏ ਹਨ। ਰਾਜ ਸਭਾ ਸਕੱਤਰੇਤ ਦੇ ਬਿਆਨ ਅਨੁਸਾਰ ਪੰਜ ਮੈਂਬਰਾਂ ਨੇ ਬੰਗਾਲੀ ਵਿੱਚ, ਤਿੰਨ ਨੇ ਹਿੰਦੀ ਵਿੱਚ ਅਤੇ ਦੋ ਨੇ ਅੰਗਰੇਜ਼ੀ ਵਿੱਚ ਸਹੁੰ ਚੁੱਕੀ। ਇਸ ਮੌਕੇ ਰਾਜ ਸਭਾ ’ਚ ਨੇਤਾ ਤੇ ਵਣਜ ਮੰਤਰੀ ਪਿਊਸ਼ ਗੋਇਲ, ਰਾਜ ਸਭਾ ਦੇ ਜਨਰਲ ਸਕੱਤਰ ਪੀਸੀ ਮੋਦੀ ਤੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ।