ਨਹਿਰੂ ਯਾਦਗਾਰੀ ਅਜਾਇਬਘਰ ਤੇ ਲਾਇਬ੍ਰੇਰੀ ਦਾ ਨਾਮ ਬਦਲਣਾ ਮੰਦਭਾਗਾ: ਗਹਿਲੋਤ

ਨਹਿਰੂ ਯਾਦਗਾਰੀ ਅਜਾਇਬਘਰ ਤੇ ਲਾਇਬ੍ਰੇਰੀ ਦਾ ਨਾਮ ਬਦਲਣਾ ਮੰਦਭਾਗਾ: ਗਹਿਲੋਤ

‘ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੇ ਰੱਖੀ ਸੀ ਮਜ਼ਬੂਤ ਭਾਰਤ ਦੀ ਨੀਂਹ’
ਜੈਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕੇਂਦਰ ਵੱਲੋਂ ਨਵੀਂ ਦਿੱਲੀ ਸਥਿਤ ਨਹਿਰੂ ਯਾਦਗਾਰੀ ਅਜਾਇਬਘਰ ਤੇ ਲਾਇਬ੍ਰੇਰੀ (ਐੱਨਐੱਮਐੱਮਐੱਲ) ਦਾ ਨਾਮ ਬਦਲ ਕੇ ਪ੍ਰਧਾਨ ਮੰਤਰੀ ਅਜਾਇਬਘਰ ਅਤੇ ਲਾਇਬ੍ਰੇਰੀ (ਪੀਐੱਮਐੱਮਐੱਲ) ਸੁਸਾਇਟੀ ਰੱਖੇ ਜਾਣ ਦੀ ਨਿਖੇਧੀ ਕੀਤੀ ਅਤੇ ਸਰਕਾਰ ’ਤੇ ਕਥਿਤ ਦੋਸ਼ ਲਾਇਆ ਕਿ ਉਹ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਦੀਆਂ ਪ੍ਰਾਪਤੀਆਂ ਨੂੰ ਖੋਖਲਾ ਕਰ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਉਕਤ ਸਥਾਨ ਦਾ ਨਾਮ ਪ੍ਰਧਾਨ ਮੰਤਰੀ ਅਜਾਇਬਘਰ ਅਤੇ ਲਾਇਬ੍ਰੇਰੀ ਰੱਖ ਕੇ ਕੀ ਹਾਸਲ ਕਰਨਾ ਚਾਹੁੰਦੀ ਹੈ।

ਗਹਿਲੋਤ ਨੇ ‘ਐਕਸ’ ਖਾਤੇ ’ਤੇ ਪੋਸਟ ’ਚ ਕਿਹਾ, ‘‘ਕੇਂਦਰ ਦੀ ਐੱਨਡੀਏ ਸਰਕਾਰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀਆਂ ਵੱਲੋਂ ਕੰਮਾਂ ਗਏ ਕੰਮਾਂ ਦਾ ਨਾਮ ਬਦਲਣ ਲਈ ਕਿਸ ਹੱਦ ਤੱਕ ਜਾਵੇਗੀ, ਇਹ ਸਮਝ ਤੋਂ ਬਾਹਰ ਹੈ। ਇਹ ਮੰਦਭਾਗੀ ਸਥਿਤੀ ਹੈ।’’ ਰਾਜਸਥਾਨ ਦੇ ਮੁੱਖ ਮੰਤਰੀ ਗਹਿਲੋਤ ਨੇ ਸਾਬਕਾ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਕਿਸੇ ਵੀ ਪ੍ਰਧਾਨ ਮੰਤਰੀ ਨੂੰ ਮਾਣ ਹੋਣਾ ਚਾਹੀਦਾ ਹੈ ਕਿ ਇਸ ਦੇਸ਼ ਨੂੰ ਪੰਡਿਤ ਜਵਾਹਰ ਲਾਲ ਨਹਿਰੂ ਵਰਗੇ ਪਹਿਲੇ ਪ੍ਰਧਾਨ ਮੰਤਰੀ ਮਿਲੇ ਜਿਨ੍ਹਾਂ ਨੇ ਆਪਣੇ 17 ਸਾਲਾਂ ਦੇ ਕਾਰਜਕਾਲ ਦੌਰਾਨ ਮਜ਼ਬੂਤ ਭਾਰਤ ਦੀ ਨੀਂਹ ਰੱਖੀ ਅਤੇ ਆਈਆਈਟੀ, ਆਈਆਈਐੱਮ, ਬੀਏਆਰਸੀ, ਬੀਐੱਸਚਈਐੱਲ, ਯੋਜਨਾ ਕਮਿਸ਼ਨ, ਭਾਖੜਾ ਨੰਗਲ ਡੈਮ, ਨਾਗਅਰਜੁਨ ਸਾਗਰ ਡੈਮ ਅਤੇ ਕਈ ਹੋਰ ਪ੍ਰਾਜੈਕਟਾਂ ਤੋਂ ਇਲਾਵਾ ਕਈ ਮੋਹਰੀ ਸੰਸਥਾਵਾਂ ਦਿੱਤੀਆਂ ਜਿਨ੍ਹਾਂ ਦੀ ਭਾਰਤ ਦੇ ਵਿਕਾਸ ’ਚ ਅਹਿਮ ਭੂਮਿਕਾ ਹੈ। ਉਨ੍ਹਾਂ ਆਖਿਆ ਕਿ ਗੁੱਟ ਨਿਰਲੇਪ ਅੰਦੋਲਨ (ਐੱਨਏਐੱਮ) ਅਤੇ ਪੰਚਸ਼ੀਲ ਵਿੰਚ ਕੌਮਾਂਤਰੀ ਭਾਈਚਾਰੇ ਦਾ ਸਿਧਾਂਤ ਪੰਡਿਤ ਨਹਿਰੂ ਦੀ ਦੇਣ ਹਨ।