ਰੁੱਖ ਤੇ ਬਜ਼ੁਰਗ

ਰੁੱਖ ਤੇ ਬਜ਼ੁਰਗ

ਰਘੁਵੀਰ ਸਿੰਘ ਕਲੋਆ

ਜਸ਼ਨ ਅਤੇ ਉਸ ਦੇ ਦਾਦਾ ਜੀ ਬਾਹਰ ਵਰਾਂਡੇ ’ਚ ਬੈਠ ਅਸਮਾਨ ਵੱਲ ਵੇਖ ਰਹੇ ਸਨ। ਠੰਢੀ ਹਵਾ ਚੱਲ ਰਹੀ ਸੀ ਤੇ ਬੱਦਲ ਤੇਜ਼ੀ ਨਾਲ ਪੱਛੋ ਵੱਲ ਨੂੰ ਜਾ ਰਹੇ ਸਨ। ਕੱਲ੍ਹ ਸਵੇਰ ਦਾ ਲੱਗਿਆ ਮੀਂਹ ਭਾਵੇਂ ਹੁਣ ਰੁਕ ਗਿਆ ਸੀ, ਪਰ ਇਸ ਦੇ ਹਾਲੇ ਹੋਰ ਪੈਣ ਦੇ ਆਸਾਰ ਬਣ ਰਹੇ ਸਨ। ਅਖ਼ਬਾਰ ਵਾਲਾ ਵੀ ਸ਼ਾਇਦ ਮੀਂਹ ਦੇ ਕਾਰਨ ਹੀ ਲੇਟ ਸੀ। ਜਿਉਂ ਹੀ ਉਸ ਨੇ ਗੇਟ ਅੱਗੇ ਆ ਕੇ ਆਪਣੇ ਸਾਈਕਲ ਦੀ ਘੰਟੀ ਵਜਾਈ ਤਾਂ ਜਸ਼ਨ ਗੇਟ ਵੱਲ ਦੌੜਿਆ। ਉਸ ਦੀ ਤੇਜ਼ ਚਾਲ ਵੇਖ ਉਸ ਦੇ ਦਾਦਾ ਜੀ ਨੇ ਤੁਰੰਤ ਹੀ ਉਸ ਨੂੰ ਸਾਵਧਾਨ ਕੀਤਾ,

‘ਜਸ਼ਨ! ਜ਼ਰਾ ਸਹਿਜ ਨਾਲ, ਵਿਹੜਾ ਗਿੱਲਾ ਆ, ਐਵੇਂ ਨਾ ਤਿਲ੍ਹਕ ਕੇ ਸੱਟ ਲਵਾਂ ਲਈ।’

ਇਹ ਸੁਣ ਜਸ਼ਨ ਸਾਵਧਾਨ ਹੁੰਦਿਆਂ ਮਸਾਂ ਹੀ ਤਿਲ੍ਹਕਣ ਤੋਂ ਬਚਿਆ, ਸੰਭਲ ਕੇ ਤੁਰਦਿਆਂ ਉਸ ਨੇ ਮਨੋਮਨੀ ਆਪਣੇ ਦਾਦਾ ਜੀ ਦਾ ਧੰਨਵਾਦ ਕੀਤਾ।

ਅਖ਼ਬਾਰ ਫੜ ਉਹ ਦੁਬਾਰਾ ਦਾਦਾ ਜੀ ਕੋਲ ਆਣ ਬੈਠਾ। ਦੋਵੇਂ ਦਾਦਾ-ਪੋਤਾ ਅਖ਼ਬਾਰ ਦੇ ਪੰਨ੍ਹੇ ਫਰੋਲਣ ਲੱਗੇ। ਮੁੱਖ ਪੰਨਾ ਤਾਂ ਹੜ੍ਹ ਦੀਆਂ ਤਸਵੀਰਾਂ ਨਾਲ ਭਰਿਆ ਪਿਆ ਸੀ। ਸਵੇਰੇ, ਕੁਝ ਚਿਰ ਪਹਿਲਾਂ ਹੀ ਜਸ਼ਨ ਆਪਣੀ ਗਲੀ ਦੇ ਪਾਣੀ ਵਿੱਚ ਕਾਗਜ਼ ਦੀਆਂ ਕਿਸ਼ਤੀਆਂ ਚਲਾ ਕੇ ਹਟਿਆ ਸੀ, ਪਰ ਹੁਣ ਹੜ੍ਹ ਦੀਆਂ ਭਿਆਨਕ ਤਸਵੀਰਾਂ ਵੇਖ ਕੇ ਉਸ ਦਾ ਮਨ ਡਰ ਰਿਹਾ ਸੀ। ਇੰਨੇ ਨੂੰ ਜਸ਼ਨ ਦੇ ਪਾਪਾ ਵੀ ਪਸ਼ੂਆਂ ਨੂੰ ਪੱਠਾ-ਦੱਥਾ ਪਾ ਉਨ੍ਹਾਂ ਕੋਲ ਆਣ ਬੈਠੇ, ਉੱਪਰ ਅਸਮਾਨ ਵੱਲ ਇੱਕ ਨਜ਼ਰ ਭਰ ਉਨ੍ਹਾਂ ਚਿੰਤਾ ਵਿੱਚ ਆਖਿਆ,

‘ਹੁਣ ਤਾਂ ਰੱਬ ਮਿਹਰ ਹੀ ਕਰੇ, ਚਾਰੇ ਪਾਸੇ ਪਾਣੀ-ਪਾਣੀ ਹੋਇਆ ਪਿਆ। ਮੈਂ ਖੇਤਾਂ ’ਚੋਂ ਪੱਠੇ ਵੀ ਮਸਾਂ ਵੱਢ ਕੇ ਲਿਆਇਆਂ।’

‘ਹਾਂ! ਆਪਣਾ ਇਲਾਕਾ ਤਾਂ ਹਾਲੇ ਉੱਚਾ, ਆਹ ਨੀਵੇਂ ਪਾਸੇ ਤਾਂ ਪਾਣੀ ਲੋਕਾਂ ਦੇ ਘਰਾਂ ਵਿੱਚ ਵੀ ਆ ਵੜਿਆ।’ ਜਸ਼ਨ ਦੇ ਦਾਦਾ ਜੀ ਨੇ ਜਸ਼ਨ ਦੇ ਪਾਪਾ ਨੂੰ ਅਖ਼ਬਾਰ ਫੜਾਉਂਦਿਆਂ ਹੁੰਗਾਰਾ ਭਰਿਆ। ਦੋਵੇਂ ਪਿਓ-ਪੁੱਤ ਕਾਫ਼ੀ ਦੇਰ ਹੜ੍ਹਾ ਬਾਰੇ ਹੀ ਗੱਲਾਂ ਕਰਦੇ ਰਹੇ। ਕੋਲ ਬੈਠਾ ਜਸ਼ਨ ਚੁੱਪ-ਚਾਪ ਉਨ੍ਹਾਂ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ ਰਿਹਾ। ਜਦੋਂ ਉਹ ਦੋਵੇਂ ਗੱਲਾਂ ਕਰਨੋ ਹਟੇ ਤਾਂ ਜਸ਼ਨ ਆਪਣੇ ਦਾਦਾ ਜੀ ਨੂੰ ਕਹਿਣ ਲੱਗਾ,

‘ਦਾਦਾ ਜੀ! ਇਹ ਇੰਨਾ ਹੜ੍ਹ ਕਿਵੇਂ ਆ ਜਾਂਦਾ?’

‘ਪੁੱਤ! ਜਦੋਂ ਮੀਂਹ ਬਹੁਤ ਤੇਜ਼ ਅਤੇ ਲਗਾਤਾਰ ਪੈਂਦਾ ਤਾਂ ਜ਼ਮੀਨ ਤਰੋ-ਤਰ ਹੋ ਜਾਂਦੀ ਤੇ ਪਾਣੀ ਇੱਕਠਾ ਹੋ ਨੀਵੀਆਂ ਥਾਵਾਂ ਵੱਲ ਵਧਣ ਲੱਗਦਾ। ਬਸ ਇਸੇ ਤੇਜ਼ ਵਹਾਅ ਨੂੰ ਹੜ੍ਹ ਕਹਿੰਦੇ।’

ਆਪਣੇ ਦਾਦਾ ਜੀ ਤੋਂ ਇਹ ਸੁਣ ਜਸ਼ਨ ਨਾਲ ਹੀ ਪੁੱਛਣ ਲੱਗਾ,

‘ਦਾਦਾ ਜੀ! ਕੀ ਕੋਈ ਇਸ ਹੜ੍ਹ ਨੂੰ ਰੋਕ ਵੀ ਸਕਦਾ?’

ਹੁਣ ਜਸ਼ਨ ਦੇ ਦਾਦਾ ਜੀ ਦੇ ਨਾਲ-ਨਾਲ ਉਸ ਦੇ ਪਾਪਾ ਵੀ ਸੋਚਾਂ ’ਚ ਪੈ ਗਏ। ਕੁਝ ਚਿਰ ਚੁੱਪ ਰਹਿਣ ਪਿੱਛੋਂ ਜਸ਼ਨ ਦੇ ਦਾਦਾ ਜੀ ਨੇ ਉੱਤਰ ਦਿੱਤਾ,

‘ਹਾਂ ਜਸ਼ਨ! ਹੜ੍ਹਾਂ ਨੂੰ ਰੁੱਖ ਰੋਕ ਸਕਦੇ ਹਨ।’

‘ਉਹ ਕਿਵੇਂ?’ ਨਾਲ ਹੀ ਜਸ਼ਨ ਨੇ ਅਗਲਾ ਪ੍ਰਸ਼ਨ ਪੁੱਛਿਆ ਤਾਂ ਉਸ ਦੇ ਦਾਦਾ ਜੀ ਨੇ ਉਸ ਨੂੰ ਬੜੇ ਠਰ੍ਹੰਮੇ ਨਾਲ ਸਮਝਾਇਆ,

‘ਮੀਂਹ ਦੇ ਪਾਣੀ ਨੂੰ ਸਹਿਜ ਦੀ ਜਾਂਚ ਸਿਖਾ ਕੇ।’

ਇਹ ਸੁਣ ਜਸ਼ਨ ਆਪਣੇ ਦਾਦਾ ਜੀ ਦੇ ਮੂੰਹ ਵੱਲ ਝਾਕਣ ਲੱਗਾ। ਆਪਣੇ ਪੋਤੇ ਦੀ ਉਤਸੁਕਤਾ ਨੂੰ ਜਾਣ ਜਸ਼ਨ ਦੇ ਦਾਦਾ ਜੀ ਨੇ ਗੱਲ ਟਿਕਾਣੇ ’ਤੇ ਲਿਆਂਦੀ, ‘ਪੁੱਤ ਜਸ਼ਨ! ਰੁੱਖ ਮੀਂਹ ਦੇ ਪਾਣੀ ਨੂੰ ਆਪਣੇ ਪੱਤਿਆਂ ਰਾਹੀਂ ਰੋਕ ਕੇ ਉਨ੍ਹਾਂ ਦੀ ਚਾਲ ਘਟਾ ਦਿੰਦੇ ਨੇ ਤੇ ਇਨ੍ਹਾਂ ਦੀਆਂ ਜੜ੍ਹਾਂ ਮਿੱਟੀ ਨੂੰ ਖੁਰਨ ਨਹੀਂ ਦਿੰਦੀਆਂ, ਰੁੱਖਾਂ ਤੋਂ ਹੋ ਕੇ ਆਉਣ ਵਾਲਾ ਪਾਣੀ ਸਹਿਜ ਦੀ ਜਾਚ ਸਿੱਖ ਹੌਲੀ-ਹੌਲੀ ਵਗਦਾ ਤੇ ਇਕਦਮ ਹੜ੍ਹ ਆਉਣ ਤੋਂ ਬਚਾਅ ਹੋ ਜਾਂਦਾ ਹੈ, ਸਮਝਿਆ।’

ਆਪਣੇ ਦਾਦਾ ਜੀ ਤੋਂ ਇਹ ਸਭ ਸੁਣ ਜਸ਼ਨ ਨੂੰ ਆਪਣੇ ਸਕੂਲ ਵਿੱਚ ਪੜ੍ਹਾਏ ਜਾਂਦੇ ਰੁੱਖਾਂ ਦੀ ਮਹੱਤਤਾ ਬਾਰੇ ਪਾਠ ਅਤੇ ਕਵਿਤਾਵਾਂ ਯਾਦ ਆਉਣ ਲੱਗੀਆਂ। ‘ਇੱਕ ਰੁੱਖ, ਸੌ ਸੁੱਖ’ ਉਸ ਨੇ ਕਿੰਨੀ ਵਾਰ ਪੜ੍ਹਿਆ-ਸੁਣਿਆ ਸੀ, ਪਰ ਇਹ ਕਥਨ ਅੱਜ ਉਸ ਨੂੰ ਸੱਚ ਜਾਪ ਰਿਹਾ ਸੀ। ਹੁਣ ਉਹ ਵਿਹੜੇ ਵਿੱਚ ਲੱਗੇ ਨਿੰਮ ਦੇ ਰੁੱਖ ਵੱਲ ਵੇਖਣ ਲੱਗਾ। ਸਵੇਰ ਦੇ ਪਏ ਮੀਂਹ ਦੀ ਕੋਈ-ਕੋਈ ਬੂੰਦ ਹਾਲੇ ਵੀ ਉਸ ਉੱਪਰੋਂ ਟਪਕ ਰਹੀ ਸੀ।

ਉਸ ਨੂੰ ਨਿੰਮ ਦਾ ਇਹ ਰੁੱਖ ਵੀ ਆਪਣੇ ਦਾਦਾ ਜੀ ਵਾਂਗ ਕੋਈ ਸਿਆਣਾ ਬਜ਼ੁਰਗ ਜਾਪਣ ਲੱਗਾ। ਜਿਵੇਂ ਉਸ ਦੇ ਦਾਦਾ ਜੀ ਨੇ ਥੋੜ੍ਹੀ ਦੇਰ ਪਹਿਲਾਂ, ਉਸ ਦੇ ਕਾਹਲੇ ਕਦਮਾਂ ਨੂੰ ਰੋਕ ਉਸ ਨੂੰ ਸੱਟ ਲੱਗਣ ਤੋਂ ਬਚਾਅ ਲਿਆ ਸੀ ਉਵੇਂ ਹੀ ਇਸ ਰੁੱਖ ਨੇ ਵੀ ਕਿੰਨੀਆਂ ਹੀ ਕਣੀਆਂ ਨੂੰ ਹੜ੍ਹ ਦਾ ਹਿੱਸਾ ਬਣਨ ਤੋਂ ਰੋਕ ਲਿਆ ਸੀ।